ਕਿਰਤੀ ਕਿਸਾਨ ਅੰਦੋਲਨ – ਲੜਾਈ ਇਸ ਸਮੇਂ ਆਨ, ਬਾਨ ਤੇ ਸ਼ਾਨ ਨੂੰ ਬਚਾਉਣ ਦੀ ਹੈ

(ਸਮਾਜ ਵੀਕਲੀ)

ਬੁੱਧੀਜੀਵੀ, ਕਲਾਕਾਰ ਤੇ ਖਿਡਾਰੀ ਕਿਸੇ ਜਿਊਂਦੀ ਕੌਮ ਦਾ ਅਨਮੋਲ ਸਰਮਾਇਆ ਹੁੰਦੇ ਹਨ । ਇਹ ਉਹ ਵਰਗ ਹੈ, ਜੋ ਜੇਕਰ ਸਹੀ ਦਿਸ਼ਾ ਵੱਲ ਤੁਰ ਪਵੇ ਤਾਂ ਫੇਰ ਲੋਕਾਂ ਨੂੰ ਸਹੀ ਸਮੇਂ ‘ਤੇ ਸਹੀ ਰਾਹਨੁਮਾਈ ਦੇ ਕੇ ਮੁਸ਼ਕਲਾਂ ਚੋੰ ਬਾਹਰ ਕੱਢ ਸਕਣ ਦੀ ਸਮਰੱਥਾ ਰੱਖਦਾ ਹੈ । ਇਹ ਵਰਗ ਲੋਕ ਰਾਇ ਨੂੰ ਲਾਮਬੰਦ ਕਰ ਸਕਦਾ ਹੈ, ਕਿਸੇ ਸੰਘਰਸ਼ ਵਿੱਚ ਨਵੀਂ ਰੂਹ ਫੂਕ ਸਕਦਾ ਹੈ, ਨਵੀਂਆਂ ਕਰਾਂਤੀਆਂ ਦੀ ਮਿਸ਼ਾਲ ਬਣ ਸਕਦਾ ਹੈ, ਨੌਜਵਾਨਾ ਨੂੰ ਸੱਭਿਆਚਾਰ ਤੇ ਵਿਰਸੇ ਨਾਲ ਜੋੜ ਸਕਦਾ ਹੈ, ਸੱਚੀਆਂ ਸੁੱਚੀਆਂ ਕਦਰਾਂ ਕੀਮਤਾਂ ਦਾ ਪੀੜ੍ਹੀ ਦਰ ਪੀੜ੍ਹੀ ਸੰਚਾਰ ਕਰ ਸਕਦਾ ਹੈ ਤੇ ਰੂੜ ਹੋ ਚੁਕੀਆਂ ਕਦਰਾਂ ਕੀਮਤੀ ਨੂੰ ਨਕਾਰ ਕੇ ਨਵੀਂਆਂ ਲੀਹਾਂ ਵੀ ਪਾ ਸਕਣ ਦੀ ਅਪਾਰ ਸਮਰੱਥਾ ਰੱਖਦਾ ਹੈ ।

ਕਿਰਤੀ ਕਿਸਾਨ ਅੰਦੋਲਨ ਚ ਉਕਤ ਸਭਨਾ ਦੀ ਸ਼ਮੂਲੀਅਤ ਨੇ ਉਕਤ ਸਾਰਾ ਕੁੱਜ ਸਾਬਤ ਕਰਕੇ ਦਿਖਾ ਦਿੱਤਾ ਹੈ । ਆਪਣੇ ਜਾਇਜ਼ ਹੱਕਾਂ ਵਾਸਤੇ ਪੰਜਾਬ ਤੋਂ ਸ਼ੁਰੂ ਹੋਇਆ ਸੰਘਰਸ਼ ਅੱਜ ਬੇਸ਼ੱਕ ਪਿਛਲੇ ਦੋ ਕੁ ਮਹੀਨੇ ਤੋਂ ਦਿੱਲੀ ਨੂੰ ਚੌਪਾਸਿਓਂ ਘੇਰਾ ਪਾਈ ਬੈਠਾ ਹੈ ਤੇ ਆਪ ਕੜਾਕੇ ਦੀ ਠੰਢ ਝਲਕੇ, ਆਏ ਦਿਨ ਕੀਮਤੀ ਜਾਨਾਂ ਦਾ ਹਰਜਾ ਕਰਕੇ, ਨਿੱਘੇ ਕਮਰਿਆਂ ਵਿੱਚ ਕੁੰਭ ਕਰਨੀ ਨੀਂਦਰ ਸੌਣ ਵਾਲੇ ਹਾਕਮਾਂ ਦੀ ਨੀਂਦ ਹਰਾਮ ਕਰਨ ਵਿੱਚ ਸਫਲ ਹੋ ਰਿਹਾ ਹੈ । ਇਸ ਦੇ ਨਾਲ ਹੀ ਕੌੜਾ ਸੱਚ ਇਹ ਵੀ ਹੈ ਕਿ ਇਸ ਅੰਦੋਲਨ ਭਾਰਤ ਸਰਕਾਰ ਦੀ ਪੂਰੀ ਦੁਨੀਆ ਨਿਚ ਮਿੱਟੀ ਪੁਲੀਤ ਕਰਕੇ ਰੱਖ ਦਿੱਤੀ ਹੈ ਤੇ ਰਹਿੰਦੀ ਖੂੰਹਦੀ ਕਸਰ 26 ਜਨਵਰੀ ਵਾਲੇ ਦਿਨ ਕਿਸਾਨਾੰ ਦੀ ਟਰੈਕਟਰ ਦੁਆਰਾ ਕੀਤੀ ਜਾਣ ਵਾਲੀ ਪਰੇਡ ਨਾਲ ਨਿਕਲ ਜਾਵੇਗੀ ।

ਇਹ ਕਿਰਤੀ ਕਿਸਾਨ ਅੰਦੋਲਨ ਅਸਲ ਵਿੱਚ ਹੋਸ਼ ਤੇ ਜੋਸ਼ ਦਾ ਸੁਮੇਲ ਹੈ । ਸਿਆਣੇ ਆਗੂ ਆਪਣੇ ਜੀਵਨ ਤਜਰਬੇ ਨਾਲ ਸੰਘਰਸ਼ ਦੀ ਬਹੁਤ ਹੀ ਸਫਲ ਅਗਵਾਈ ਕਰ ਰਹੇ ਹਨ ਜਦ ਕਿ ਨੌਜਵਾਨ ਵਰਗ, ਸਿਆਣੇ ਆਗੂਆਂ ਦੀ ਅਗਵਾਈ ਹੇਠ ਸੰਘਰਸ਼ ਨੂੰ ਤਿੱਖਾ ਕਰਨ ਚ ਅਹਿਮ ਭੂਮਿਕਾ ਨਿਭਾ ਰਹੇ ਹਨ।

ਕਿਰਤੀ ਕਿਸਾਨਾਂ ਨੇ ਪੂਰੇ ਵਿਸ਼ਵ ਨੂੰ ਦੱਸ ਦਿੱਤਾ ਹੈ ਕਿ ਸੰਘਰਸ਼ ਕਰਨ ਵਾਸਤੇ ਤੋੜ ਫੋੜ ਜਾਂ ਹਿੰਸਾ ਕਰਨੀ ਜ਼ਰੂਰੀ ਨਹੀਂ ਹੁੰਦੀ ਸਗੋਂ ਆਪਣੇ ਹੱਕਾਂ ਦੀ ਪ੍ਰਾਪਤੀ ਵਾਸਤੇ ਸ਼ਾਂਤਮਈ ਰਹਿ ਕੇ ਤੇ ਸਬਰ ਦਾ ਪੱਲਾ ਫੜਕੇ ਵੀ ਵਿਰੋਧ ਦਰਜ ਕਰਾਇਆਂ ਜਾ ਸਕਦਾ ਹੈ ।

ਆਮ ਤੌਰ ‘ਤੇ ਸੰਘਰਸ਼ ਪਰਿਵਾਰਕ ਨਹੀ ਹੁੰਦੇ, ਪਰ ਇਹ ਸੰਘਰਸ਼ ਪਰਿਵਾਰਕ ਹੋ ਨਿਬੜਿਆ ਹੈ । ਇਸ ਵਿਚ ਬੱਚੇ, ਬਜ਼ੁਰਗ, ਨੌਜਵਾਨ, ਬੀਬੀਆਂ, ਭੈਣਾਂ ਤੇ ਮਾਵਾਂ ਸਮੇਤ ਕਿਰਤੀ ਤੇ ਮੁਲਾਜਮ ਵਰਗ ਵਰਗ ਆਦਿ ਸਭ ਇਕੱਠੇ ਸ਼ਾਮਿਲ ਹਨ । ਦਿੱਲੀ ਦੇ ਆਸ-ਪਾਸ ਕਿਸਾਨਾਂ ਦੇ ਧਰਨੇ ਨੂੰ ਦੇਖ ਕੇ ਇੰਜ ਲਗਦਾ ਹੈ ਜਿਵੇਂ ਇਹ ਧਰਨੇ ਨਹੀਂ ਸਗੋਂ ਉਹ ਪਿੰਡ ਹੋਣ ਜਿਹਨਾਂ ਚ ਬੇਗਮ ਪੁਰਾ ਵਸਦਾ ਹੋਵੇ । ਸਭ ਲੋਕ ਧਰਮਾਂ ਤੇ ਫ਼ਿਰਕਿਆਂ ਦਾ ਭਿੰਨ ਭੇਦ ਮਿਟਾ ਕੇ ਇਕੱਠੇ ਬੈਠੇ ਹਨ । ਸਿਆਸੀ ਬਾਂਦਰਾਂ ਦੀ ਇੱਥੇ ਪੁੱਛ ਪ੍ਰਤੀਤ ਹੀ ਕੋਈ ਨਹੀਂ । ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਜਾ ਰਹੀ ਹੈ, ਉਹਨਾਂ ਨੂੰ ਸਿਆਸੀ ਰੋਟੀਆਂ ਸੇਕਣ ਦਾ ਮੌਕਾ ਨਹੀਂ ਮਿਲ ਰਿਹਾ, ਪਰ ਫਿਰ ਵੀ ਸਿਆਸੀ ਪੈਰ ਬੰਨ੍ਹਣ ਵਾਸਤੇ ਹੱਥ ਪੈਰ ਮਾਰਦੇ ਤੇ ਤਰਲੋ ਮੱਛੀ ਹੁੰਦੇ ਨਜ਼ਰ ਆ ਰਹੇ ਹਨ ।

ਇਹ ਪਹਿਲਾ ਮੌਕਾ ਹੈ ਕਿ ਪੰਜਾਬ ਦੇ ਕਲਾਕਾਰ ਤੇ ਬੁੱਧੀਜੀਵੀ ਇਕ ਪਲੇਟਫ਼ਾਰਮ ਤੇ ਇਕੱਠੇ ਨਜ਼ਰ ਆ ਰਹੇ ਹਨ ਤੇ ਉਹਨਾਂ ਦੀ ਪ੍ਰੇਰਨਾ ਸਦਕਾ ਮੁਲਕ ਦੇ ਦੂਜੇ ਰਾਜਾਂ (ਯੂ ਪੀ, ਬਿਹਾਰ, ਹਰਿਆਣਾ, ਹਿਮਾਚਲ, ਉਤਰਾ ਖੰਡ, ਗੁਜਰਾਤ, ਦਿੱਲੀ ਤੇ ਕਰੇਲਾ ਆਦਿ) ਵਿੱਚ ਵੀ ਨਵੀਂ ਸੋਚ ਦਾ ਚਾਨਣ ਪੈਦਾ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਆਸ ਬੱਝਦੀ ਹੈ ਕਿ ਕਾਲੇ ਖੇਤੀ ਕਾਨੂੰਨਾਂ ਕਾਰਨ ਕਿਰਤੀ ਕਿਸਾਨਾਂ ਦੀ

ਮੰਝਧਾਰ ਵਿੱਚ ਫਸੀ ਬੇੜੀ ਹੁਣ ਪਾਰ ਬੰਨੇ ਲੱਗ ਜਾਵੇਗੀ । ਪੰਜਾਬ ਦੇ ਕਲਾਕਾਰਾਂ ਨੇ ਸਹੀ ਸਮੇਂ ਸਹੀ ਹੋਕਾ ਦੇ ਕੇ ਬਹੁਤ ਵੱਡਾ ਕਾਰਜ ਕੀਤਾ ਹੈ ਜਿਸ ਵਾਸਤੇ ਪੰਜਾਬ ਦੇ ਲੋਕ ਉਹਨਾ ਨੂੰ ਹਮੇਸ਼ਾ ਸਾਦ ਰੱਖਣਗੇ ਤੇ ਇਤਿਹਾਸ ਵਿੱਚ ਉਹਨਾ ਦਾ ਨਾਮ ਸੁਨਹਿਰੀ ਅੱਖਰਾਂ ਚ ਦਰਜ ਹੋਵੇਗਾ।

ਕਹਿ ਲੈਣਾ ਸੌਖਾ ਹੁੰਦਾ ਹੈ, ਅਸਲ ਪਰ ਬੰਦਾ ਉਹ ਹੁੰਦਾ ਹੈ ਜੋ ਆਪਣੇ ਬੋਲ ਪੁਗਾਵੇ, ਬੋਲਾਂ ‘ਤੇ ਖਰਾ ਉੱਤਰੇ, ਕਹਿਣੀ ਤੇ ਕਰਨੀ ਦਾ ਸੁਮੇਲ ਕਰਕੇ ਦਿਖਾਵੇ । ਫੋਕੀਆ ਬੜ੍ਹਕਾਂ ਮਾਰਨੀਆਂ ਤੇ ਹਵਾ ਚ ਤਲਵਾਰਾਂ ਮਾਰਨੀਆਂ ਦੋਵੇਂ ਇੱਕੋ ਜਿਹੇ ਕਾਰਜ ਹੁੰਦੇ ਹਨ, ਜਿਹਨਾਂ ਦਾ ਕੋਈ ਮਕਸਦ ਨਹੀ ਹੁੰਦਾ । ਕਿਰਤੀਆਂ ਤੇ ਕਿਸਾਨਾ ਨੇ ਜਿਥੇ ਕਹਿਣੀ ਤੇ ਕਰਨੀ ਦੇ ਸੁਮੇਲ ਦੀ ਇਕ ਬਹੁਤ ਵਧੀਆ ਉਦਾਹਰਣ ਪੇਸ਼ ਕੀਤੀ ਹੈ ਉਥੇ ਇਸ ਦੇ ਨਾਲ ਹੀ ਪੰਜਾਬ ਦੇ ਵਿਰਸੇ ਦਾ ਮਾਣ ਵੀ ਪੂਰੇ ਸੰਸਾਰ ਵਿਚ ਵਧਾਇਆ ਹੈ ।

ਬਿਲਕੁਲ ਨਵਾਂ ਤੇ ਨਰੌਆ ਇਤਿਹਾਸ ਸਿਰਜਣ ਵਾਲਾ ਇਸ ਤਰਾਂ ਦਾ ਸੰਘਰਸ਼ ਸਦੀਆਂ ਬਾਅਦ ਪੈਦਾ ਹੁੰਦਾ ਹੈ, ਜਿਸ ਨਾਲ ਲੋਕ ਰੋਹ ਤੇ ਸ਼ਕਤੀ ਅੱਗੇ ਜਾਲਮ ਤੇ ਨਿਰਦਈ ਸਲਤਨਤਾਂ ਚਕਨਾ ਚੂਰ ਹੋ ਜਾਂਦੀਆ ਹਨ, ਸਮਾਜ ਵਿਚ ਫੈਲੇ ਗੰਦ ਮੰਦ ਦੀ ਸਫਾਈ ਹੋ ਜਾਂਦੀ ਹੈ ਤੇ ਸਮਾਜ ਵਿਚ ਮੁੜ ਤੋਂ ਨਵਾਂ ਤੇ ਸਾਫ ਸੁਫਰਾ ਵਾਤਾਵਰਨ ਤਿਆਰ ਹੋ ਜਾਂਦਾ ਹੈ । ਇਸ ਵੇਲੇ ਕਿਰਤੀ ਕਿਸਾਨ ਅੰਦੋਲਨ ਕਾਰਨ ਭਾਰਤ ਵਿਚ ਕੁਜ ਇਸੇ ਤਰਾਂ ਦੇ ਹਾਲਾਤ ਹੀ ਅੰਗੜਾਈਆਂ ਲੈ ਰਹੇ ਹਨ ।

ਜਿਸ ਤਰਾਂ ਮੈ ਪਹਿਲਾਂ ਵੀ ਸਮੇ ਸਮੇ ਸੁਚੇਤ ਕਰਦਾ ਰਿਹਾ ਹਾਂ ਕਿ ਸ਼ੰਘਰਸ਼ ਦਾ ਇਹ ਇਕ ਬਹੁਤ ਹੀ ਨਾਜੁਕ ਪੜਾਅ ਹੈ । ਇਸ ਵੇਲੇ ਹਰ ਕਦਮ ਫੂਕ ਫੂਕ ਕੇ ਪੁਟਣਾ ਹੋਵੇਗਾ, ਸਰਕਾਰ ਫੁੱਟ ਪਾ ਕੇ ਸੰਘਰਸ਼ ਨੂੰ ਫੇਹਲ ਕਰਨ ਦੀ ਪੂਰੀ ਕੋਸ਼ਿਸ਼ ਕਰੇਗੀ, ਇਸ ਕਰਕੇ ਆਪਸ ਵਿਚ ਏਕਾ ਤੇ ਮੇਲਜੋਲ/ ਤਾਲਮੇਲ ਬਰਕਰਾਰ ਰੱਖਣਾ ਪਹਿਲੀ ਗੱਲ ਹੋਵੇਗੀ ਤੇ ਇਸ ਦੇ ਨਾਲ ਹੀ ਸ਼ਰਾਰਤੀ ਅਨਸਰਾਂ ਤੇ ਕਾਲੀਆਂ ਭੇਡਾਂ ‘ਤੇ ਕਰੜੀ ਨਜਰ ਰੱਖਣੀ ਵੀ ਬਹੁਤ ਜਰੂਰੀ ਹੋਵੇਗੀ । ਕਿਸਾਨ ਨੇਤਾਵਾ ਨੂੰ ਇਹ ਮੋਰਚਾ ਫਤਿਹ ਕਰਨ ਵਾਸਤੇ ਇਕ ਦੂਸਰੇ ਦੀ ਬਾਂਹ ਫੜਕੇ ਪੂਰੇ ਭਰੋਸੇ ਤੇ ਉਤਸ਼ਾਹ ਨਾਲ ਅੱਗੇ ਵਧਣਾ ਹੋਵੇਗਾ । ਜੇਕਰ ਅਜਿਹਾ ਹੋ ਜਾਂਦਾ ਹੈ ਤਾਂ ਜਿੱਤ ਪੱਕੀ ਹੈ । ਬਸ ਇਕ ਗੱਲ ਹਮੇਸ਼ਾ ਹੀ ਯਾਦ ਰੱਖਣੀ ਪਵੇਗੀ ਕਿ ਲੜਾਈ ਇਸ ਵੇਲੇ ਆਨ, ਬਾਨ ਤੇ ਸ਼ਾਨ ਦੀ ਹੈ, ਅਣਖ ਤੇ ਇੱਜਤ ਨੂੰ ਵੰਗਾਰ ਹੈ, ਸੋ ਸਮੂਹ ਵਿਚਾਰਧਾਰਕ ਵਖਰੇਵੇਂ ਇਕ ਪਾਸੇ ਰੱਖਕੇ ਇਕ ਦੂਜੇ ਨਾਲ ਮੋਢੇ ਨਾਲ ਮੋਢਾ ਡਾਹ ਕੇ ਖੜ੍ਹੇ ਹੋਣ ਜਰੂਰਤ ਹੈ ।

ਪ੍ਰੋ: ਸ਼ਿੰਗਾਰਾ ਸਿੰਘ ਢਿਲੋੰ (ਯੂ ਕੇ)
21/01/2021

ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ

 

ਤੁਹਾਡੇ ਸਭਨਾ ਵੱਲੋਂ ਮੇਰੀ ਨਵੀਂ ਪੁਸਤਕ ਨੂੰ ਮਿਲੇ ਭਰਪੂਰ ਹੁੰਗਾਰੇ ਅਤੇ ਉਸ ਦੀ ਮੰਗ ਨੂੰ ਮੁੱਖ ਰੱਖਦਿਆਂ ਹੁਣ ਇਹ ਪੁਸਤਕ “ਤਾਰੀਖ਼ ਬੋਲਦੀ ਹੈ – ਗਾਥਾ ਕਰਤਾਰ ਪੁਰ ਲਾਂਘੇ ਦੀ “ Amazon ‘ਤੇ ਆਨਲਾਈਨ ਡਿਸਕਾਊਂਟਿਡ ਪ੍ਰਾਈਸ ‘ਤੇ ਆਰਡਰ ਕਰਕੇ ਪ੍ਰਾਪਤ ਕਰ ਸਕਦੇ ਹੋ । ਧੰਨਵਾਦ
https://www.facebook.com/100001735591857/posts/3773109909423492/?d=n

Previous articleਟਰੈਕਟਰ ਰੈਲੀ: ਸੁਪਰੀਮ ਕੋਰਟ ਵੱਲੋਂ ਦਖ਼ਲ ਦੇਣ ਤੋਂ ਨਾਂਹ
Next articleDravid made India’s young players mentally tough: Inzamam-ul-Haq