ਸਰਕਾਰ ਨੇ ਮੱਠੀ ਰਫ਼ਤਾਰ ਨਾਲ ਚੱਲ ਰਹੇ ਹਾਊਸਿੰਗ ਸੈਕਟਰ ਨੂੰ ਹੁਲਾਰਾ ਦਿੰਦਿਆਂ ਦੂਜਾ ਘਰ ਖਰੀਦਣ ਦੇ ਚਾਹਵਾਨਾਂ ਲਈ ਬਜਟ ਵਿੱਚ ਕਈ ਤਜਵੀਜ਼ਾਂ ਰੱਖਦਿਆਂ ਉਨ੍ਹਾਂ ਨੂੰ ਟੈਕਸ ਵਿੱਚ ਛੋਟ ਦੇਣ ਦਾ ਐਲਾਨ ਕੀਤਾ ਹੈ। ਇਹੀ ਨਹੀਂ ਸਰਕਾਰ ਨੇ ਕਿਫ਼ਾਇਤੀ ਦਰਾਂ ’ਤੇ ਘਰ ਬਣਾ ਕੇ ਦੇਣ ਵਾਲੀਆਂ ਰਿਐਲਿਟੀ ਫ਼ਰਮਾਂ ਨੂੰ ਮਿਲਦੀ ਟੈਕਸ ਛੋਟ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਸਰਕਾਰ ਵੱਲੋਂ ਅਣਵਿਕੇ ਮਕਾਨਾਂ ’ਤੇ ਲਗਦੇ ਅਨੁਮਾਨਿਤ ਕਿਰਾਏ ’ਤੇ ਵੀ ਟੈਕਸ ਨਹੀਂ ਵਸੂਲਿਆ ਜਾਵੇਗਾ। ਸਾਲ 2019-20 ਲਈ ਅੰਤਰਿਮ ਬਜਟ ਪੇਸ਼ ਕਰਦਿਆਂ ਵਿੱਤ ਮੰਤਰੀ ਪਿਯੂਸ਼ ਗੋਇਲ ਨੇ ਇਕੱਲੇ-ਕਾਰੇ ਟੈਕਸ ਭਰਨ ਵਾਲਿਆਂ ਨੂੰ ਹੱਲਾਸ਼ੇਰੀ ਦਿੰਦਿਆਂ ਉਨ੍ਹਾਂ ਲਈ ਕਈ ਤਜਵੀਜ਼ਾਂ ਰੱਖੀਆਂ ਹਨ, ਜਿਸ ਦਾ ਰੀਅਲ ਅਸਟੇਟ ਸੈਕਟਰ ’ਤੇ ਸਾਕਾਰਾਤਮਕ ਅਸਰ ਪਏਗਾ। ਸਰਕਾਰ ਨੇ ਐਲਾਨ ਕੀਤਾ ਹੈ ਕਿ ਜੇਕਰ ਕੋਈ ਵਿਅਕਤੀ ਦੋ ਕਰੋੜ ਰੁਪਏ ਦੀ ਰਾਸ਼ੀ ਤਕ ਦੋ ਮਕਾਨ ਵੇਚ ਕੇ ਨਵਾਂ ਮਕਾਨ ਖਰੀਦਦਾ ਹੈ ਤਾਂ ਉਸ ਨੂੰ ਟੈਕਸ ਵਿੱਚ ਛੋਟ ਮਿਲੇਗੀ। ਸਰਕਾਰ ਨੇ ਦੂਜੇ ਮਕਾਨ, ਜਿਸ ਵਿੱਚ ਉਹ ਵਿਅਕਤੀ ਖ਼ੁਦ ਰਹਿੰਦਾ ਹੈ, ਨੂੰ ਅਨੁਮਾਨਿਤ ਰੈਂਟ ਤੋਂ ਵੀ ਛੋਟ ਦੇ ਦਿੱਤੀ ਹੈ। ਕਿਰਾਏ ’ਤੇ ਲਗਦੇ ਟੈਕਸ ਵਿੱਚ ਕਟੌਤੀ ਕਰਦਿਆਂ ਇਸ ਨੂੰ 1.80 ਲੱਖ ਤੋਂ ਵਧਾ ਕੇ 2.40 ਲੱਖ ਕਰ ਦਿੱਤਾ ਗਿਆ ਹੈ।
INDIA ਕਿਫਾਇਤੀ ਦਰਾਂ ’ਤੇ ਘਰ ਉਸਾਰਨ ਵਾਲੇ ਡਿਵੈਲਪਰਾਂ ਨੂੰ ਵੀ ਰਾਹਤ