ਕਿਤੇ ਮਿਲ ਜਾਏ ਅਗਰ

ਬਲਜਿੰਦਰ ਬਾਲੀ ਰੇਤਗੜ੍ਹ

(ਸਮਾਜ ਵੀਕਲੀ)

ਕਿਸੇ ਰਾਹ ਰੁੱਸੀ ਜਾਂਦੀ
ਮੈਥੋਂ ਮੇਰੀ ਕਵਿਤਾ ਯਾਰੋ
ਦੇ ਦੇਣਾ ਇਕ ਸੁਨੇਹਾ
ਇਹ ਸ਼ਾਇਰ ਮਰਜਾਣੇ ਦਾ
ਹਰ ਜ਼ਖਮ ਅਜੇ ਅੱਲਾ ਏ
ਕਹਿ ਦਿਓ ਬਾਲੀ ਬਿਨ ਤੇਰੇ
ਅੱਜ ਵੀ ਕੱਲ੍ਹਾ- ਕੱਲ੍ਹਾ ਏ……
ਬਾਲੀ ਤੇਰਾ ਬਿਨ ਤੇਰੇ…..

ਕਹਿਣਾ ਝੱਲੀ ਨੂੰ ਕੇਰਾਂ
ਸੁਣ ਲਏ ਜੇ ਚੰਦਰੀ
ਜਿਉਂ ਰਿਦਮਾਂ ਬਾਝੋਂ
ਗੀਤ, ਗੀਤ ਨਹੀੰ ਹੁੰਦੇ !
ਜਿਉਂ ਸੁਰ-ਤਾਲਾਂ ਬਿਨ
ਸਰਗਮ ਸੰਗੀਤ ਨਹੀਂ ਹੁੰਦੇ !
ਮਦ-ਮਸਤ ਅਦਾਵਾਂ ਬਾਝੋਂ
ਹੁਸਨਾਂ ਦਾ ਖਾਲੀ ਪੱਲਾ ਏ !!
ਕਹਿ ਦਿਓ ਬਾਲੀ ਬਿਨ ਤੇਰੇ ਤਾਂ
ਅੱਜ ਵੀ ਕੱਲ੍ਹਾ……ਏ

ਸ਼ਾਇਰੀ ਇਸ਼ਕ ਹੈ
ਗੀਤ ਮੇਰੀ ਬੰਦਗ਼ੀ
ਸ਼ਬਦਾਂ ਦਾ ਸਿਮਰਨ
ਖ਼ਿਆਲਾਂ ਦੀ ਮਾਲ੍ਹਾ
ਯਾਦਾਂ ਦੀ ਕੁਟੀਆ
ਰਹੇ ਆਬਾਦ ਇਵੇਂ ਸ਼ਾਲਾ
ਪਲਕੀਂ ਅਸ਼ਕਾਂ ਦੇ ਦੀਵੇ
ਸਜਾ ਰੱਖੀਂ ਨਜ਼ਰ ਬਰੂਹੀਂ
ਹਾਂ ਹਿਜਰਾਂ ਦੇ ਯੋਗੀ
ਦਿਲੀਂ ਬਿਰਹੜੇ ਦਾ ਟਿੱਲਾ ਏ
ਕਹਿ ਦਿਓ ਬਾਲੀ ਬਿਨ ਤੇਰੇ …….
ਅੱਜ ਵੀ ਕੱਲ੍ਹਾ…………

ਪਾ ਦੇਣਾ ਤਰਲਾ ਇਕ
ਛਣ ਗਈਆਂ ਪੌਣਾਂ ਚ ਮਹਿਕਾਂ
ਨਹੀਂ ਪ੍ਰਭਾਤਾਂ ਦੀਆਂ ਚਹਿਕਾਂ
ਬਿਨ ਤੇਰੇ
ਗੁਲਾਬ ਜਿਹੀਆਂ ਟਹਿਕਾਂ
ਹੈ ਨਹੀ ਕਿਧਰੇ
ਤੇਰੀ ਹੀ ਬਿ੍ਰਹਾ ਪੀੜਾਂ
ਜਾਂਦਾ ਹਾਂ ਜਿਧਰੇ
ਬਾਂਸੋਂ ਵੰਝਲੀ ਹੋ ਹੋ ਕੂਕਾਂ
ਮਾਰਾਂ ਮੱਚਦੀ ਅੱਗੀਂ ਫੂਕਾਂ
ਭੱਠੀ ਤਨ ਦੀ ਸਿਖ਼ਰ ਦੁਪਿਹਰਾਂ
ਜਿੰਦ ਹੋ ਗਈ ਸੜ ਸੜ ਖਿੱਲ੍ਹਾਂ ਏ
ਬਾਲੀ ਬਿਨ੍ਹ ਤੇਰੇ……..
ਅੱਜ ਵੀ ਕੱਲ੍ਹਾ ਏ………

      –  ਬਲਜਿੰਦਰ ਬਾਲੀ ਰੇਤਗੜ੍ਹ
          94651-29168

Previous articleIn Conversation with Constance Galeo Mogale
Next articleਨਾਨਕ ਬੇੜੀ ਸਚ ਕੀ …