ਨਵੀਂ ਦਿੱਲੀ (ਸਮਾਜ ਵੀਕਲੀ) :ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਵਲੋਂ ਯੂਨੀਵਰਸਿਟੀਆਂ ਅਤੇ ਕਾਲਜ ਖੋਲ੍ਹਣ ਸਬੰਧੀ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਨ੍ਹਾਂ ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਯੂਨੀਵਰਸਿਟੀਆਂ ਇਹ ਯਕੀਨੀ ਬਣਾਊਣ ਕਿ ਕਿਸੇ ਵੀ ਸਮੇਂ ਕੁੱਲ ਵਿਦਿਆਰਥੀਆਂ ’ਚੋਂ 50 ਫ਼ੀਸਦ ਤੋਂ ਵੱਧ ਹਾਜ਼ਰ ਨਾ ਹੋਣ। ਯੂਜੀਸੀ ਦੇ ਨਿਰਦੇਸ਼ਾਂ ਅਨੁਸਾਰ ਕੇਵਲ ਸੀਮਤ ਗਿਣਤੀ ਦੇ ਹੋਸਟਲ ਖੋਲ੍ਹੇ ਜਾਣ ਅਤੇ ਸਖ਼ਤੀ ਨਾਲ ਸੁਰੱਖਿਆ ਤੇ ਸਿਹਤ ਨੇਮਾਂ ਦੀ ਪਾਲਣਾ ਕੀਤੀ ਜਾਵੇ।
ਇੱਕ ਤੋਂ ਵੱਧ ਵਿਦਿਆਰਥੀ ਨੂੰ ਹੋਸਟਲ ਦੇ ਕਮਰੇ ਵਿੱਰ ਰੁਕਣ ਦੀ ਆਗਿਆ ਨਾ ਦਿੱਤੀ ਜਾਵੇ। ਕੋਵਿਡ-19 ਦੇ ਲੱਛਣਾਂ ਵਾਲੇ ਵਿਦਿਆਰਥੀਆਂ ਨੂੰ ਕਿਸੇ ਵੀ ਹਾਲਤ ਵਿੱਚ ਹੋਸਟਲ ਵਿੱਚ ਰੁਕਣ ਦੀ ਆਗਿਆ ਨਾ ਦਿੱਤੀ ਜਾਵੇ। ਯੂਜੀਸੀ ਦੇ ਨਿਰਦੇਸ਼ਾਂ ਬਾਰੇ ਜਾਣਕਾਰੀ ਦਿੰਦਿਆਂ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ‘ਨਿਸ਼ੰਕ’ ਨੇ ਕਿਹਾ, ‘‘ਜੇਕਰ ਵਿਦਿਆਰਥੀ ਚਾਹੁਣ ਤਾਂ ਊਹ ਕਲਾਸਾਂ ਵਿੱਚ ਹਾਜ਼ਰ ਹੋਣ ਦੀ ਬਜਾਏ ਘਰ ਰਹਿ ਕੇ ਆਨਲਾਈਨ ਪੜ੍ਹਾਈ ਕਰ ਸਕਦੇ ਹਨ। ਸੰਸਥਾਵਾਂ ਵਲੋਂ ਅਜਿਹੇ ਵਿਦਿਆਰਥੀਆਂ ਦੀ ਪੜ੍ਹਾਈ ਲਈ ਆਨਲਾਈਨ ਸਿੱਖਿਆ ਸਮੱਗਰੀ ਅਤੇ ਈ-ਸਰੋਤ ਊਪਲੱਬਧ ਕਰਾਊਣ ਦੀ ਕੋਸ਼ਿਸ਼ ਕੀਤੀ ਜਾਵੇਗੀ।’’ ਵਿਗਿਆਨ, ਤਕਨਾਲੋਜੀ ਅਤੇ ਖੋਜ ਨੂੰ ਛੱਡ ਕੇ ਬਾਕੀ ਸਾਰੇ ਕੋਰਸਾਂ ਲਈ ਆਨਲਾਈਨ ਜਮਾਤਾਂ ਜਾਰੀ ਰਹਿਣਗੀਆਂ।
ਆਨਲਾਈਨ ਅਤੇ ਡਿਸਟੈਂਸ ਐਜੂਕੇਸ਼ਨ ਨੂੰ ਤਰਜੀਹੀ ਢੰਗ ਵਜੋਂ ਵਰਤਿਆ ਜਾਣਾ ਜਾਰੀ ਰੱਖਿਆ ਜਾਵੇਗਾ। ਯੂਜੀਸੀ ਵਲੋਂ ਸੱਤ ਮਹੀਨਿਆਂ ਦੀ ਤਾਲਾਬੰਦੀ ਮਗਰੋਂ ਦੁਬਾਰਾ ਖੋਲ੍ਹੇ ਜਾ ਰਹੇ ਕਾਲਜਾਂ ਅਤੇ ਯੂਨੀਵਰਸਿਟੀਆਂ ਲਈ ਨਵੇਂ ਨਿਰਦੇਸ਼ ਜਾਰੀ ਕੀਤੇ ਗਏ ਹਨ। ਤਾਲਾਬੰਦੀ ਦੇ ਮੱਦੇਨਜ਼ਰ ਯੂਜੀਸੀ ਵਲੋਂ ਪਹਿਲਾਂ ਦੋ ਵਾਰ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ। ਪਹਿਲਾਂ 29 ਅਪਰੈਲ ਅਤੇ ਫਿਰ 6 ਜੁਲਾਈ ਨੂੰ ਯੂਜੀਸੀ ਨੇ ਕਈ ਅਹਿਮ ਵਿਸ਼ਿਆਂ ਜਿਵੇਂ ਆਨਲਾਈਨ ਪੜ੍ਹਾਈ, ਪ੍ਰੀਖਿਆਵਾਂ, ਦਾਖ਼ਲਾ ਪ੍ਰਕਿਰਿਆ, ਅਕਾਦਮਿਕ ਕੈਲੰਡਰ ਆਦਿ ਬਾਰੇ ਨਿਰਦੇਸ਼ ਜਾਰੀ ਕੀਤੇ ਹਨ।