ਕਾਰ ਹਾਦਸੇ ’ਚ ਇਕ ਹਲਾਕ; ਤਿੰਨ ਜ਼ਖ਼ਮੀ

ਲੁਧਿਆਣੇ ਵਿਆਹ ਸਮਾਗਮ ’ਚ ਹਿੱਸਾ ਲੈਣ ਤੋਂ ਪਰਤ ਰਹੇ ਇੱਕ ਪਰਿਵਾਰ ਦੀ ਕਾਰ ਸੜਕ ’ਤੇ ਲੱਗੇ ਮੀਲ ਪੱਥਰ ’ਚ ਵੱਜਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਤਿੰਨ ਜਣੇ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।
ਐੱਸਐੱਚਓ ਸਿਟੀ ਉਂਕਾਰ ਸਿੰਘ ਨੇ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬੱਸੀਗੁਜਰਾਂ ਦਾ ਪਰਿਵਾਰ ਵਿਆਹ ਦੇਖ ਕੇ ਆਪਣੇ ਪਿੰਡ ਨੂੰ ਵਾਪਸ ਜਾ ਰਿਹਾ ਸੀ ਜਦੋਂ ਉਹ ਜੀਟੀ ਰੋਡ ’ਤੇ ਜਮਾਲਪੁਰ ਲਾਗੇ ਪੁੱਜੇ ਤਾਂ ਕਾਰ (ਪੀਬੀ10 ਜੀਐੱਨ 4548) ਅਚਾਨਕ ਬੇਕਾਬੂ ਹੋ ਕੇ ਇਸ ਪੱਥਰ ’ਚ ਜਾ ਵੱਜੀ ਅਤੇ ਗੱਡੀ ਪਲਟ ਗਈ ਜਿਸ ਕਾਰਨ ਓਮ ਪ੍ਰਕਾਸ਼ (65) ਪੁੱਤਰ ਚਰਨਾ ਰਾਮ ਵਾਸੀ ਪਿੰਡ ਗੁੱਜਰਾਂ ਦੀ ਮੌਤ ਹੋ ਗਈ ਜਦਕਿ ਨੀਰਜ ਕੁਮਾਰ ਪੁੱਤਰ ਪਵਨ ਕੁਮਾਰ, ਪਵਨ ਕੁਮਾਰ ਪੁੱਤਰ ਚਰਨਾ ਰਾਮ, ਆਸ਼ਾ ਰਾਣੀ ਪਤਨੀ ਪਵਨ ਕੁਮਾਰ ਵਾਸੀ ਪਿੰਡ ਜਨੌੜੀ ਜ਼ਖ਼ਮੀ ਹੋ ਗਏ। ਪੁਲੀਸ ਨੇ ਇਸ ਸਬੰਧੀ ਅਜੇ ਕੋਈ ਕਾਰਵਾਈ ਦਰਜ ਨਹੀਂ ਕੀਤੀ।
ਟਾਂਡਾ (ਸੁਰਿੰਦਰ ਸਿੰਘ ਗੁਰਾਇਆ) ਜਲੰਧਰ -ਪਠਾਨਕੋਟ ਕੌਮੀ ਮਾਰਗ ’ਤੇ ਪਿੰਡ ਮੂਨਕ ਕਲਾਂ ਨੇੜੇ ਹੋਏ ਸੜਕ ਹਾਦਸੇ ਵਿੱਚ ਟਰੈਕਟਰ ਸਵਾਰ ਦੀ ਮੌਤ ਹੋ ਗਈ ਜਦਕਿ ਚਾਲਕ ਗੰਭੀਰ ਰੂਪ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਪਛਾਣ ਸਰਵਣ ਸਿੰਘ ਪੁੱਤਰ ਦੀਦਾਰ ਸਿੰਘ ਨਿਵਾਸੀ ਕਦਾਰੀ ਚੱਕ ਦੇ ਰੂਪ ਵਿੱਚ ਹੋਈ ਹੈ ਅਤੇ ਹਾਦਸੇ ਵਿੱਚ ਜ਼ਖ਼ਮੀ ਹੋਏ ਸੰਦੀਪ ਸਿੰਘ ਪੁੱਤਰ ਦਿਲਬਾਗ ਸਿੰਘ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਵਿੱਚ ਮੁੱਢਲੀ ਡਾਕਟਰੀ ਮੱਦਦ ਦੇਣ ਉਪਰੰਤ ਜਲੰਧਰ ਦੇ ਪ੍ਰਾਈਵੇਟ ਹਸਪਤਾਲ ਵਿੱਚ ਰੈਫ਼ਰ ਕੀਤਾ ਗਿਆ ਹੈ। ਇਹ ਹਾਦਸਾ ਬੀਤੀ ਰਾਤ ਕਰੀਬ 10 ਵਜੇ ਵਾਪਰਿਆ ਜਦੋਂ ਗੰਨੇ ਦੀ ਟਰਾਲੀ ਲੈ ਕੇ ਜਾ ਰਹੇ ਟਰੈਕਟਰ ਟਰਾਲੀ ਅਤੇ ਜਲੰਧਰ ਸਾਈਡ ਵੱਲੋਂ ਆ ਰਹੇ ਤੇਲ ਦੇ ਟੈਂਕਰ ਦੀ ਟੱਕਰ ਹੋ ਗਈ। ਟਾਂਡਾ ਪੁਲੀਸ ਨੇ ਟੈਂਕਰ ਚਾਲਕਸਤਪਾਲ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਨੰਗਲ ਬਿਹਾਲਾ ਨੂੰ ਕਾਬੂ ਕਰ ਕੇ ਮ੍ਰਿਤਕ ਨੌਜਵਾਨ ਦੇ ਪਿਤਾ ਦੀਦਾਰ ਸਿੰਘ ਦੇ ਬਿਆਨ ਦੇ ਅਧਾਰ ’ਤੇ ਕੇਸ ਦਰਜ ਕੀਤਾ ਹੈ।

Previous articleਚੰਡੀਗੜ੍ਹ ’ਚ ਸੈਰ-ਸਪਾਟੇ ਨੂੰ ਮਿਲੇਗਾ ਹੁਲਾਰਾ
Next articleਖਾਰੇ ਪਾਣੀ ਨੇ ਵਿਗਾੜੀ ਲੋਕਾਂ ਦੀ ਸਿਹਤ