ਕਾਰ ਤੇ ਟਰੱਕ ਦੀ ਸਿੱਧੀ ਟੱਕਰ, 3 ਨੌਜਵਾਨਾਂ ਦੀ ਮੌਤ

ਖਮਾਣੋਂ (ਸਮਾਜ ਵੀਕਲੀ) : ਬੀਤੀ ਰਾਤ ਨੇੜਲੇ ਪਿੰਡ ਰਾਣਵਾਂ ਵਿੱਚ ਨੈਸ਼ਨਲ ਹਾਈਵੇ ਲੁਧਿਆਣਾ ਚੰਡੀਗੜ੍ਹ ਮਾਰਗ ’ਤੇ ਇਕ ਟਰੱਕ ਤੇ ਕਾਰ ਦੀ ਸਿੱਧੀ ਟੱਕਰ ਹੋ ਜਾਣ ਕਾਰਨ ਕਾਰ ਵਿੱਚ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਹਾਦਸੇ ਵਿੱਚ ਲੁਧਿਆਣਾ ਤੋਂ ਚੰਡੀਗੜ੍ਹ ਵੱਲ ਜਾ ਰਹੀ ਟੋਇਟਾ ਕਰੋਲਾ ਕਾਰ ਗ਼ਲਤ ਦਿਸ਼ਾ ਤੋਂ ਆ ਰਹੇ ਸ਼ਰਾਬ ਨਾਲ ਲੱਦੇ ਟਰੱਕ ਨਾਲ ਟਕਰਾ ਗਈ। ਮ੍ਰਿਤਕ ਸੰਦੀਪ ਸਿੰਗਲਾ ਜੋ ਆਮ ਆਦਮੀ ਪਾਰਟੀ ਦੇ ਵਪਾਰ ਮੰਡਲ ਧੂਰੀ ਦੇ ਉਪ ਪ੍ਰਧਾਨ ਸਨ, ਦੇ ਨਜ਼ਦੀਕੀ ਰਿਸ਼ਤੇਦਾਰ ਪ੍ਰੇਮ ਗੁਪਤਾ ਨੇ ਦੱਸਿਆ ਨੌਜਵਾਨ ਸੰਦੀਪ ਸਿੰਗਲਾ ਦੇ ਦੋਸਤ ਦੀ ਮਾਤਾ ਚੰਡੀਗੜ੍ਹ ਵਿੱਚ ਦਾਖ਼ਲ ਸੀ। ਉਸ ਦੀ ਖ਼ਬਰਸਾਰ ਲੈਣ ਲਈ ਤਿੰਨੇ ਨੌਜਵਾਨ ਖਮਾਣੋਂ ਨੇੜਲੇ ਪਿੰਡ ਰਾਣਵਾਂ ਪਹੁੰਚੇ।

ਇਸ ਦੌਰਾਨ ਨੈਸ਼ਨਲ ਹਾਈਵੇ ਲੁਧਿਆਣਾ ਚੰਡੀਗੜ੍ਹ ਮਾਰਗ ’ਤੇ ਇਕ ਟਰੱਕ ਜੋ ਗਲਤ ਸਾਈਡ ਤੋਂ ਆ ਰਿਹਾ ਸੀ ਕਾਰ ਨਾਲ ਟਕਰਾ ਗਿਆ। ਮੌਕੇ ’ਤੇ ਪੁੱਜੀ ਪੁਲੀਸ ਨੇ ਕਾਰ ਸਵਾਰ ਨੌਜਵਾਨਾਂ ਨੂੰ ਖਮਾਣੋਂ ਦੇ ਹਸਪਤਾਲ ਪਹੁੰਚਾਇਆ ਜਿਥੇ ਦੋ ਨੌਜਵਾਨਾਂ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਜਦੋ ਕਿ ਵਿਜੇ ਅਗਨੀਹੋਤਰੀ ਦੀ ਹਾਲਤ ਗੰਭੀਰ ਹੋਣ ਕਰਕੇ ਉਸ ਨੂੰ ਫੋਰਟਿਸ ਹਸਪਤਾਲ ਲੁਧਿਆਣਾ ਰੈਫ਼ਰ ਕੀਤਾ ਗਿਆ, ਜਿਥੇ ਜਾ ਕੇ ਉਸ ਨੇ ਵੀ ਦਮ ਤੋੜ ਦਿੱਤਾ। ਮ੍ਰਿਤਕਾਂ ਦੀ ਪਛਾਣ ਸੰਦੀਪ ਸਿੰਗਲਾ ਵਾਸੀ ਧੂਰੀ, ਮਨਦੀਪ ਸਿੰਘ ਦੀਪੂ ਢੀਂਡਸਾ ਪਿੰਡ ਬਰੜਵਾਲ ਹਾਲ ਅਬਾਦ ਧੂਰੀ ਜ਼ਿਲ੍ਹਾ ਸੰਗਰੂਰ ਅਤੇ ਵਿਜੈ ਅਗਨੀਹੋਤਰੀ ਵਾਸੀ ਲੁਧਿਆਣਾ ਵਜੋਂ ਹੋਈ ਹੈ। ਟਰੱਕ ਡਰਾਈਵਰ ਮੌਕੇ ਤੋਂ ਫਰਾਰ ਦੱਸਿਆ ਜਾਂਦਾ ਹੈ।

ਥਾਣਾ ਮੁਖੀ ਖਮਾਣੋਂ ਹਰਮਿੰਦਰ ਸਿੰਘ ਸਰਾਓ ਨੇ ਕਿਹਾ ਕਿ ਹਾਦਸੇ ਸਬੰਧੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਟਰੱਕ ਵਿੱਚ ਸ਼ਰਾਬ ਬਾਰੇ ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਲਈ ਐਕਸਾਈਜ਼ ਵਿਭਾਗ ਨੂੰ ਸੂਚਨਾ ਦਿੱਤੀ ਗਈ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਫਲਸਤੀਨੀ ਕੱਟੜਪੰਥੀਆਂ ਦੇ ਹਮਲੇ ’ਚ ਇਜ਼ਰਾਈਲ ਵਿੱਚ ਭਾਰਤੀ ਔਰਤ ਦੀ ਮੌਤ
Next article‘ਆਪ’ ਕਾਰਕੁਨ ਸੀ ਧੂਰੀ ਦਾ ਸੰਦੀਪ