(ਸਮਾਜ ਵੀਕਲੀ)
– ਰਾਜਿੰਦਰ ਕੌਰ ਚੋਹਕਾ
ਦਿੱਲੀ ਦੇ ਕਠੋਰ ਦਿਲ ਅਤੇ ਅਨਿਆਏ ਨੂੰ ਪਾਲਣ ਵਾਲੇ ਹਾਕਮਾਂ ਦੇ ਕਹਿਰ ਦਾ ਕਰੋਪ ਝੇਲ ਰਹੇ ਕਿਸਾਨ 20 ਨਵੰਬਰ, 2020 ਤੋਂ ਹੱਡ ਚੀਰਵੀਂ ਠੰਡ ਬਿਨਾਂ ਕਿਸੇ ਕੁਦਰਤੀ ਓਟ, ਪੁਰ-ਅਮਨ ਸਮੇਂਤ ਸੈਂਕੜੇ ਇਸਤਰੀਆਂ, ਬੱਚਿਆਂ ਅਤੇ ਬਜ਼ੁਰਗਾਂ ਨਾਲ ਦਿੱਲੀ ਦੇ ਚੁਫੇਰੇ ਡੇਰੇ ਲਾ ਕੇ ਧਰਨਿਆਂ ਤੇ ਬੈਠੇ ਹੋਏ ਹਨ। ਸਾਰੇ ਦੇਸ਼ ਅੰਦਰ ਸਮੁੱਚੀ ਕਿਸਾਨੀ ਅਤੇ ਇਨਸਾਫ਼ ਤੇ ਜਮਹੂਰੀਅਤ ਪਸੰਦ ਲੋਕ ਕਿਸਾਨਾਂ ਦੀਆਂ ਮੰਗਾਂ ਦੀ ਹਮਾਇਤ ‘ਚ ਗੁਹਾਰਾਂ ਲਾ ਰਹੇ ਹਨ ! ਆਜਾਦੀ ਤੋਂ ਬਾਅਦ ਇਸ ਵੇਲੇ ਖੇਤੀ ਕਨੂੰਨਾਂ ਅੰਦਰ ਕਿਸਾਨ ਵਿਰੋਧੀ ਹਾਕਮਾਂ ਦੀ ਧੱਕੇਸ਼ਾਹੀ ਰਾਹੀਂ ਪਾਸ ਕੀਤੇ ਤਿੰਨ ਕਾਲੇ ਕਨੂੰਨਾਂ ਦੇ ਵਿਰੋਧ ਵਿੱਚ ਉਪਜਿਆ ਕੌਮੀ ਅਤੇ ਕੌਮਾਂਤਰੀ ਪੱਧਰ ਤੇ ਇਹ ਮਾਨਸ ਕਿਸਾਨੀ ਰੋਹ ਅਤੇ ਹਾਹਾਕਾਰ ਦੇ ਬਾਵਜੂਦ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ ਹੈ। ਹਾਕਮਾਂ ਦੀਆਂ ਫੁੱਟ ਪਾਊ ਚਾਲਾਂ, ਮੋਦੀ ਤੇ ਹਾਕਮੀ ਮੀਡੀਆ ਦੀਆਂ ਕੁਚਾਲਾਂ, ਹਰ ਪੈਂਤੜੇ ਨੂੰ ਅਸਫਲ ਹੁੰਦਿਆ ਦੇਖ ਕੇ ਨਿਮੋਸ਼ੀ ਦੀ ਸਿ਼ਕਾਰ ਹੋਈ ਸਰਕਾਰ ਹੁਣ ਸੁਪਰੀਮ ਕੋਰਟ ਨੂੰ ਵਰਤ ਕੇ ਖੁੱਦ ਭੰਬਲ ਭੂਸੇ ਪਈ ਹੋਈ ਮੋਦੀ ਸਰਕਾਰ, ‘ਚੱਪਣੀ ‘ਚ ਪਾਣੀ ਪਾ ਕੇ ਨੱਕ ਡੋਬ ਕੇ ਮਰਨ ਵਾਲੀ ਦਸ਼ਾ ‘ਚ ਦਿਸ ਰਹੀ ਹੈ।` ਕੁਲ ਹਿੰਦ ਦਾ ਇਹ ਕਿਸਾਨੀ ਸਮਾਜਕ ਅੰਦੋਲਨ ਆਪਣੀ ਚਾਲ, ਨੈਤਿਕਤਾ ਅਤੇ ਬੌਧਿਕ ਸੱਭਿਆਚਾਰ ਦੇ ਬਲ-ਬੂਤੇ ਸ਼ਾਂਤਮਈ ਤੇ ਜਮਹੂਰੀ ਢੰਗ ਨਾਲ ਹਾਕਮਾਂ ਦੇ ਤਾਨਾਸ਼ਾਹੀ ਕਾਰਪੋਰੇਟੀ ਪੱਖੀ ਚਾਲਾਂ ਦਾ ਟਾਕਰਾ ਕਰਨ ਲਈ ਅੱਗੇ ਵੱਧ ਰਿਹਾ ਹੈ। ਇਸ ਦੀ ਸਫ਼ਲਤਾ ਦਾ ਰਾਜ ਕਿਰਤੀ ਜਮਾਤ ਅਤੇ ਵੱਡੀ ਗਿਣਤੀ ਵਿੱਚ ਇਸਤਰੀ-ਵਰਗ ਦੀ ਸ਼ਮੂਲੀਅਤ ਤੇ ਸਾਂਝਾ ਮੋਰਚਾ ਹੋਣਾ?
ਭਾਰਤ ਦੀ ਆਜਾਦੀ ਤੋਂ ਪਹਿਲਾਂ ਵੀ ਆਜਾਦੀ ਦੇ ਮੁਕਤੀ ਅੰਦੋਲਨ ਅੰਦਰ ਦੇਸ਼ ਵਾਸੀਆਂ ਨੂੰ ਸਾਮਰਾਜੀ ਬਸਤੀਵਾਦੀ ਗੋਰਿਆਂ ਹੱਥੋਂ ਅਕਿਹ ਜੁਲਮਾਂ, ਅੱਤਿਆਚਾਰਾਂ ਦਾ ਜ਼ਲੀਲ ਹੋਣਾ ਪਿਆ ਸੀ। ਸਗੋਂ ਉਨ੍ਹਾਂ ਨਾਲ ਹਿੱਸਾ ਲੈਣ ਲਈ ਇਸਤਰੀ -ਵਰਗ ਦੇ ਇਕ ਵੱਡੇ ਸਮੂਹ ਨੂੰ ਵੀ ਇਨ੍ਹਾਂ ਅੰਦੋਲਨਾਂ ਅੰਦਰ ਅੱਤਿਆਚਾਰਾਂ ਦਾ ਵੀ ਸਿ਼ਕਾਰ ਹੋਣਾ ਪਿਆ ਸੀ। ਅੱਜ! ਭਾਵੇਂ ਹਜ਼ਾਰਾਂ ਇਸਤਰੀਆਂ ਇਸ ਕੁਲ ਹਿੰਦ ਕਿਸਾਨ ਅੰਦੋਲਨ ਅੰਦਰ ਮਰਦਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਸ ਦੁਨੀਆਂ ਦੇ ਸਭ ਤੋਂ ਵੱਡੇ ਕਿਸਾਨ ਧਰਨੇ ਅੰਦਰ ਜੋ ਦਿੱਲੀ ਚਲ ਰਿਹਾ ਹੈ, ਦਾ ਸਾਥ ਦੇ ਰਹੀਆਂ ਹਨ। ਇਹ ਵੀਰਾਂਗਣਾ ਆਪਣੇ ਸਾਰੇ ਦੁੱਖ-ਸੁੱਖ ਛੱਡ ਕੇ ਇਸ ਅੰਦੋਲਨ ਅੰਦਰ ਘਰੋਂ-ਬੇਘਰ ਹੋ ਕੇ ਪੂਰੇ ਸਿਰੜ ਨਾਲ ਅੰਦੋਲਨ ਦੀ ਸਫ਼ਲਤਾ ਲਈ ਪੂਰਾ-ਪੂਰਾ ਯੋਗਦਾਨ ਪਾ ਰਹੀਆਂ ਹਨ। ਦੇਸ਼ ਦੀ ਅੱਧੀ ਆਬਾਦੀ ਜਦੋਂ ਉਹ ਵੀ ਸਮਾਜਕ ਸੰਘਰਸ਼ਾਂ ਵਿੱਚ ਆਪਣੀ ਨੈਤਿਕਤਾ ਦੇ ਬਲ ਆਪਣੇ ਹੱਕਾਂ ਅਤੇ ਸਮਾਜਕ ਪ੍ਰੀਵਰਤਨ ਵਿੱਚ ਹਿੱਸੇਦਾਰ ਬਣ ਜਾਣਗੀਆਂ ਤਾਂ ਦੇਸ਼ ਅੰਦਰ ਲੁੱਟ-ਖਸੁਟ ਕਰਨ ਵਾਲੀਆਂ ਤਾਕਤਾਂ ਦਾ ਨੀਤੀ ਤੇ ਨੀਤ ਪੱਖੋਂ ਵੀ ਖਾਤਮਾ ਹੋ ਜਾਵੇਗਾ ?
ਕੌਮੀ ਅਤੇ ਜਮਹੂਰੀ ਅੰਦੋਲਨਾਂ ‘ਚ ਪੰਜਾਬੀ ਇਸਤਰੀਆਂ ਦੀ ਸ਼ਮੂਲੀਅਤ ਅਤੇ ਜਨਤਕ ਹਿੱਸੇਦਾਰੀ ਦਾ ਸ਼ਾਨਦਾਰ ਇਤਿਹਾਸ ਰਿਹਾ ਹੈ।
ਕੂਕਾ ਲਹਿਰ 1864-1874 : 1857 ਦੀ ਪਹਿਲੀ ਆਜ਼ਾਦੀ ਦੀ ਜੰਗ ਦੇ ਦਬਾਏ ਜਾਣ ਬਾਦ, ‘ਬਸਤੀਵਾਦੀ ਗੋਰੀ ਸਰਕਾਰ ਦੇ ਵਿਰੁੱਧ ਕੂਕਾ-ਲਹਿਰ ਦਾ ਬਹੁਤ ਵੱਡਾ ਇਤਿਹਾਸਕ ਰੋਲ ਹੈ। ਗੋਰੀ ਸਰਕਾਰ ਦਾ ਮੁਕੰਮਲ ਬਾਈਕਾਟ, ਬਰਾਬਰ ਦਾ ਸਵਦੇਸ਼ੀ ਰਾਜਤੰਤਰ ਅਤੇ ਸਮਾਜ-ਸੁਧਾਰ ਰਾਹੀਂ ਪੰਜਾਬੀਆਂ ਅੰਦਰ ਆਜ਼ਾਦੀ ਦੀ ਚਿਣਗ ਪੈਦਾ ਕਰਨੀ ਬਸਤੀਵਾਦੀਆਂ ਵਿਰੁੱਧ ਇਕ ਵੱਡਾ ਚੈਲੰਜ ਸੀ। ਇਸ ਲਹਿਰ ਵਿੱਚ ਇਸਤਰੀਆਂ ਦਾ ਸ਼ਾਮਲ ਹੋਣਾ ਇਕ ਵੱਡੀ ਤਬਦੀਲੀ ਦਾ ਆਧਾਰ ਵੀ ਨਜ਼ਰ ਆਉਂਦਾ ਹੈ, ਭਾਵੇਂ ਇਹ ਧਾਰਮਿਕ ਪੱਖੋ ਹੀ ਸੀ। ਬੀਬੀ ਹੁਕਮੀ, ਮਾਈ ਇੰਦ ਕੌਰ ਹੰਡਿਆਇਆ (ਸੰਗਰੂਰ), ਬੀਬੀ ਖੇਮ ਕੌਰ ਦਿੱਤਪੁਰ (ਸੰਗਰੂਰ) ਵੱਲੋਂ ਇਸ ਲਹਿਰ ਵਿੱਚ ਸ਼ਾਮਲ ਹੋਣਾ ਅਤੇ ਕੈਦ ਕੱਟਣੀ ਪੰਜਾਬ ਅੰਦਰ ਇਸਤਰੀ ਵਰਗ ‘ਚ ਆਈ ਗੁਣਾਆਤਮਿਕ ਤਬਦੀਲੀ ਦੀ ਪਹਿਲੀ ਕਿਰਨ ਸੀ। ਉਸ ਵੇਲੇ ਅੰਮ੍ਰਿਤਸਰ ਤੇ ਹੁਸਿ਼ਆਰਪੁਰ ਦੀ ਕੂਕਾ ਲਹਿਰ ਦੇ ਕੰਮਕਾਜ ਨੂੰ ਚਲਾਉਣ ਲਈ ਬੀਬੀ ਹੁਕਮੀ ਪੁਤਰੀ ਰਤਨ ਸਿੰਘ ਨੂੰ ਪਹਿਲੀ ਇਸਤਰੀ ਸੂਬਾ ਬਣਾ ਕੇ ਰਾਜਨੀਤਕ ਮਾਨਤਾ ਮਿਲੀ ਸੀ। ਕੂਕਾ ਲਹਿਰ ਅੰਦਰ ਇਸਤਰੀ ਨੂੰ ਬਰਾਬਰਤਾ ਦਾ ਰੁਤਬਾ ਦੇਣ ਦਾ ਪੰਜਾਬ ਅੰਦਰ ਇਹ ਪਹਿਲਾ ਯਤਨ ਸੀ।
1885-1947: ਕਾਂਗਰਸ ਪਾਰਟੀ ਦਾ ਭਾਰਤ ਦੇ ਕੌਮੀ ਅੰਦੋਲਨਾਂ ਵਿੱਚ ਵੱਡਾ ਯੋਗਦਾਨ ਰਿਹਾ ਹੈ। ਪਾਰਟੀ ਵੱਲੋਂ ਚਲਾਏ ਅੰਦੋਲਨਾਂ ਅੰਦਰ ਹਰ ਭਾਰਤੀ ਨੇ ਹਿੱਸਾ ਲਿਆ। ਆਜ਼ਾਦੀ ਲਈ ਦਿਨੋ ਦਿਨ ਵੱਧਦੀ ਤਾਂਘ ਨੇ ਹਰ ਵਰਗ ਦੇ ਲੋਕਾਂ ਨੂੰ ਕੌਮੀ ਅੰਦੋਲਨਾਂ ਵੱਲ ਖਿਚਿਆ। ਪੰਜਾਬ ਅੰਦਰ ਵੀ ਕਾਂਗਰਸ ਪਾਰਟੀ ਦਾ ਜਿਉ ਜਿਉਂ ਪ੍ਰਭਾਵ ਵੱਧਦਾ ਗਿਆ, ਕੌਮੀ ਲਹਿਰਾਂ ਵੀ ਮਜ਼ਬੂਤ ਹੁੰਦੀਆਂ ਗਈਆਂ। ਭਾਵੇਂ ਪਹਿਲਾ ਪਹਿਲਾ ਪੜ੍ਹੇ ਲਿਖੇ ਅਤੇ ਉੱਚ ਵਰਗ ‘ਚ ਆਏ ਲੋਕਾਂ ਨੇ ਕਾਂਗਰਸ ਪਾਰਟੀ ‘ਚ ਸ਼ਮੂਲੀਅਤ ਕੀਤੀ, ਪਰ ! ਹੌਲੀ-ਹੌਲੀ ਸ਼ਹਿਰੀ ਵਰਗ ਵੀ ਇਸ ਦੇ ਨੇੜੇ ਹੁੰਦਾ ਗਿਆ। ਪੰਜਾਬ ਅੰਦਰ ਕਿਸਾਨੀ ਸੰਕਟ ਅਤੇ ਗਰੀਬੀ ਗੁਰਬਤ ਕਾਰਨ ਪੇਂਡੂ ਖੇਤਰਾਂ ਅੰਦਰ ਵੀ ਸਿਆਸੀ ਜਾਗਰੂਕਤਾ ਦਾ ਉਭਾਰ ਪਨਪਿਆ। 1901-1907 ਤੱਕ ਭਾਰਤ ਮਾਤਾ ਸੁਸਾਇਟੀ, ਪੱਗੜੀ ਸੰਭਾਲ ਓ ਜੱਟਾ ਚਲਾਈ ਲਹਿਰ ਜਿਸ ਦੀ ਅਗਵਾਈ ਲਾਲਾ ਲਾਜਪਤ ਰਾਏ, ਸ: ਅਜੀਤ ਸਿੰਘ ਅਤੇ ਲਾਲਾ ਬਾਂਕੇ ਬਿਹਾਰੀ ਲਾਲ ਵੱਲੋ ਸ਼ੁਰੂ ਕੀਤੀ ਕੀਤੀ, ਨੇ ਪੰਜਾਬ ਅੰਦਰ ਸਵਦੇਸ਼ੀ ਲਹਿਰ ਨੂੰ ਜਨਮ ਦਿੱਤਾ। ਇਸ ਲਹਿਰ ਤੋਂ ਪ੍ਰਭਾਵਤ ਹੋ ਕੇ ਪੰਜਾਬ ਅੰਦਰ ਵੀ ਚਿਣਗ ਪੈਦਾ ਹੋਈ। ਬੀਬੀ ਗੁਰਚਰਨ ਕੌਰ ਮਾਨਤਲਾਈ, ਚੰਦਰਾਂਵਤੀ ਚਰਖੀ ਦਾਦਰੀ, ਡਾ: ਪ੍ਰਕਾਸ਼ ਕੌਰ, ਸ਼੍ਰੀਮਤੀ ਪ੍ਰਸੰਨੀ ਦੇਵੀ, ਸ਼੍ਰੀ ਮਤੀ ਸ਼ੰਨੋਦੇਵੀ, ਸ਼੍ਰੀਮਤੀ ਲੇਖਵਤੀ, ਲੱਜਾ ਵਰਮਾ ਆਦਿ ਆਗੂ ਇਸਤਰੀਆਂ ਕਾਂਗਰਸ ਪਾਰਟੀ ਦੀ ਦੇਣ ਹਨ। ਜੋ ਭਾਵੇਂ ਸੁਧਾਰਵਾਦੀ, ਨਾਰੀਵਾਦੀ ਅਤੇ ਕਾਂਗਰਸ ਦੀਆਂ ਨੀਤੀਆਂ ਤੱਕ ਹੀ ਸੀਮਤ ਸਨ। ਆਜ਼ਾਦੀ ਬਾਦ ਉਨ੍ਹਾਂ ਦਾ ਇਸਤਰੀ ਮੁਕਤੀ ਦੀ ਥਾਂ, ਰਾਜਸਤਾ ਦਾ ਸੁਖ ਭੋਗਣਾ ਅਤੇ ਰਾਜਸਤਾ ‘ਤੇ ਹਾਕਮ ਜਮਾਤ ਦੀਆਂ ਨੀਤੀਆਂ ਨੂੰ ਲਾਗੂ ਕਰਾਉਣਾ ਇਨ੍ਹਾਂ ਦਾ ਨਿਸ਼ਾਨਾ ਰਿਹਾ।
ਹੋਮ ਰੂਲ ਜੰਗ (1905-1919) ਇਹ ਉਹ ਸਮਾਂ ਸੀ ਜਦੋਂ 1905 ‘ਚ ਪਹਿਲਾ ਰੂਸੀ ਇਨਕਲਾਬ ਫੇਲ੍ਹ ਹੋਣ ਬਾਦ ਲੈਨਿਨ ਦੀ ਅਗਵਾਈ ਵਿੱਚ ਬਾਲਸ਼ਵਿਕ ਪਾਰਟੀ ਵੱਲੋਂ 1917 ਨੂੰ ਮੁਕੰਮਲ ਮਹਾਨ ਅਕਤੂਬਰ ਇਨਕਲਾਬ ਪ੍ਰਾਪਤ ਕਰ ਲਿਆ। ਗਾਂਧੀ ਜੋੋ ਭਾਰਤ ਅੰਦਰ ਦੱਖਣੀ ਅਫਰੀਕਾਂ ਤੋਂ ਆ ਕੇ ਦੇਸ਼ ਦੇ ਕੌਮੀ ਮੰਚ ‘ਤੇ ਅੱਗੇ ਆਏ ਸਨ, ਵੱਲੋਂ ਹੋਮ ਰੂਲ ਜੰਗ ਦੀ ਸ਼ੁਰੂਆਤ ਕੀਤੀ। ਗੋਰੀ ਸਰਕਾਰ ਨੇ ਲੋਕਾਂ ਤੇ ਅੱਤਿਆਚਾਰ ਸ਼ੁਰੂ ਕਰ ਦਿੱਤੇ। ਇਸ ਅੰਦੋਲਨ ਵਿੱਚ ਸ਼ਹਿਰੀ ਪੰਜਾਬਣਾਂ ਨੇ ਹਿੱਸਾ ਲਿਆ।
ਗਦਰ ਪਾਰਟੀ ਅਤੇ ਲਹਿਰ (1914 -15) ਦੇਸ਼ ਨੂੰ ਆਜ਼ਾਦ ਕਰਾਉਣ ਲਈ 1857 ਦੇ ਬਾਦ ਇਹ ਪਹਿਲਾ ਹਥਿਆਰਬੰਦ ਆਜ਼ਾਦੀ ਲਈ ਅੰਦੋਲਨ ਸੀ ਜੋ ਸਿਰੇ ਨਹੀਂ ਚੜ੍ਹ ਸਕਿਆ। ਪਰ ! ਇਹ ਅੰਦੋਲਨ ਸਾਡੇ ਲਈ ਦੇਸ਼ ਦੀ ਆਜ਼ਾਦੀ ਲਈ ਮਰ ਮਿਟਣ ਦੀ ਤਾਂਘ, ਧਰਮ ਨਿਰਪੱਖਤਾ ਅਤੇ ਬਰਾਬਰਤਾ ਦੇ ਨਿਸ਼ਾਨੇ ਨੂੰ ਪ੍ਰਾਪਤ ਕਰਨ ਲਈ ਇੱਕ ਵੱਡਾ ਸਵਾਲ ਛੱਡ ਗਿਆ ਜੋ ਅੱਜੇ ਅਧੂਰਾ ਹੈ ? ਇਸ ਲਹਿਰ ਵਿੱਚ ਬੀਬੀ ਗੁਲਾਬ ਕੌਰ ਵੱਲੋਂ ਪਾਇਆ ਯੋਗਦਾਨ ਇਸਤਰੀ ਵਰਗ ਲਈ ਇੱਕ ਪ੍ਰੇਰਣਾ ਸਰੋਤ ਹੈ।
ਰੋਲਟ ਐਕਟ (1919): ਪਹਿਲੀ ਸੰਸਾਰ ਜੰਗ ਬਾਦ ਟੁਟਿਆ ਭੱਜਿਆ ਬਸਤੀਵਾਦੀ ਸਾਮਰਾਜ ਭਾਰਤੀਆਂ ਨਾਲ ਕੀਤੇ ਵਾਅਦਿਆਂ ਤੋਂ ਪਿੱਛੇ ਹੱਟ ਗਿਆ। ਆਜ਼ਾਦੀ ਦੀ ਥਾਂ ਰੋਲਟ ਐਕਟ ਪਰੋਸ ਕੇ ਕਾਂਗਰਸ ਨੂੰ ਦੇ ਦਿੱਤਾ ਗਿਆ। ਲੋਕਾਂ ‘ਚ ਬੇਚੈਨੀ ਫੈਲਣੀ ਲਾਜ਼ਮੀ ਸੀ। ਪੰਜਾਬ ਅੰਦਰ ਇਸ ਐਕਟ ਵਿਰੁੱਧ ਬਹੁਤ ਵੱਡਾ ਲੋਕ ਰੋਹ ਪੈਦਾ ਹੋ ਗਿਆ। ਇਸ ਨੂੰ ਦਬਾਉਣ ਲਈ ਪੰਜਾਬੀਆਂ ‘ਤੇ ਹਰ ਤਰ੍ਹਾਂ ਦਾ ਤੱਸ਼ਦਦ ਦੇ ਹੱਥਕੰਡੇ ਵਰਤੇ ਗਏ।
13 ਅਪ੍ਰੈਲ 1919 ਜਲ੍ਹਿਆਂ ਵਾਲਾ ਬਾਗ ਦਾ ਸਾਕਾ: ਰੋਲਟ ਐਕਟ ਪੁਰ ਅਮਨ ਲੋਕਾਂ ਤੇ ਗੋਲੀ ਚਲਾਕੇ ਸੈਂਕੜੇ ਪੰਜਾਬੀ ਸਿੱਖ, ਹਿੰਦੂ, ਮੁਸਲਮਾਨ, ਇਸਤਰੀਆਂ ਅਤੇ ਬੱਚੇ ਸ਼ਹੀਦ ਕਰ ਦਿੱਤੇ। ਦੁਨੀਆਂ ਅੰਦਰ ਬਰਬਰਤਾ ਅਤੇ ਅਣ-ਮਨੁੱਖੀ ਕਾਰੇ ਦੀ ਇਹ ਇਕ ਕਾਲੇ ਇਤਿਹਾਸ ਦੀ ਤਸਵੀਰ ਸੀ। ਇਸ ਖੂਨੀ ਸਾਕੇ ਵਿਰੁੱਧ ਨਿਡਰਤਾ ਨਾਲ ਬਿਆਨ ਦੇਣ ਵਾਲੀ ਮਾਤਾ ਅਤਰ ਕੌਰ, ਸ਼੍ਰੀਮਤੀ ਰਤਨਾ ਦੇਵੀ ਦੇ ਬਿਆਨ, ‘ਗੋਰੀ ਸਰਕਾਰ ਦੀ ਕਾਇਰਤਾ, ਜ਼ੁਲਮਾਂ ਦੀ ਕਹਾਣੀ ਅਤੇ ਅਨਿਆਏ ਵਿਰੁੱਧ ਸਚਾਈ ਦੀ ਤਸਵੀਰ ਪੇਸ਼ ਕਰਦੇ ਹਨ।
ਗੁਰਦੁਆਰਾ ਸੁਧਾਰ ਲਹਿਰ (1919-1925): ਗੁਰਦੁਆਰਿਆਂ ਦੇ ਸੁਧਾਰ ਲਈ ਚਲੀ ਇਸ ਲਹਿਰ ਅੰਦਰ ਮਰਦਾਂ ਦਾ ਸਾਥ ਵੀ ਇਸਤਰੀਆਂ ਨੇ ਦਿੱਤਾ। ਇਹ ਲਹਿਰ ਜੋ ਅੰਗਰੇਜ਼ਾਂ ਦੇ ਪਿਠੂ ਕੁਕਰਮੀ ਮਹੰਤਾਂ ਵਿਰੁੱਧ ਸੀ, ਦਾ ਰੂਪ ਅੱਗੋਂ ਜਾ ਕੇ ਸਾਮੰਤਵਾਦ ਅਤੇ ਸਾਮਰਾਜ ਵਿਰੋਧੀ ਬਣ ਗਿਆ। ਇਸ ਮੋਰਚੇ ਵਿੱਚ ਸ਼੍ਰੀਮਤੀ ਹਰ ਕੌਰ, ਮਾਨ ਕੌਰ, ਦਾਨ ਕੌਰ, ਰਾਮ ਕੌਰ, ਸੰਤ ਕੌਰ ਆਦਿ ਜੋ ਮਾਨਸਾ, ਬਰਨਾਲਾ ਅਤੇ ਅੰਬਾਲਾ ਦੀਆਂ ਸਨ ਅੰਬਾਲਾ ਜੇਲ੍ਹ ‘ਚ ਕੈਦ ਰਹੀਆਂ, ਇਸੇ ਤਰ੍ਹਾਂ ਠੀਕਰੀਵਾਲਾ, ਜੈਤੋ ਅਤੇ ਹੋਰ ਕਈ ਥਾਵਾਂ ‘ਤੇ ਜੱਥਿਆ ‘ਚ ਸ਼ਾਮਿਲ ਇਸਤਰੀਆਂ ਨੂੰ ਵੀ ਪੁਲੀਸ ਤਸ਼ੱਦਦ ਅਤੇ ਕੈਦਾਂ ਕੱਟਣੀਆਂ ਪਈਆਂ। ਬਿਸ਼ਨ ਕੌਰ ਕਾਉਂਕੇ, ਬੀਬੀ ਧਨ ਕੌਰ, ਭਗਵਾਨ ਕੌਰ, ਹਰਨਾਮ ਕੌਰ, ਧਰਮ ਕੌਰ, ਈਸ਼ਰ ਕੌਰ, ਆਦਿ ਵੀਰਾਂਗਣਾਂ ਜਿਥੇ ਮੋਰਚਿਆਂ ‘ਚ ਸ਼ਾਮਲ ਹੋਈਆਂ ਅਤੇ ਉਨ੍ਹਾਂ ਨੇ ਸਜ਼ਾਵਾਂ ਵੀ ਕੱਟੀਆਂ।
ਨਾ-ਮਿਲਵਰਤਨ ਲਹਿਰ (1921) ਗਾਂਧੀ ਵਲੋਂ ਚਲਾਈ ਨਾ ਮਿਲਵਰਤਨ ਲਹਿਰ ਦਾ ਸਾਰੇ ਭਾਰਤ ਅੰਦਰ ਕਾਫੀ ਪ੍ਰਭਾਵ ਪਿਆ। ਕਿਉਂਕਿ ਭਾਰਤੀ ਜਲ੍ਹਿਆਂ-ਵਾਲਾ ਬਾਗ ਦੇ ਸਾਕੇ ਅਤੇ ਗਾਂਧੀ ਦੇ ਸਮਝੌਤਾਵਾਦੀ ਪੈਂਤੜੇ ਵੱਜੋਂ, ਜਿਥੇ ਗਾਂਧੀ ਦੇ ਵਿਚਾਰਾਂ ਤੋਂ ਦੁਖੀ ਸਨ, ਉਨ੍ਹਾਂ ਦਾ ਰੋਹ ਗੋਰੀ ਸਰਕਾਰ ਵਿਰੁੱਧ ਤੇਜ਼ ਹੋ ਰਿਹਾ ਸੀ। ‘ਨਾ-ਮਿਲਵਰਤਨ ਲਹਿਰ` ਅਤੇ ‘ਖਿਲਾਫ਼ਤ ਅੰਦੋਲਨ` ਦੇ ਇੱਕਠੇ ਚੱਲਣ ਕਾਰਨ ਸਾਰੇ ਭਾਰਤ ਅੰਦਰ ਲੋਕ ਸੜਕਾਂ ‘ਤੇ ਉਤਰ ਆਏ। ਇਸਤਰੀਆਂ ਵੀ ਪਿੱਛੇ ਨਹੀਂ ਰਹੀਆਂ। ਮੁਹੰਮਦ ਅਲੀ ਅਤੇ ਸ਼ੌਕਤ ਅਲੀ ਦੀ ਅੰਮੀ ਬਾਈ (ਅੰਮਾਂ) ਅਬੀਦਾ-ਬੇਗਮ ਨੇ ਇਨ੍ਹਾਂ ਅੰਦੋਲਨਾਂ ਦੀ ਅਗਵਾਈ ਕੀਤੀ। ਇਸ ਲਹਿਰ ਵਿੱਚ ਰਾਜਕੁਮਾਰੀ ਅੰਮ੍ਰਿਤ ਕੌਰ, ਬੀਬੀ ਅਮਨ ਕੌਰ, ਲੇਖਵਤੀ ਜੈਨ ਵੱਲੋਂ ਪਾਇਆ ਯੋਗਦਾਨ ਵੀ ਸਲਾਹਉਣ ਯੋਗ ਹੈ। ਕਰਤਾਰ ਦੇਵੀ (ਬਠਿੰਡਾ) ਵੀ ਕਾਫੀ ਸਰਗਰਮ ਰਹੀ।
ਕੋਠਾਲਾ ਮੋਰਚਾ (1927) ਮਲੇਰਕੋਟਲਾ ਦੇ ਨਵਾਬ ਵਿਰੁੱਧ ਚੱਲੇ ਇਕ ਕਿਸਾਨ ਮੋਰਚੇ ਅੰਦਰ ਪੁਲੀਸ ਵੱਲੋਂ ਚਲਾਈ ਗੋਲੀ ਦੌਰਾਨ ਸ਼ਹੀਦ ਹੋਏ 14 ਲੋਕਾਂ ਵਿੱਚ ਇਸਤਰੀਆਂ ਤੇ ਬੱਚੇ ਵੀ ਸ਼ਾਮਲ ਹਨ।
ਕਿਰਤੀ ਮਾਸਕ ਪੱਤਰ: ਇਹ ਪਰਚਾ 1926 ਵਿੱਚ ਸ਼ੁਰੂ ਕੀਤਾ ਜੋ 1931 ਤੋਂ ਮਜ਼ਦੂਰਾਂ ਕਿਸਾਨਾਂ ਪੱਖੀ ਪਰਚੇ ਅੰਦਰ ਕਿਸਾਨਾਂ, ਮਜ਼ਦੂਰਾਂ, ਇਸਤਰੀਆਂ ਅਤੇ ਕੌਮੀ-ਕੌਮਾਂਤਰੀ ਖਬਰਾਂ ਤੋਂ ਬਿਨ੍ਹਾਂ ਮਾਰਕਸਵਾਦੀ ਸਿੱਖਿਆ ਵੀ ਛਾਪੀ ਜਾਂਦੀ ਸੀ। ਇਸ ਦਾ ਪੰਜਾਬ ਦੀ ਨੌਜਵਾਨ ਪੀੜ੍ਹੀ ਤੇ ਕਾਫੀ ਪ੍ਰਭਾਵ ਪਿਆ।
ਨੌਜਵਾਨ ਭਾਰਤ ਸਭਾ ਅਤੇ ਹਿੰਦੋਸਤਾਨ ਸੋਸ਼ਲਿਸ਼ਟ ਰੀਪਬਲੀਕਨ ਐਸੋਸੀਏਸ਼ਨ: ਇਨ੍ਹਾਂ ਜੱਥੇ- ਬੰਦੀਆਂ ਦਾ ਗਠਨ ਪੰਜਾਬ ਅਤੇ ਬਨਾਰਸ ਵਿਖੇ ਕੀਤਾ ਗਿਆ। ਪੰਜਾਬ ਅੰਦਰ ਇਨਕਲਾਬੀ ਵਿਚਾਰਾਂ ਅਤੇ ਸਰਗਰਮੀਆਂ ਨੂੰ ਅੱਗੇ ਵਧਾਉਣ ਲਈ ਇਨ੍ਹਾਂ ਜੱਥੇਬੰਦੀਆਂ ਦਾ ਉਘਾ ਰੋਲ ਰਿਹਾ ਹੈ।ਸ਼ਹੀਦ ਭਗਤ ਸਿੰਘ, ਭਗਵਤੀ ਚਰਨ ਵੋਹਰਾ, ਕਾਮ.ਰਾਮਚੰਦਰ, ਧੰਨਵੰਤਰੀ, ਸੁਖਦੇਵ ਸੋਢੀ, ਪਿੰਡੀ ਦਾਸ, ਰਾਮ ਕ੍ਰਿਸ਼ਨ, ਸਚਿੰਦਰ ਨਾਥ ਸਨਿਆਨ, ਚੰਦਰ ਸ਼ੇਖਰ ਆਦਿ ਇਨ੍ਹਾਂ ਲਹਿਰਾਂ ਦੇ ਉਘੇ ਆਗੂ ਸਨ। ‘‘ਦੁਰਗਾਵਤੀ ਇਨਕਲਾਬਣ“ ਇਕ ਮਹਾਨ ਇਸਤਰੀ ਸੀ ਜਿਸ ਨੇ ਇਨ੍ਹਾਂ ਲਹਿਰਾਂ ‘ਚ ਬੜੀ ਸਿਦਕ- ਦਿੱਲੀ ਨਾਲ ਯੋਗਦਾਨ ਪਾਇਆ। ਭਗਵਤੀ ਚਰਨ ਵੋਹਰਾਂ ਦੀ ਉਹ ਜੀਵਨ ਸਾਥਣ ਸੀ, ‘ਜਿਹੜਾਂ ਬੰਬ ਬਣਾਉਂਦਾ ਰਾਵੀ ਕੰਢੇ ਬੰਬ ਫੱਟਣ ਨਾਲ ਸ਼ਹੀਦ ਹੋ ਗਿਆ ਸੀ। ਬੀਬੀ ਵਿਦਿਆਵਤੀ ਭਗਤ ਸਿੰਘ ਦੇ ਮਾਤਾ ਜੀ, ‘ਵੱਲੋਂ ਇਸ ਲਹਿਰ ਦੌਰਾਨ ਪਾਏ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ।
ਆਲ ਪੰਜਾਬ ਸਟੂਡੈਂਟਸ ਕਾਨਫ੍ਰੰਸ (1929) ਪੰਜਾਬ ਅੰਦਰ ਜਦੋਂ ਆਲ ਪੰਜਾਬ ਸਟੂਡੈਂਟ ਕਾਨਫਰੰਸ ਦਸੰਬਰ 1929 ਨੂੰ ਹੋਈ, ਜਿਸ ਦੀ ਪ੍ਰਧਾਨਗੀ ਸੁਭਾਸ਼ ਚੰਦਰ ਬੋਸ ਨੇ ਕੀਤੀ ਸੀ। ਇਸ ਕਾਨਫਰੰਸ ਦੀ ਤਿਆਰ ਲਈ ਮਨਮੋਹਨੀ ਸਹਿਗਲ ਦਾ ਉੱਘਾ ਰੋਲ ਸੀ। ਪਹਿਲੀ ਵਾਰੀ ਨੌਜਵਾਨ ਲੜਕੀਆਂ ਖੁਲ੍ਹ ਕੇ ਖੁਲ੍ਹੀ ਰਾਜਸੀ ਫਿਜ਼ਾ ਅੰਦਰ ਦਾਖਲ ਹੋਈਆਂ।
ਸਿਵਲ ਨਾ ਫੁਰਮਾਨੀ ਲਹਿਰ (1929) ਇਹ ਲਹਿਰ 6 ਅਪ੍ਰੈਲ 1930 ਨੂੰ ਸਾਰੇ ਭਾਰਤ ਅੰਦਰ ਸ਼ੁਰੂ ਕੀਤੀ ਗਈ। ਪੰਜਾਬ ਅੰਦਰ ਸ਼੍ਰੀਮਤੀ ਪੁਸ਼ਪਾ ਗੁਜਰਾਲ ਦੀ ਅਗਵਾਈ ਵਿੱਚ ਸ਼ਹਿਰੀ ਹਲਕਿਆਂ ਅੰਦਰ ਇਸਤਰੀਆਂ ਇਸ ਲਹਿਰ ‘ਚ ਸ਼ਾਮਿਲ ਹੋਈਆਂ ਅਤੇ ਗ੍ਰਿਫਤਾਰੀਆਂ ਵੀ ਦਿੱਤੀਆਂ। ਬਸੰਤ ਕੌਰ ਪਿੰਡ ਅਕਲੀਆਂ ਬਠਿੰਡਾ ਨੇ ਵੀ ਇਸ ਲਹਿਰ ਵਿੱਚ ਹਿੱਸਾ ਲਿਆ।
ਪੰਜਾਬ ਅੰਦਰ ਕਿਸਾਨੀ ਮੋਰਚੇ: ਲਾਹੌਰ ਮੋਰਚਾ (1939) ਜੋ ਬੰਦੋਬਸਤ ਦੇ ਨਾਂ ਹੇਠ ਸਰਕਾਰ ਵੱਲੋਂ ਕਿਸਾਨਾਂ ਤੇ ਅਥਾਹ ਬੋਝ ਪਾਇਆ ਗਿਆ ਸੀ, ਜਿਸ ਵਿਰੁੱਧ ਇਕ ਕਿਸਾਨੀ ਰੋਹ ਪੈਦਾ ਹੋਇਆ। ਸ਼੍ਰੀਮਤੀ ਤੇਜ਼ ਕੌਰ ਭੰਗਾਲੀ ਇਕ ਇਸਤਰੀਆਂ ਦਾ ਜੱਥਾ ਲੈ ਕੇ ਗ੍ਰਿਫਤਾਰ ਹੋਈ। ਜੱਥਿਆਂ ਤੇ ਹੋਈ ਲਾਠੀ ਚਾਰਜ ਦੌਰਾਨ ਇੰਦਰ, ਨਰੈਣ ਕੌਰ, ਉਤਮ ਕੌਰ, ਸਖਤ ਜ਼ਖ਼ਮੀ ਹੋ ਗਈਆਂ। ਬਹੁਤ ਸਾਰੀਆਂ ਇਸਤਰੀ ਵਰਕਰਾਂ ਬੀਬੀ ਉਤਮ ਕੌਰ, ਬੇਅੰਤ ਕੌਰ ਅਤੇ ਭਾਗਣ ‘ਤੇ ਬੇ-ਤਿਹਾਸ਼ਾ ਅਤਿੱਆਚਾਰ ਕੀਤਾ ਗਿਆ। ਇਸ ਮੋਰਚੇ ਦੌਰਾਨ ਜੇਲ ਅੰਦਰ ਸਾਥੀ ਯੋਗਰਾਜ (ਹੁਸਿ਼ਆਰਪੁਰ) ਦਾ ਅੱਠ ਮਹੀਨਿਆਂ ਦਾ ਬੱਚਾ ਅਤੇ ਇਕ ਇਸਤਰੀ ਸ਼ਹੀਦ ਹੋ ਗਏ, ਬਹੁਤ ਸਾਰੇ ਕਿਸਾਨ ਅੰਦਲੋਨਾਂ, ਮੋਰਚਿਆਂ, ਮੁਜਾਰਾ ਲਹਿਰਾਂ ਦੌਰਾਨ ਅਨੇਕਾਂ ਇਸਤਰੀਆਂ ਜਿਥੇ ਪੁਲੀਸ ਅੱਤਿਆਚਾਰਾਂ ਦਾ ਸਿ਼ਕਾਰ ਹੋਈਆਂ, ਉਥੇ ਬਹੁਤ ਸਾਰੀਆਂ ਆਾਰਥਿਕ ਤੰਗੀਆਂ ਤਰੁਸ਼ੀਆਂ ਨੂੰ ਵੀ ਉਨ੍ਹਾਂ ਨੇ ਖਿੜੇ ਮੱਥੇ ਹੰਢਾਇਆ। ਬੀਬੀ ਵੀਰਾ ਵੀ ਕਾਫੀ ਸਰਗਰਮ ਰਹੀ ਜੋ ਬਾਬਾ ਸੋਹਣ ਸਿੰਘ ਭਕਨਾ ਦੀ ਧਰਮ-ਪੁੱਤਰੀ ਸੀ।
ਦੂਸਰੀ ਸੰਸਾਰ ਜੰਗ, ਕਿਰਤੀ ਪਾਰਟੀ ਦੀਆਂ ਸਰਗਗਰਮੀਆਂ 1939-1945 ਤੱਕ ਦੇ ਸਮੇਂ ਦੌਰਾਨ ਜੋ ਅੰਦੋਲਨ ਚਲੇ ਉਨ੍ਹਾਂ ਵਿੱਚ ਬੀਬੀ ਕਰਤਾਰ ਕੌਰ ਤਲਵੰਡੀ (ਜੰਡਿਆਲਾ) ਅੰਮ੍ਰਿਤਸਰ, ਵਰਿਆਮ ਕੌਰ ਅਤੇ ਸੰਤੀ ਨਾਨੋ ਨੰਗਲ (ਗੁਰਦਾਸਪੁਰ) ਵੱਲੋਂ ਪਾਏ ਯੋਗਦਾਨ ਅਤੇ ਸਰਗਰਮੀਆਂ ਕਾਰਨ ਇਸਤਰੀਆਂ ਅੰਦਰ ਆਈ ਜਾਗਰਿਤੀ ਇਸ ਦਾ ਪ੍ਰਮਾਣ ਪ੍ਰਗਟ ਕਰਦਾ ਹੈ। ਗੁਰਬਚਨ ਕੌਰ (1943-ਕੁਲ ਹਿੰਦ ਕਾਨਫ੍ਰੰਸ ਭਕਨਾ) ਪਿੰਡ ਹਵੇਲੀ ਲੱਧੇਵਾਲ, ਅੰਮ੍ਰਿਤਸਰ ਨੇ ਹਰਸਾ-ਛੀਨ ਮੋਰਚੇ ਦੌਰਾਨ ਫਿਰੋਜਪੁਰ ਵਿਖੇ ਕੈਦ ਕੱਟੀ।
ਭਾਰਤ ਛੱਡੋ ਅੰਦੋਲਨ (1942) : ਇਸ ਅੰਦੋਲਨ ਅੰਦਰ ਪੰਜਾਬ ਦੇ ਹਰ ਸ਼ਹਿਰ ਕਸਬੇ ਅੰਦਰ ਕਾਂਗਰਸ ਪਾਰਟੀ ਦੇ ਅੰਦੋਲਨਾਂ ਵਿੱਚ ਪੰਜਾਬੀ ਇਸਤਰੀਆਂ ਨੇ ਵੱਡਾ ਯੋਗਦਾਨ ਪਾਇਆ। ਸ਼੍ਰੀ ਮਤੀ ਪੁਸ਼ਪਾਵਤੀ, ਬੀਬੀ ਬੁਧੋਵੰਤੀ, ਹਰਨਾਮ ਕੌਰ, ਛੰਨੋਂ ਦੇਵੀ, ਇਸ ਅੰਦੋਲਨ ‘ਚ ਕੈਦ ਕੱਟਣ ਵਾਲੀਆਂ ਪੰਜਾਬਣਾਂ ਸਨ। ਸ਼੍ਰੀਮਤੀ ਸੀਤਾ ਦੇਵੀ ਪਤਨੀ ਸ਼ਬੀਲ ਦਾਸ (ਪਿ੍ਰੰ:) ਨੇ ਲੰਬੀ ਕੈਦ ਕੱਟੀ।
ਆਜ਼ਾਦ ਹਿੰਦ ਫੌਜ (1943-1945): ਆਜ਼ਾਦ ਹਿੰਦ ਫੌਜ ਵਿੱਚ ਸਭ ਤੋਂ ਵੱਧ ਗਿਣਤੀ ਪੰਜਾਬੀਆਂ ਦੀ ਹੋਣ ਕਰਕੇ ਪੰਜਾਬਣਾਂ ਦਾ ਯੋਗਦਾਨ ਵੀ ਵੱਡਮੁੱਲਾ ਸੀ। ਗੁਰਉਪਦੇਸ਼ ਕੌਰ ਅੱਕਾਵਾਲੀ (ਬਠਿੰਡਾ) ਨੇ ਸਿੰਘਾਪੁਰ ਦੀ ਧਰਤੀ ‘ਤੇ ਅਤੇ ਬੀਬੀ ਨਿਹਾਲ ਕੌਰ ਨੇ ਆਪਣੇ ਪਤੀ ਨਾਲ ਆਈ.ਐਨ.ਏ ਦੀਆਂ ਸਰਗਰਮੀਆਂ ਵਿੱਚ ਪੂਰੀ ਸਿ਼ਦਤ ਨਾਲ ਹਿੱਸਾ ਲਿਆ।
ਰਿਆਸਤੀ ਪਰਜਾ ਮੰਡਲ ਲਹਿਰਾਂ (1928-1948): ਇਨ੍ਹਾਂ ਲਹਿਰਾਂ ਅੰਦਰ ਜਮੀਨੀ ਮਾਲਕੀ ਦੇ ਅਧਿਕਾਰਾਂ ਲਈ ਚਲੇ ਅੰਦੋਲਨਾਂ ‘ਚ ਸ਼੍ਰੀਮਤੀ ਗੁਰਦਿਆਲ ਕੌਰ (ਧੰਨ ਸਿੰਘ ਵਾਲਾ), ਆਸੋ, ਅਜਮੇਰ ਕੌਰ, ਰਾਜ ਕੌਰ, ਚੰਦ ਕੌਰ ਆਦਿ ਜ਼ਿਲ੍ਹਾ ਬਠਿੰਡਾ ਵੱਲੋਂ ਪਟਿਆਲਾ ਵਿਖੇ ਕੈਦਾਂ ਕੱਟੀਆਂ। ਬੀਬੀ ਭਗਵਾਨ ਕੌਰ ਤਾਮਕੋਟ, ਬੀਬੀ ਨਿਹਾਲ ਕੌਰ ਬਹਿਮਣ ਦੀਵਾਨੇ, ਬਸੰਤ ਕੋਰ ਬਖਸ਼ੀਵਾਲਾ ਆਦਿ ਵੱਲੋਂ ਵੀ ਇਨ੍ਹਾਂ ਮੋਰਚਿਆਂ ‘ਚ ਸਜ਼ਾਵਾਂ ਭੁਗਤਣ ਵਾਲੀਆਂ ਵੀਰਾਂਗਣਾ ਸਨ। ਬੀਬੀ ਸਰਲਾ ਸ਼ਰਮਾ (ਹਿਮਾਚਲ), ਉੱਮਤ-ਅਸ ਸਲਾਮ ਤੇ ਕੁਸ਼ਲ ਗਰਗ ਪਟਿਆਲਾ, ਪਿੰਡ ਧੂਤ ਕਲਾਂ ਦੀਆਂ ਬੀਬੀਆਂ (ਹੁਸਿ਼ਆਰਪੁਰ), ਈਸ਼ਰ ਕੌਰ ਛਾਹੜ, ਕਰਤਾਰ ਕੌਰ, ਬੀਰ ਖੁਰਦ, ਕਰਤਾਰ ਕੌਰ, ਨਰਾਇਣ ਗੜ੍ਹ, ਪ੍ਰਸਿਨ ਕੌਰ ਖਿਆਲਾ ਖੁਰਦ, ਹਰਨਾਮ ਕੌਰ ਭੱਠਲ, ਧਰਮ ਕੌਰ ਲੌਂਗੋਵਾਲ, ਭਗਵਾਨ ਕੌਰ ਨਰੂਆਣਾ, ਸ਼੍ਰੀਮਤੀ ਫਰੈਂਡਾ ਬੇਦੀ ਅਤੇ ਹੋਰ ਬਹੁਤ ਸਾਰੀਆਂ ਇਸਤਰੀਆਂ ਨੇ ਇਨ੍ਹਾਂ ਲਹਿਰਾਂ ‘ਚ ਹਿੱਸਾ ਲਿਆ, ਜੋ ਪੁਲੀਸ ਤਸ਼ੱਦਦ ਦੀਆਂ ਸਿ਼ਕਾਰ ਹੋਈਆਂ ਤੇ ਕੈਦਾਂ ਕੱਟੀਆਂ।
ਆਜ਼ਾਦੀ ਤੋਂ ਬਾਅਦ ਚੱਲੀਆਂ ਲਹਿਰਾਂ: ਮੁਜਾਰਾ ਲਹਿਰ 1948-51 ਜੋ ਰਜਵਾੜਾਂ ਸ਼ਾਹੀ ਵਿਰੁੱਧ ਮੁਜਾਰਿਆਂ ਦਾ ਮਾਲਕੀ ਲਈ ਸੰਘਰਸ਼ ਸੀ। ਇਸ ਅੰਦੋਲਨ ਵਿੱਚ ਮੁਜਾਰਿਆਂ ਦੇ ਨਾਲ ਉਨ੍ਹਾਂ ਦੇ ਪ੍ਰਵਾਰਾਂ ਦਾ ਵੀ ਵੱਡਾ ਯੋਗਦਾਨ ਹੈ। ਪਿੰਡ ਬਖੋਰਾਂ ਕਲਾ, ਰੇਤ ਗੜ੍ਹੀਏ, ਦਲੇਲ ਸਿੰਘ ਵਾਲਾ ਆਦਿ ਪਿੰਡਾਂ ਅੰਦਰ ਗੈਰ-ਮਰੂਸੀ ਮੁਜਾਰੇ ਕਿਸਾਨਾਂ ਵੱਲੋਂ ਬੇਦਖਲੀ ਵਿਰੁੱਧ, ‘ਇਕ ਲੰਬਾ ਸਿਰੜੀ ਅਤੇ ਹਥਿਆਰ ਬੰਦ ਘੋਲ ਸੀ। ਇਸ ਘੋਲ ਵਿੱਚ ਧੰਨੋ ਬਖੌਰਾ, ਕਰਤਾਰ ਕੌਰ ਦਲੇਲ ਸਿੰਘ ਵਾਲਾ, ਹਰਨਾਮ ਕੌਰ ਸਤੀਕੇ, ਸ਼ਾਮੋ ਨਰਾਇਣਗੜ੍ਹ ਵਲੋਂ ਪਾਏ ਯੋਗਦਾਨ, ਦਿਖਾਇਆ ਹੌਸਲਾ ਤੇ ਕੁਰਬਾਨੀ ਨੇ ਪੰਜਾਬੀ ਇਸਤਰੀਆਂ ਅੰਦਰ ਇਕ ਨਵੀਂ ਰੂਹ ਫੂਕੀ ਸੀ।
ਖੁਸ਼-ਹੈਸੀਅਤ ਮੋਰਚਾ 1957: ਖੁਸ਼ ਹੈਸੀਅਤ ਟੈਕਸ ਵਿਰੁੱਧ ਚਲੇ ਅੰਦੋਲਨ ਦੌਰਾਨ ਇਸਤਰੀਆਂ ਵੀ ਯੋਗਦਾਨ ਪਾਉਣ ਤੋਂ ਪਿਛੇ ਨਹੀਂ ਰਹੀਆਂ। ਐਤੀਆਣਾ (ਲੁਧਿਆਣਾ) ਦੀਆਂ ਸ਼ਹੀਦ ਬੀਬੀਆਂ -ਚੰਦ ਕੌਰ, ਬਚਨੀ ਅਤੇ ਨਰੂੜ (ਕਪੂਰਥਲਾ) ਦੀਆਂ ਸ਼ਹੀਦ ਬੀਬੀਆਂ ਦੀ ਸ਼ਹਾਦਤ ਨੇ ਇਸਤਰੀ ਵਰਗ ਅੰਦਰ ਇਕ ਨਵੀਂ ਚੇਤਨਾ ਪੈਦਾ ਕੀਤੀ। ਪੰਜਾਬ ਦੇ ਕਈ ਥਾਵਾਂ ਤੇ ਹੋਇਆ ਪੁਲੀਸ ਤਸ਼ੱਦਦ ਵੀ ਲਹਿਰ ਨੂੰ ਦਬਾਅ ਨਹੀਂ ਸਕਿਆ। ਬੀਬੀ ਪ੍ਰੀਤਮ ਕੌਰ ਜੀਵਨ ਸਾਥਣ ਕਾਮ: ਹਰਕਿਸ਼ਨ ਸਿੰਘ ਸੁਰਜੀਤ ਅਤੇ ਬੀਬੀ ਪ੍ਰੀਤਮ ਕੌਰ ਜੀਵਨ ਸਾਥਣ ਗੁਰਬਖਸ਼ ਸਿੰਘ ਅੱਟਾ ਜਲੰਧਰ ਦਾ ਯੋਗਦਾਨ ਵਰਣਨਯੋਗ ਹੈ।
ਬੱਸ ਕਰਾਇਆ ਅੰਦੋਲਨ 1980-81: ਦਰਬਾਰਾ ਸਿੰਘ ਦੀ ਸਰਕਾਰ ਵੱਲੋਂ ਬੱਸਾਂ ਕਿਰਾਇਆਂ ‘ਚ ਕੀਤੇ ਵਾਧੇ ਵਿਰੁੱਧ ਸਾਰੇ ਪੰਜਾਬ ਅੰਦਰ ਅੰਦੋਲਨ ਵਿਢਿਆ ਗਿਆ। ਦਸੂਹਾ ਇਸ ਅੰਦੋਲਨ ਦਾ ਕੇਂਦਰ ਸੀ। ਪੰਜਾਬ ਅਸੰਬਲੀ ਘਿਰਾਉ ਲਈ ਪੁਲੀਸ ਦੀ ਸਖਤੀ ਅਤੇ ਰੋਕਾਂ ਦੇ ਬਾਵਜੂਦ ਵੀ ਇਕ ਵੱਡਾ ਇਸਤਰੀ ਜੱਥਾ ਜਿਸ ਦੀ ਅਗਵਾਈ ਰਾਜਿੰਦਰ ਕੌਰ ਚੋਹਕਾ ਕਰ ਰਹੀ ਸੀ, ਵੱਲੋਂ ਘਿਰਾਉ ਕਰਕੇ ਪੰਜਾਬ ਅਸੰਬਲੀ ਦਾ ਅਜਲਾਸ ਹੋਣ ਤੋਂ ਕਾਫੀ ਚਿਰ ਰੋਕ ਰੱਖਿਆ।
ਪੰਜਾਬ ਅੰਦਰ ਦਹਿਸ਼ਤਗਰਦੀ ਦੌਰਾਨ ਜਨਵਾਦੀ ਇਸਤਰੀ ਸਭਾ ਪੰਜਾਬ ਨੇ ਫਿਰਕੂ ਏਕਤਾ ਅਤੇ ਸਦਭਾਵਨਾ ਲਹਿਰਾਂ ਦੌਰਾਨ ਪੂਰੀ ਸਿ਼ਦਤ ਨਾਲ ਹਿੱਸਾ ਲਿਆ।
ਉਪਰੋਕਤ ਦਿੱਤੇ ਸੰਖੇਪ ਅੰਦੋਲਨਾਂ ‘ਚ ਭਾਵੇਂ! ਪੰਜਾਬ ਅੰਦਰ ਇਸਤਰੀ ਵਰਗ ਦੀ ਸ਼ਮੂਲੀਅਤ ਭਾਰੂ ਨਹੀਂ ਸੀ। ਪਰ ਇਕ ਜਮੂਹਰੀ ਅਤੇ ਜਨਤਕ ਅਧਾਰਿਤ ਇਸਤਰੀ ਲਹਿਰ ਦੇ ਅੱਗੇ ਵੱਧਣ ਦੇ ਸੁਨਹਿਰੀ ਮੌਕੇ ਜ਼ਰੂਰ ਪੈਦਾ ਹੋ ਗਏ।
ਪੰਜਾਬ ਅੰਦਰ ਜਮਹੂਰੀ ਅਤੇ ਜਨਤਕ ਅਧਾਰ ਵਾਲੀ ਇਸਤਰੀ ਜੱਥੇਬੰਦੀ ਦਾ ਜਨਮ: ਪੰਜਾਬ ਅੰਦਰ ਇਸਤਰੀ ਵਰਗ, ‘ਕਿਸੇ ਨਾ ਕਿਸੇ ਰੂਪ ਅੰਦਰ, ‘19-ਵੀਂ ਸਦੀ ਦੇ ਅੰਤਲੇ ਦਹਾਕਿਆਂ ਤੋਂ 20-ਵੀਂ ਦੇ ਚੌਥੇ ਦਹਾਕੇ ਤੱਕ, ਕਿਸਾਨਾਂ, ਕਿਰਤੀਆਂ, ਨੌਜਵਾਨਾਂ ਅਤੇ ਕੌਮੀ ਅੰਦੋਲਨਾਂ ਤੋਂ ਬਿਨਾਂ, ‘ਨੌਜਵਾਨ ਸਭਾ, ਕਿਰਤੀ-ਕਿਸਾਨ ਪਾਰਟੀ, ਕਮਿਊਨਿਸਟ ਪਾਰਟੀ, ਫਾਰਵਰਡ ਬਲਾਕ, ਇਨਕਲਾਬੀ ਗਰੁੱਪਾਂ ਅਤੇ ਹੋਰ ਕਈ ਜਮਹੂਰੀ ਜੱਥੇਬੰਦੀਆਂ ਅੰਦਰ ਸਰਗਰਮੀ ਨਾਲ ਹਿੱਸਾ ਪਾਉਂਦਾ ਰਿਹਾ ਹੈ। ਜੱਥੇਬੰਦੀਆਂ ਅਤੇ ਕਾਰਕੁਨਾਂ ਤੱਕ ਸੁਨੇਹੇ ਭੇਜਣ, ਰਿਹਾਇਸ਼ ਦਾ ਪ੍ਰਬੰਧ ਅਤੇ ਪੁਲੀਸ ਘੇਰਿਆਂ ਵਿੱਚੋਂ ਆਗੂ ਨੂੰ ਹਿਫ਼ਾਜਤੀ ਤਰੀਕੇ ਨਾਲ ਸੁਰੱਖਿਆ ਥਾਵਾਂ ਤੇ ਪਹੁੰਚਾਉਣ ਦੇ ਬਹਾਦਰੀ ਵਾਲੇ ਕਾਰਨਾਮੇ ਵੀ ਇਤਿਹਾਸ ਦੇ ਪੰਨਿਆਂ ਤੇ ਨਾਂ ਇਨ੍ਹਾਂ ਵੀਰਾਂਗਣਾ ਦੇ ਲਿਖੇ ਹੋਏ ਹਨ।
ਸ਼ਹੀਦ ਭਗਤ ਸਿੰਘ ਨੂੰ ਲਾਹੌਰ ਤੋਂ ਕਲਕੱਤੇ ਪਹੁੰਚਾਉਣ ‘ਚ, ‘ਬੀਬੀ ਦੁਰਗਾ ਦੇਵੀ ਵੱਲੋਂ ਦਿਖਾਈ ਬਹਾਦਰੀ, ਗਦਰ ਪਾਰਟੀ ਦੀ ਬੀਬੀ ਗੁਲਾਬ ਕੌਰ ਵੱਲੋਂ ਮਫ਼ਰੂਰ ਗਦਰੀਆਂ ਨੂੰ ਸੁਨੇਹੇ, ਸਮਾਨ ਅਤੇ ਹਥਿਆਰ ਪਹੁੰਚਾਉਣੇ ਅਤੇ ਬੀਬੀ ਰਘਵੀਰ ਕੌਰ ਵੱਲੋਂ ਕਿਸਾਨੀ ਮੋਰਚਿਆਂ ‘ਚ ਮੋਹਰਲੀਆਂ ਕਤਾਰਾਂ ‘ਚ ਸ਼ਾਮਲ ਹੋ ਕੇ ਗੋਰੀ ਸਰਕਾਰ ਅਤੇ ਜਗੀਰਦਾਰਾਂ ਨੂੰ ਲਲਕਾਰਨਾ, ਕੀਤੀਆਂ ਕੁਰਬਾਨੀਆਂ, ਇਨ੍ਹਾਂ ਵੀਰਾਂਗਣਾ ਦੇ ਕਾਰਨਾਮੇ ਅਤੇ ਲਹਿਰਾਂ ‘ਚ ਪਏ ਯੋਗਦਾਨ ਸਦਾ ਯਾਦ ਰਹਿਣਗੇ। ਬੀਬੀ ਰਘਵੀਰ ਕੌਰ ਕਮਿਊਨਿਸਟ ਪਾਰਟੀ ਵੱਲੋਂ 1937 ਨੂੰ ਅੰਮ੍ਰਿਤਸਰ ਜਿਲੇ ‘ਚ ਐਮ.ਐਲ.ਏ. ਚੁਣੀ ਜਾਣ ਵਾਲੀ ਆਜ਼ਾਦੀ ਤੋਂ ਪਹਿਲੀ ਕਮਿਊਨਿਸਟ ਆਗੂ ਸੀ। ਉਹ ਇਕ ਦਲੇਰ ਇਸਤਰੀ ਆਗੂ ਸੀ।
ਪੰਜਾਬ ਅੰਦਰ ਇਸਤਰੀ ਜਮਹੂਰੀ ਜਨ-ਅੰਦੋਲਨ ਭਾਵੇਂ ਅੱਜੇ ਤੱਕ ਪੂਰੀ ਤਰ੍ਹਾਂ ਵਿਕਸਤ ਨਹੀ ਸੀ ਹੋ ਸੱਕਿਆ, ਪਰ ਇਸਤਰੀ ਅੰਦੋਲਨ, ‘ਰਾਜ ਅੰਦਰ ਅਨੇੇਕ ਤਰ੍ਹਾਂ ਦੇ ਵਿਚਾਰਧਾਰਕ ਪ੍ਰਵਿਰਤੀਆਂ ਨਾਲ ਜੁੜ ਕੇ ਹੋਂਦ ਵਿੱਚ ਜ਼ਰੂਰ ਆਏ। ਪੰਜਾਬ ਅੰਦਰ ਅੰਦੋਲਨ ਲਿੰਗਕ-ਅਸਮਾਨਤਾਂ ਅਤੇ ਨਾਬਰਾਬਰੀ ਵਰਗੇ ਮੁੱਦਿਆਂ ਨਾਲ ਜੁੜ ਕੇ ਪਨਪੇ ਜ਼ਰੂਰ, ਪਰ ! ਸਾਮੰਤਵਾਦੀ ਰੋਕਾਂ,ਅੰਧ-ਵਿਸ਼ਵਾਸ਼ ਅਤੇ ਜਮਹੂਰੀ ਲਹਿਰਾਂ ਦੇ ਕੰਮਜ਼ੋਰ ਹੋਣ ਕਾਰਣ,‘ ਪੰਜਾਬ ਅੰਦਰ ਇਸਤਰੀ ਸੰਗਠਨ ਅਤੇ ਜਮਹੂਰੀ ਅੰਦੋਲਨ ਬਹੁਤ ਪਛੜਕੇ ਹੋਂਦ ਵਿੱਚ ਆਇਆ। ਮਈ,1940 ਦੌਰਾਨ ਪੰਜਾਬ ਅੰਦੋਲਨ ਸਰਕਾਰੀ ਜ਼ਬਰ ਅਤੇ ਸਖਤੀ ਦਾ ਦੌਰ ਪੂਰੇ ਜੋਬਨ ਤੇ ਸੀ। ਪੰਜਾਬ ਦੀ ਖੱਬੀ ਧਿਰ ਭਾਵੇਂਂ ਸੀ.ਪੀ.ਆਈ, ਜੋ ਆਫੀਸ਼ੀਅਲ ਪਾਰਟੀ ਸੀ, ਕਿਰਤੀ ਪਾਰਟੀ ਜੋ ਪੰਜਾਬ ਅੰਦਰ ਵੱਧ ਪ੍ਰਭਾਵ ਰੱਖਦੀ ਸੀ, ਪਰ ਕੇਂਦਰ ‘ਚ ਮਾਨਤਾ ਪ੍ਰਾਪਤ ਨਹੀ ਸੀ। ਇਸੇ ਦੌਰਾਨ ਹੀ ਇਸਤਰੀ ਵਰਗ ਨੁੂੰ ਲਾਮਬੰਦ ਕਰਨ ਲਈ ਕਿਰਤੀ-ਪਾਰਟੀ ਵੱਲੋਂ ਉਪਰਾਲਾ ਕੀਤਾ ਜਾਂਦਾ ਗਿਆ। ਲਾਹੌਰ ਅੰਦਰ ਸ਼ਕੰੁਤਲਾ ਸ਼ਾਰਦਾ, ਜੋ ਇੱਕ ਖੱਬੇ ਪੱਖੀ ਸੋਚ ਰੱਖਣ ਵਾਲੀ ਇਸਤਰੀ ਕਾਰਕੁੰਨ ਸੀ। ਜੋ ਪਹਿਲਾਂ ਹੀ ਲੋਕਾਂ ਅੰਦਰ ਵਿਚਰਦੀ ਹੋਣ ਕਰਕੇ ਇੱਕ ਜਾਣ-ਪਛਾਣ ਵਾਲੀ ਕਾਰਕੁਨ ਅਤੇ ਆਗੂ ਵਜੋਂ ਪ਼੍ਰਵਾਨਤ ਸੀ। ਕਿਰਤੀ ਪਾਰਟੀ ਵੱਲੋਂ ਉਸ ਰਾਹੀ ਇੱਕ ਇਸਤਰੀ ਸੈਲ ਸਥਾਪਤ ਕੀਤਾ ਗਿਆ। ਇਸ ਸੈਲ ਵਿੱਚ ਸੁਸ਼ੀਲ ਕੁਮਾਰੀ ਦੀ ਸ਼ਮੂਲੀਅਤ ਹੋਣ ਕਰਕੇ ਮਜ਼ਬੂਤੀ ਆਈ। ਉਹ ਕਿਸਾਨ ਆਗੂ ਵੀ ਸੀ ਅਤੇ ਕਈ ਸੱਤਿਆਗ੍ਰਿਹਾਂ ਦੌਰਾਨ ਜੇਲ੍ਹਾਂ ‘ਚ ਜਾ ਚੁੱਕੀ ਸੀ, ਉਸ ਦੀ ਅਗਵਾਈ ਵਿੱਚ ਇਸਤਰੀਆਂ ਨੂੰ ਸੰਗਠਤ ਕਰਨ ਦੀ ਰਾਹ ਪੱਧਰਾ ਹੋ ਗਿਆ। ਗੁਰਦਾਸਪੁਰ ਤੋਂ ਤਿੰਨ-ਚਾਰ ਇਸਤਰੀਆਂ – ਹਰਜੀਤ ਕੌਰ, ਵਰਿਆਮ ਕੌਰ, ਕਿਸਾਨ ਸਭਾ ‘ਚ ਕੰਮ ਕਰਦੀਆ ਸਨ, ‘ਉਹ ਵੀ ਇਨ੍ਹਾ ਨਾਲ ਸ਼ਾਮਲ ਹੋ ਗਈਆ। ਗੁਰਦਾਸਪੁਰ ਤੋਂ ਬਿਨਾਂ ਮਦਨ-ਚੂਹੜ ਚੱਕ, ਇੰਦੀ-ਦਾਉਸਰ, ਲਾਜਵੰਤੀ -ਕੋਕਰੀ, ਅੰਮ੍ਰਿਤਸਰ ਜਿ਼ਲੇ ਵਿੱਚ ਸਰਲਾ, ਕਾਂਗੜਾ ਤੋ ਸੁਸ਼ੀਲ ਕੁਮਾਰੀ ਅਤੇ ਬਾਅਦ ਵਿੱਚ ਊੁਸ਼ਾ ਨੇ ਮਿਲਕੇ ਇਸਤਰੀ ਸਰਗਰਮੀਆਂ ਨੂੰ ਅੱਗੇ ਵਧਾਇਆ। ਜਿ਼ਲਾ ਸ਼ੇਖੂਪੁਰਾ ‘ਬੀਬੀ ਜੋਗਿੰਦਰ ਕੌਰ ਮਾਨ ਵੀ ਇਨ੍ਹਾਂ ਨਾਲ ਸ਼ਾਮਿਲ ਹੋ ਗਈ ਜਿਨ੍ਹਾਂ ਨੇ ਮਿਲ ਕੇ ਪੰਜਾਬ ਅੰਦਰ ਇਸਤਰੀ ਸੰਗਠਨ ਨੂੰ ਕਾਇਮ ਕਰਨ ਲਈ ਮੋਹਰੀ ਰੋਲ ਅਦਾ ਕੀਤਾ।
22-ਫਰਵਰੀ 1942 ਨੂੰ ਲਾਹੌਰ ਸ਼ਹਿਰ ਅੰਦਰ ਪਹਿਲੀ ਇਸਤਰੀ ਜਥੇਬੰਦੀ ‘‘ਪ੍ਰੋਗਰੈਸਿਵ ਵੋਮੈਨ ਕਾਨਫਰੰਸ” ਸੰਗਠਤ ਕੀਤੀ ਗਈ। ਕੈਂਬਲ ਪੁਰ ਜੇਲ੍ਹ ਅੰਦਰ ਕਿਰਤੀ-ਕਿਸਾਨ ਪਾਰਟੀ ਵੱਲੋਂ ਪੰਜਾਬ ਅੰਦਰ ਇਸਤਰੀ ਵਿੰਗ ਸਥਾਪਿਤ ਕਰਨ ਦਾ ਜੋ ਫੈਸਲਾ ਲਿਆ ਗਿਆ ਸੀ, ‘ ਉਸ ਤਹਿਤ ਬੀਬੀ ਰਘਬੀਰ ਕੌਰ ਐਮ ਼ਐਲ .ਏ ਨੂੰ ਪ੍ਰਧਾਨ,ਸੀਤਾ ਦੇਵੀ ਕਾਂਗਰਸ ਅਤੇ ਬਾਜੀ ਰਸ਼ੀਦ ਬੇਗਮ (ਮੁਸਲਿਮ ਲੀਗ) ਨੂੰ ਉਪਪ੍ਰਧਾਨ ਅਤੇ ਸੁਸ਼ੀਲ ਕੁਮਾਰੀ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਚੋਣ ਬਾਅਦ ਇਸਤਰੀ ਸਭਾ ਦੀ 2000 ਮੈਂਬਰ-ਸਿ਼ਪ ਕੀਤੀ ਗਈ। ਫਿਰੋਜ਼ਪੁਰ, ਸੇ਼ਖੂਪੁਰਾਂ, ਗੁਰਦਾਸਪੁਰ ਤੇ ਕਾਂਗੜਾ ਅੰਦਰ ਜਿਲ੍ਹਾ ਕਮੇਟੀਆਂ ਦਾ ਗਠਨ ਕੀਤਾ ਗਿਆ।ਪਰ ਛੇਤੀ ਹੀ ਭਾਰਤ ਦੀ ਵੰਡ ਹੋਣ ਕਾਰਨ, ‘ਇਸਤਰੀ ਜੱਥੇਬੰਦੀ ਵੀ ਅਗਸਤ 1947 ਬਾਅਦ ਖੇਰੂੰ-ਖੇਰੂ ਹੋ ਗਈ। ਇਸਤੋਂ ਬਿਨਾਂ ਪੰਜਾਬ ਅੰਦਰ ਚਲੀਆ ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀ, ਨੌਜਵਾਨਾਂ ਦੀਆ ਲਹਿਰਾਂ ਅਤੇ ਬਸਤੀਵਾਦੀ ਹਾਕਮਾਂ ਦੇ ਤਸ਼ਦੱਦ ਵਿਰੁੱਧ ਚਲੇ ਅੰਦੋਲਨਾਂ ਵਿੱਚ ਵੀ ਇਸਤਰੀਆਂ ਹਿੱਸਾ ਲੈਂਦੀਆ ਰਹੀਆਂ ਸਨ। ਪਹਿਲਾਂ-ਪਹਿਲਾਂ ਪੰਜਾਬ ਅੰਦਰ ਸ਼ਹਿਰੀ ਖੇਤਰਾਂ ‘ਚ, ਰਾਜਸੀ ਪ੍ਰਵਾਰਾਂ, ਉੱਚ ਵਰਗ ‘ਚ ਪੜ੍ਹੀਆਂ ਲਿਖੀਆਂ ਇਸਤਰੀਆ ਨੇ ਹੀ ਕੌਮੀ ਅੰਦੋਲਨਾਂ ਵਿੱਚ ਹਿੱਸਾ ਲਿਆ।ਹੌਲੀ-ਹੌਲੀ ਜਿਉਂ-ਜਿਉਂ ਜਾਗਰਿਤੀ, ਗਿਆਨ ਅਤੇ ਜਨਤਕ ਅੰਦੋਲਨ ਤੇਜ਼ ਹੁੰਦੇ ਗਏ, ਪੰਜਾਬੀ ਇਸਤਰੀਆਂ ਖਾਸ ਕਰਕੇ ਜੋ ਕਿਸਾਨ ਵਰਗ ਵਿੱਚੋਂ, ਅੱਗੇ ਆਈਆਂ, ਅਤੇ ਇਨ੍ਹਾਂ ਵਰਗੀ -ਅੰਦੋਲਨਾ ‘ਚ ਸ਼ਾਮਲ ਹੁੰਦੀਆ ਗਈਆਂ। 1942 ਤੋਂ ਬਾਅਦ ਹੀ ਇਸਤਰੀ ਜੱਥੇਬੰਦੀ ਨੇ ਇਸਤਰੀਆਂ ਦੇ ਮੱਸਲੇ ਲੈ ਕੇ,‘ ਜਮਹੂਰੀ ਢੰਗ ਅਤੇ ਜਮਰੂਹੀ ਸੋਚ ਨਾਲ ਇਸਤਰੀ ਵਰਗ ਨੂੰ ਲਾਮਬੰਦ ਕਰਨ ਲਈ ਉਪਰਾਲੇ ਸ਼ੁਰੂ ਕੀਤੇ।ਆਜ਼ਾਦੀ ਤੋਂ ਪਹਿਲਾਂ ਦਾ ਇਸਤਰੀ ਸੰਗਠਨ ,ਜੋ ਜਨਤਕ ਅਧਾਰਿਤ ਸੀ, ‘22 ਫਰਵਰੀ 1942 ਨੂੰ “ ਪ੍ਰੋਗਰੈਸਿਵ ਵੋਮੈਨ ਕਾਨਫਰੰਸ” ਦੇ ਨਾਂ ਹੇਠ ਲਾਹੌਰ ਵਿਖੇ ਹੋਂਦ ਵਿੱਚ ਆਇਆ ਸੀ।
1947 ਨੂੰ ਭਾਰਤ ਅਤੇ ਪਾਕਿਸਤਾਨ ਦੇ ਹੋਂਦ ਵਿੱਚ ਆਉਣ ਨਾਲ ਜਿੱਥੇ ਲੋਕ ਫਿਰਕੂ਼ ਭਾਈਚਾਰਿਆਂ ਅੰਦਰ ਵੰਡੇ ਗਏ, ਪੰਜਾਬ ਅੰਦਰ ਦੋਨੋ ਪਾਸੇ ਹੋਈ ਫਿਰਕੂ ਕੱਟ-ਵੱਢ ਨੇ ਸਭ ਤੋਂ ਵੱਧ ਨੁਕਸਾਨ ਕੀਤਾ ਜਮਹੂਰੀ ਲਹਿਰਾਂ ਦਾ? ਜਿਸ ਦਾ ਅਸਰ ਪੰਜਾਬ ਇਸਤਰੀ ਲਹਿਰ ਤੇ ਪੈਣਾ ਵੀ ਲਾਜ਼ਮੀ ਸੀ। ਸੀ.ਪੀ.ਆਈ. ਵੱਲੋਂ ਪਹਿਲ ਕਦਮੀ ਕਰਕੇ ਮੁੜ ਪੰਜਾਬ ਅੰਦਰ, ‘ਪੰਜਾਬ ਇਸਤਰੀ ਸਭਾ ਨੂੰ ‘ਉਪਰੋਂ ਆਏ ਕੌਮੀ ਭਾਰਤੀ ਇਸਤਰੀ ਫੈਡਰੈਸ਼ਨ” (ਟ।।ਜ਼।ਰੁ) ਦੇ ਸੱਦੇ ਤੇ ‘ਗਠਿਤ ਕਰਕੇ ਸਰਗਰਮ ਕੀਤਾ ਗਿਆ। ਇਸ ਦੀਆ ਆਗੂ ਸਨ, ‘ਵਿਮਲਾ ਡਾਂਗ, ਉਰਮਿਲਾ ਆਨੰਦ, ਕੈਲਾਸ਼ਵਤੀ, ਉਸ਼ਮਾ ਰੇਖੀ, ਬੀਰ ਕਲਸੀ, ਸ਼ੀਲਾ ਦੀਦੀ, ਸੁਸ਼ੀਲਾ ਚੈਨ, ਹਾਕਮਦੇਵੀ, ਆਦਿ ਨੇ ਮੁੜ ਸਭਾ ਦੀਆਂ ਸਰਗਰਮੀਆਂ ਸਾਂਝੇ ਪੰਜਾਬ ਅੰਦਰ ਸ਼ੁਰੂ ਕਰ ਦਿੱਤੀਆਂ। 1964 ਦੇ ਪਾਰਟੀ ਅੰਦਰ ਆਏ ਵਿਚਾਰਕ ਮਤ -ਭੇਦ ਕਾਰਨ, ‘ਪੰਜਾਬ ਇਸਤਰੀ ਸਭਾ ਦੀ ਸਮੁੱਚੀ ਲੀਡਰਸਿ਼ਪ ਸੀ.ਪੀ.ਆਈ. ਨਾਲ ਸਹਿਮਤ ਹੋਣ ਕਰਕੇ, ‘ਪੰਜਾਬ ਯੂਨਿਟ ਕੌਮੀ ਭਾਰਤੀ ਇਸਤਰੀ ਫੈਡਰੇਸ਼ਨ ਨਾਲ ਜੁੜਿਆ ਰਿਹਾ, ਜਿਹੜਾ ਕਾਂਗਰਸ ਨਾਲ ਭਾਈਵਾਲੀ ਲਾਈਨ ਤੇ ਚਲ ਰਿਹਾ ਸੀ। ਇਸ ਲਈ ‘‘ਪੰਜਾਬ ਅੰਦਰ ਜਮਰੂਹੀ ਜਨਤਕ ਅਧਾਰਿਤ ਵਾਲੀ ਜਨਵਾਦੀ ਇਸਤਰੀ ਸਭਾ” ਨੂੰ ਉਸਾਰਨ ਲਈ ਬਾਅਦ ਵਿੱਚ ਯਤਨ ਅਰੰਭੇ ਗਏ। ਖਾਸ ਕਰਕੇ ਹੁਸਿ਼ਆਰਪੁਰ ਜਿ਼ਲੇ ਅੰਦਰ 1974 ਬਾਅਦ ਰਜਿੰਦਰ ਕੌਰ ਚੋਹਕਾ ਦੀ ਅਗਵਾਈ ਵਿੱਚ ਸਭਾ ਦੀ ਉਸਾਰੀ ਲਈ ਪਹਿਲ ਕਦਮੀ ਕੀਤੀ ਗਈ।
ਪੰਜਾਬ ਅੰਦਰ ਰਾਜਿੰਦਰ ਕੌਰ ਚੋਹਕਾ ਦੀ ਅਗਵਾਈ ਵਿੱਚ ਨਿਰਮਲਾ ਕੁਮਾਰੀ,ਸ਼ਮਿੰਦਰ ਕੌਰ ਲੌਂਗੋਵਾਲ, ਸੁਰਜੀਤ ਕੁਮਾਰੀ, ਗੁਰਮੇਜ਼ ਕੌਰ,ਆਸ਼ਾ ਰਾਣੀ ਆਦਿ ਪਾਰਟੀ ਦੀਆ ਇਸਤਰੀ ਮੈਬਰਾਂ ਦੀ ਟੀਮ ਨੇ ਫਿਲੌਰ ਵਿਖੇ 1980 ਨੂੰ ਪਹਿਲੀ ਕਨਵੈਨਸ਼ਨ ਕਰਕੇ, ‘ਪੰਜਾਬ ਜਨਵਾਦੀ ਇਸਤਰੀ ਸਭਾ ਦੇ ਗਠਨ ਦਾ ਬੀੜਾ ਚੁਕਿਆ। ਪੰਜਾਬ ਅੰਦਰ ਰਾਜਿੰਦਰ ਕੌਰ ਚੋਹਕਾ ਦੀ ਅਗਵਾਈ ਵਿੱਚ ਹੌਲੀ ਹੌਲੀ ਸੰਗਠਨ ਨੂੰ ਅੱਗੇ ਵਧਾਇਆ ਗਿਆ ਅਤੇ ਰਾਜ ਅੰਦਰ ਸਭਾ ਦੀਆਂ ਸਰਗਰਮੀਆਂ ਤੇਜ ਹੋਣ ਕਾਰਨ ਪ੍ਰਭਾਵ ਵਧਿਆ। 10-12 ਮਾਰਚ,1981 ਦੀ “ਐਡਵਾ” ਦੀ ਪਹਿਲੀ ਕੌਮੀ ਕਾਨਫ੍ਰੰਸ ਮਦਰਾਸ ਕਰਨ ਉਪਰੰਤ,‘ ਪੰਜਾਬ ਜਨਵਾਦੀ ਇਸਤਰੀ ਸਭਾ, ‘‘ਕੁਲ ਹਿੰਦ ਜਨਵਾਦੀ ਇਸਤਰੀ ਸਭਾ“ ਦੀ ਇਕ ਬ੍ਰਾਂਚ ਵੱਜੋਂ ਸਰਗਰਮ ਹੋ ਗਈ। ਇਥੇ ਇਹ ਵਰਨਣ ਕਰਨਾ ਲਾਜ਼ਮੀ ਹੈ, ‘ਕਿ ਪੰਜਾਬ ਅੰਦਰ ਦਹਿਸ਼ਤਗਰਦੀ ਦੇ ਕਾਲੇ ਦੌਰ ਦੌਰਾਨ ਜਨਵਾਦੀ ਇਸਤਰੀ ਸਭਾ ਪੰਜਾਬ, ‘ਨੇ ਪੰਜਾਬੀਆਂ ਦੀ ਏਕਤਾ ਲਈ, ਇਸਤਰੀ ਮੰਗਾਂ ਅਤੇ ਜਮਹੂਰੀ ਅੰਦੋਲਨਾਂ ਵਿੱਚ ਪੂਰੀ ਸਿ਼ਦਤ ਨਾਲ ਯੋਗਦਾਨ ਪਾ ਕੇ ਸਭਾ ਨੂੰ ਜਨਤਕ ਅਧਾਰ ਵਾਲੀ ਬਣਾਉਣ ਦੇ ਉਪਰਾਲੇ ਅਰੰਭੇ ਸੀ। 1980-81 ਦੇ ਪੰਜਾਬ ਅੰਦਰ ਬੱਸ ਕਰਾਇਆ-ਅੰਦੋਲਨ ਦੌਰਾਨ ਪੰਜਾਬ ਅਸੰਬਲੀ ਘਿਰਾਓ ਵੇਲੇ, ਜਿਸ ਨੇ ਅਸੰਬਲੀ ਦੀ ਕਾਰਵਾਈ ਸ਼ੁਰੂ ਹੋਣੋ ਰੋਕ ਦਿੱਤੀ ਸੀ। ਘਿਰਾਓ ਵੇਲੇ ਪਹਿਲੀ ਕਤਾਰ ‘ਚ ਸ਼ਾਮਲ ਇਸਤਰੀ ਸਭਾ ਦੀਆਂ ਕਾਰਕੁਨਾਂ ਸਨ, ਜਿਨ੍ਹਾਂ ਨੇ ਅਸੰਬਲੀ ਦਾ ਰਾਹ ਰੋਕਿਆ ਸੀ, ਜਿਸ ਦੀ ਅਗਵਾਈ ਰਾਜਿੰਦਰ ਕੌਰ ਚੋਹਕਾ ਨੇ ਕੀਤੀ ਸੀ। ਹੌਲੀ ਹੌਲੀ ਜਨਵਾਦੀ ਇਸਤਰੀ ਸਭਾ ਨੂੰ ਸੂਬਾਈ ਜੱਥੇਬੰਦਕ ਰੂਪ ਦੇਣ ਲਈ ਬਕਾਇਦਾ ਸਾਰੇ ਜਿ਼ਲ੍ਹਿਆਂ ਅੰਦਰ ਸਰਗਰਮੀਆਂ ਸ਼ੁਰੂ ਕਰਨ ਲਈ ਰਾਜਿੰਦਰ ਕੌਰ ਚੋਹਕਾ ਤੇ ਉਸ ਦੀ ਟੀਮ ਨੇ ਪੂਰੀ ਨਿਸ਼ਟਾ ਨਾਲ ਕੰਮ ਕੀਤਾ। ਸਭਾ ਨੂੰ ਜਨਤਕ-ਰੂਪ ਦੇਣ ਲਈ ਜਮਹੂਰੀ ਪ੍ਰਕਿਰਿਆ ਨੂੰ ਤੇਜ ਕੀਤਾ ਗਿਆ। ਸਭਾ ਦਾ ਘੇਰਾ ਵਿਸ਼ਾਲ ਹੋਇਆ, ਪਰ ! ਹਲਾਤਾਂ ਨੇ ਸਾਥ ਨਹੀਂ ਦਿੱਤਾ। ਬਹੁਤ ਸਾਰੇ ਉਤਰਾਵਾਂ ਅਤੇ ਚੜਾਵਾਂ ਬਾਦ, ‘ਮੌਜੂਦਾ ਜਨਵਾਦੀ ਇਸਤਰੀ ਸਭਾ ਦੇ ਰੂ-ਬਰੂ ਲੀਡਰਸਿ਼ਪ ਵੱਲੋਂ ਸਭਾ ਨੂੰ ਅੱਗੇ ਵਧਾਉਣ ਲਈ ਯਤਨ ਹੋ ਰਹੇ ਹਨ।
‘‘ਅੱਜ ਫਿਰ ਇਸਤਰੀ ਵਰਗ ਦੇਸ਼ ਦੀ ਸਮੁੱਚੀ ਕਿਸਾਨੀ ਦੇ ਸੰਗ ਦਿੱਲੀ ਦੇ ਕਿੰਗਰਿਆਂ ਨੂੰ ਘੇਰਾ-ਘੱਤੀ ਬੈਠੇ ਲੱਖਾਂ ਕਿਸਾਨ ਮਰਦ ਤੇ ਇਸਤਰੀਆਂ ਜਿਨ੍ਹਾਂ ਨੇ ਆਪਣੀ ਨੈਤਿਕਤਾ ਖੁਦ ਸਿਰਜੀ ਹੈ ਸੰਘਰਸ਼ਸ਼ੀਲ ਹੈ। ਬੜੇ ਸਬਰ ਤੇ ਹੌਸਲਿਆ ਨਾਲ ਸਹਿਣਸ਼ੀਲ ਰਹਿੰਦਿਆ, ਪੂਰੀ ਸੇਵਾ-ਭਾਵਨਾ ਤੇ ਕੁਰਬਾਨੀ ਨਾਲ ਆਪਣੀ ਕਿਰਤ ਨਾਲ ਪੈਦਾ ਕੀਤੇ ਅੰਨ ਜਿਸ ਨੇ ਸਾਡੇ ਰਗਾਂ ਅੰਦਰ ਲਾਲ-ਖੂਨ ਪੈਦਾ ਕੀਤਾ ਹੈ ਅਡੋਲ ਰਹਿ ਕੇ ਹਾਕਮਾਂ ਦੇ ਕਠੋਰ ਤੋਂ ਕਠੋਰ ਤਸੀਹੇ ਸਹਿਣ ਨੂੰ ਤਿਆਰ ਹਨ। ਇਸਤਰੀਆਂ ਜਿਨ੍ਹਾਂ ਨੇ ਬਿਨ੍ਹਾਂ ਅੰਨ ਖਾਧਿਆ, ਬੂੰਦ ਪਾਣੀ ਤੇ ਰਹਿ ਕੇ ਚੱਕੀਆਂ ਪੀਸੀਆਂ, ਆਪਣੇ ਬੱਚਿਆਂ ਦੇ ਟੋਟੇ-ਟੋਟੇ ਕਰਾਏ, ਪਰ ! ਸੀ ਨਹੀਂ ਕੀਤਾ ਅਤੇ ਈਨ ਨਹੀਂ ਮੰਨੀ, ਉਹ ਵਿਰਾਸਤ ਅੱਜੇ ਕਾਇਮ ਹੈ। ਸ਼ਹਾਦਤਾ ਵਾਲਾ ਜਿਨਾ ਦਾ ਇਤਿਹਾਸ ਕਾਇਮ ਹੈ, ਉਨ੍ਹਾਂ ਨੂੰ ਪੱਕਾ ਯਕੀਨ ਹੈ, ‘ਕਿ ਅਸੀਂ ਜਿਤਾਂਗੀਆਂ ! ਹਾਕਮਾਂ ਨੁੂੰ ਹਾਰ ਮੰਨਣੀ ਪੈਣੀ ਹੈ, ਇਸ ਲਈ ਭਾਰਤ ਹੀ ਨਹੀਂ, ਸਾਰੇ ਸੰਸਾਰ ਦਾ ਇਤਿਹਾਸ ਗਵਾਹ ਹੈ ਕਿ ਜਿੱਤ ਸੱਚ ਦੀ ਹੁੰਦੀ ਹੈ !! ਹਾਰ ਸਦਾ ਤਾਨਾਸ਼ਾਹਾਂ ਦੀ ਹੁੰਦੀ ਹੈੇ !!!
ਦੇਸ਼ ਅੰਦਰ ਬਸਤੀਵਾਦ ਵਿਰੁਧ ਮੁਕਤੀ ਅੰਦੋਲਨ ਤੋਂ ਲੈਕੇ ਆਜਾਦੀ ਬਾਅਦ ਸਮਾਜਕ ਤਬਦੀਲੀ ਲਈ ਚਲ ਰਹੇ ਸਾਰੇ ਅੰਦੋਲਨਾਂ ਅੰਦਰ, ਇਸਤਰੀ-ਵਰਗ ਨੇ ਸਮਰੱਥਾ ਅਨੁਸਾਰ ਯੋਗਦਾਨ ਪਾਇਆ ਹੈ ਤੇ ਹਿੱਸਾ ਲੈ ਰਹੀ ਹੈ। ਪਰ ! ਅੱਜੇ ਵੀ ਦੇਸ਼ ਦੀ ਰਾਜਸਤਾ ਦੇ ਸਮਾਜਕ, ਆਰਥਿਕ ਅਤੇ ਸਭਿਆਚਾਰ ਦੀਆਂ ਵਲਗਣਾਂ ਅੰਦਰ ਇਸਤਰੀ ਪ੍ਰਤੀ ਮਾਨਸਿਕਤਾ ਅਤੇ ਪੈਤ੍ਰਿਕ ਸੋਚ ਵਾਲੀ ਗੁਲਾਮੀ ਨੂੰ ਚੱਕਨਾ-ਚੂਰ ਕਰਨ ਲਈ ਹੋਰ ਸਮਾਂ ਲੱਗੇਗਾ ? ਚੇਤਨਾ, ਜੱਥੇਬੰਦਕ ਸੋਚ ਅਤੇ ਸੰਘਰਸ਼ ਹੀ ਇਸਤਰੀ ਦੀ ਬੰਦ-ਖਲਾਸੀ ਦਾ ਅਗਲਾ ਨਵਾਂ ਪੰਧ ਹੋਵੇਗਾ !
– ਰਾਜਿੰਦਰ ਕੌਰ ਚੋਹਕਾ
91-98725-44738
001-403-285-4208