ਕਾਬੁਲ (ਸਮਾਜ ਵੀਕਲੀ): ਤਾਲਿਬਾਨੀ ਲੜਾਕਿਆਂ ਦੇ ਅਫ਼ਗ਼ਾਨਿਸਤਾਨ ’ਤੇ ਕਾਬਜ਼ ਹੋਣ ਮਗਰੋਂ ਕਿਸੇ ਵੀ ਕੀਮਤ ’ਤੇ ਮੁਲਕ ਛੱਡਣ ਦੀ ਆਸ ਨਾਲ ਕਾਬੁਲ ਹਵਾਈ ਅੱਡੇ ’ਤੇ ਜੁੜੇ ਹਜੂਮ ਨੂੰ ਕੰਟਰੋਲ ਕਰਨ ਲਈ ਉਥੇ ਤਾਇਨਾਤ ਫੌਜ ਨੂੰ ਅੱਥਰੂ ਗੈਸ ਦੇ ਗੋਲੇ ਦਾਗ਼ਣੇ ਪਏ। ਵਾਲ ਸਟਰੀਟ ਜਰਨਲ ਨੇ ਆਪਣੀ ਇਕ ਰਿਪੋਰਟ ਵਿੱਚ ਦਾਅਵਾ ਕੀਤਾ ਕਿ ਅਫ਼ਗ਼ਾਨਿਸਤਾਨ ਤੋਂ ਬਾਹਰ ਜਾਣ ਵਾਲੀਆਂ ਉਡਾਣਾਂ ਦੇ ਅਮਲ ਨੂੰ ਤੇਜ਼ ਕਰ ਦਿੱਤਾ ਗਿਆ ਹੈ।
ਸੀਨੀਅਰ ਪੱਛਮੀ ਅਧਿਕਾਰੀਆਂ ਮੁਤਾਬਕ ਹਵਾਈ ਅੱਡੇ ’ਤੇ ਇਕੱਠੇ ਹੋਏ ਲੋਕਾਂ ਨੂੰ ਖਿੰਡਾਉਣ ਲਈ ਸੁਰੱਖਿਆ ਬਲਾਂ ਨੂੰ ਹਵਾ ਵਿੱਚ ਗੋਲੀਆਂ ਵੀ ਚਲਾਉਣੀਆਂ ਪਈਆਂ।
ਉਂਜ ਇਹ ਸਾਫ਼ ਨਹੀਂ ਹੈ ਕਿ ਇਹ ਫੌਜੀ ਅਮਰੀਕੀ ਸਨ। ਕਾਬੁਲ ਹਵਾਈ ਅੱਡੇ ’ਤੇ ਅਫ਼ਗਾਨ, ਬ੍ਰਿਟਿਸ਼ ਤੇ ਹੋਰਨਾਂ ਪੱੱਛਮੀ ਮੁਲਕਾਂ ਦੇ ਸੁਰੱਖਿਆ ਬਲ ਮੌਜੂਦ ਹਨ। ਅਮਰੀਕੀ ਫੌਜ ਨੇ ਵੀ ਇਸ ਘਟਨਾ ਬਾਰੇ ਫੌਰੀ ਕੋਈ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ ਹੈ। ਦੱਸ ਦੇਈਏ ਕਿ ਤਾਲਿਬਾਨ ਲੜਾਕਿਆਂ ਨੇ ਕਾਬੁਲ ਦੇ ਕੌਮਾਂਤਰੀ ਹਵਾਈ ਅੱਡੇ ਨੂੰ ਭਾਵੇਂ ਘੇਰਾ ਪਾ ਰੱਖਿਆ ਹੈ, ਪਰ ਇਹ ਅਜੇ ਵੀ ਅਮਰੀਕੀ ਫੌਜਾਂ ਦੇ ਕਬਜ਼ੇ ਹੇਠ ਹੈ। ਸੁਰੱਖਿਆ ਬਲਾਂ ਵੱਲੋਂ ਹਵਾਈ ਅੱਡੇ ਤੋਂ ਬਾਹਰ ਆ ਕੇ ਹਜੂਮ ਨੂੰ ਖਿੰਡਾਇਆ ਜਾ ਰਿਹਾ ਹੈ ਤਾਂ ਕਿ ਹਵਾਈ ਅੱਡੇ ਅੰਦਰ ਦਾਖਲ ਹੋਣ ਵਾਲੇ ਪਰਿਵਾਰਾਂ ਲਈ ਰਾਹ ਬਣਾਇਆ ਜਾ ਸਕੇ। ਨਾਟੋ ਮੁਲਕ ਤੇ ਹੋਰ ਭਾਈਵਾਲ ਪਿਛਲੇ ਇਕ ਹਫ਼ਤੇ ਦੌਰਾਨ ਹੁਣ ਤੱਕ 20 ਹਜ਼ਾਰ ਦੇ ਕਰੀਬ ਲੋਕਾਂ ਨੂੰ ਅਫ਼ਗ਼ਾਨਿਸਤਾਨ ’ਚੋਂ ਬਾਹਰ ਕੱਢ ਚੁੱਕੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly