ਕਾਬੁਲ- ਇਥੋਂ ਦੇ ਵਿਆਹ ਸਮਾਗਮ ਵਿਚ ਖੁਦਕੁਸ਼ ਬੰਬਾਰ ਵਲੋਂ ਕੀਤੇ ਗਏ ਧਮਾਕੇ ਨਾਲ 63 ਜਣਿਆਂ ਦੀ ਮੌਤ ਹੋ ਗਈ ਤੇ 182 ਜ਼ਖ਼ਮੀ ਹੋ ਗਏ। ਇਹ ਬੰਬ ਧਮਾਕਾ ਪੱਛਮੀ ਕਾਬੁਲ ਵਿਚ ਉਸ ਵੇਲੇ ਹੋਇਆ ਜਦੋਂ ਅਮਰੀਕਾ ਵਲੋਂ ਅਫਗਾਨਿਸਤਾਨ ਵਿਚ ਫੌਜ ਦੀ ਨਫਰੀ ਘਟਾਉਣ ਲਈ ਤਾਲਿਬਾਨ ਨਾਲ ਸਮਝੌਤਾ ਆਖਰੀ ਪੜਾਅ ’ਤੇ ਹੈ। ਲਾੜੇ ਮੀਰਵਾਇਜ਼ ਨੇ ਸਥਾਨਕ ਤੋਲੋ ਨਿਊਜ਼ ਨਾਲ ਗੱਲਬਾਤ ਕਰਦਿਆਂ ਦੱਸਿਆ ਇਸ ਧਮਾਕੇ ਕਾਰਨ ਉਸ ਦੀ ਪਤਨੀ ਤੇ ਪਰਿਵਾਰ ਡੂੰਘੇ ਸਦਮੇ ਵਿਚ ਹੈ। ਧਮਾਕੇ ਨੇ ਪਲਾਂ ਵਿਚ ਹੀ ਉਸ ਦੀਆਂ ਖੁਸ਼ੀਆਂ ਗਮੀ ਵਿਚ ਬਦਲ ਦਿੱਤੀਆਂ ਹਨ। ਹੁਣ ਉਹ ਸਾਰੀ ਉਮਰ ਖੁਸ਼ੀਆਂ ਨਹੀਂ ਦੇਖ ਸਕੇਗਾ ਕਿਉਂਕਿ ਉਸ ਦੇ ਦੋਸਤ ਤੇ ਰਿਸ਼ਤੇਦਾਰ ਧਮਾਕੇ ਕਾਰਨ ਮਾਰੇ ਗਏ ਹਨ। ਹਸਪਤਾਲ ਵਿਚ ਜ਼ੇਰੇ ਇਲਾਜ ਇਕ ਹੋਰ ਨੇ ਦੱਸਿਆ ਕਿ ਇਸ ਵਿਆਹ ਸਮਾਗਮ ਵਿਚ 1200 ਮਹਿਮਾਨਾਂ ਨੂੰ ਸੱਦਾ ਦਿੱਤਾ ਗਿਆ ਸੀ ਤੇ ਧਮਾਕਾ ਉਦੋਂ ਹੋਇਆ ਜਦੋਂ ਸਾਰੇ ਜਣੇ ਨੱਚਣ ਵਿਚ ਮਸ਼ਰੂਫ ਸਨ। ਉਸ ਨੇ ਦੱਸਿਆ ਕਿ ਇਹ ਧਮਾਕਾ ਮਰਦਾਂ ਵਾਲੇ ਪੰਡਾਲ ਵਿਚ ਹੋਇਆ ਜਿਸ ਨਾਲ ਚਾਰੇ ਪਾਸੇ ਭਾਜੜ ਪੈ ਗਈ। ਇਹ ਵੀ ਪਤਾ ਲੱਗਾ ਹੈ ਕਿ ਇਹ ਵਿਆਹ ਸਮਾਗਮ ਸ਼ੀਆ ਫਿਰਕੇ ਨਾਲ ਸਬੰਧਤ ਸੀ ਤੇ ਸੁੰਨੀਆਂ ਦੀ ਬਹੁਤਾਤ ਵਾਲੇ ਅਫਗਾਨਿਸਤਾਨ ਵਿਚ ਸ਼ੀਆ ਲੋਕਾਂ ਨੂੰ ਅਕਸਰ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ। ਦੂਜੇ ਪਾਸੇ ਜਹਾਦੀ ਜਥੇਬੰਦੀ ਇਸਲਾਮਿਕ ਸਟੇਟ ਨੇ ਧਮਾਕੇ ਦੀ ਜ਼ਿੰਮੇਵਾਰੀ ਲੈ ਲਈ ਹੈ। ਰਾਸ਼ਟਪਤੀ ਅਸ਼ਰਫ ਗਨੀ ਨੇ ਧਮਾਕੇ ਦੀ ਨਿੰਦਾ ਕੀਤੀ ਹੈ ਜਦਕਿ ਅਫਗਾਨਿਸਤਾਨ ਦੇ ਮੁੱਖ ਕਾਰਜਕਾਰੀ ਅਬਦੁੱਲਾ ਅਬਦੁੱਲਾ ਦੇ ਇਸ ਨੂੰ ਮਨੁੱਖਤਾ ਖਿਲਾਫ਼ ਜੁਰਮ ਕਰਾਰ ਦਿੱਤਾ।
HOME ਕਾਬੁਲ: ਖੁਦਕੁਸ਼ ਬੰਬਾਰ ਵੱਲੋਂ ਕੀਤੇ ਧਮਾਕੇ ਕਾਰਨ 63 ਮੌਤਾਂ