ਕਾਨਪੁਰ (ਸਮਾਜਵੀਕਲੀ) : ਉੱਤਰ ਪ੍ਰਦੇਸ਼ ਦੇ ‘ਹਿਸਟਰੀ-ਸ਼ੀਟਰ’ (ਅਪਰਾਧੀ) ਵਿਕਾਸ ਦੂਬੇ ਨੂੰ ਗ੍ਰਿਫ਼ਤਾਰ ਕਰਨ ਲਈ ਯੂਪੀ ਪੁਲੀਸ ਨੇ 25 ਟੀਮਾਂ ਦਾ ਗਠਨ ਕੀਤਾ ਹੈ। ਦੱਸਣਯੋਗ ਹੈ ਕਿ ਉਸ ਦੀ ਗ੍ਰਿਫ਼ਤਾਰੀ ਲਈ ਛਾਪਾ ਮਾਰਨ ਗਏ 8 ਪੁਲੀਸ ਕਰਮੀ ਸ਼ਹੀਦ ਹੋ ਗਏ ਸਨ। ਇਸ ਘਟਨਾ ਨੂੰ 36 ਘੰਟੇ ਬੀਤ ਚੁੱਕੇ ਹਨ ਪਰ ਵਿਕਾਸ ਅਜੇ ਵੀ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਕਾਨਪੁਰ ਦੇ ਆਈਜੀ (ਪੁਲੀਸ) ਮੋਹਿਤ ਅਗਰਵਾਲ ਨੇ ਦੱਸਿਆ ਕਿ ਦੂਬੇ ਤੇ ਉਸ ਦੇ ਸਾਥੀਆਂ ਨੂੰ ਕਾਬੂ ਕਰਨ ਲਈ 25 ਟੀਮਾਂ ਬਣਾਈਆਂ ਗਈਆਂ ਹਨ ਜੋ ਕਿ ਯੂਪੀ ਦੇ ਵੱਖ-ਵੱਖ ਜ਼ਿਲ੍ਹਿਆਂ ਤੇ ਹੋਰਨਾਂ ਸੂਬਿਆਂ ਵਿਚ ਛਾਪੇ ਮਾਰ ਰਹੀਆਂ ਹਨ।
ਇਕ ਵੱਖਰੀ ਟੀਮ ਕਾਇਮ ਕੀਤੀ ਗਈ ਹੈ ਜੋ 500 ਮੋਬਾਈਲ ਫੋਨਾਂ ਦਾ ਡੇਟਾ ਲਗਾਤਾਰ ਛਾਣ ਰਹੀ ਹੈ। ਇਸ ’ਚੋਂ ਦੂਬੇ ਨਾਲ ਸਬੰਧਤ ਜਾਣਕਾਰੀ ਖੋਜੀ ਜਾ ਰਹੀ ਹੈ। ਵਿਕਾਸ ਦੂਬੇ ’ਤੇ ਕਰੀਬ 60 ਕੇਸ ਦਰਜ ਹਨ। ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਯੂਪੀ ਪੁਲੀਸ ਦੀ ਐੱਸਟੀਐਫ ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਪੁਲੀਸ ਨੇ ਇਨ੍ਹਾਂ ਬਾਰੇ ਜਾਣਕਾਰੀ ਦੇਣ ਵਾਲੇ ਲਈ ਇਨਾਮ ਵੀ ਰੱਖਿਆ ਹੈ। ਪੁਲੀਸ ਨੇ ਸ਼ੁੱਕਰਵਾਰ ਦੇਰ ਰਾਤ ਲਖ਼ਨਊ ਦੇ ਕ੍ਰਿਸ਼ਨਾਨਗਰ ਇਲਾਕੇ ’ਚ ਸਥਿਤ ਦੂਬੇ ਦੇ ਘਰ ਛਾਪਾ ਵੀ ਮਾਰਿਆ।
ਯੂਪੀ ਪੁਲੀਸ ਨੇ ਚੌਬੇਪੁਰ ਪੁਲੀਸ ਥਾਣੇ ਦੇ ਸਟੇਸ਼ਨ ਅਧਿਕਾਰੀ ਵਿਨੈ ਤਿਵਾੜੀ ਨੂੰ ਮੁਅੱਤਲ ਕਰ ਦਿੱਤਾ ਹੈ। ਅਪਰਾਧੀਆਂ ਵੱਲੋਂ ਪੁਲੀਸ ਉਤੇ ਕੀਤੇ ਹਮਲੇ ’ਚ ਤਿਵਾੜੀ ਦੀ ਮਿਲੀਭੁਗਤ ਬਾਰੇ ਸ਼ੱਕ ਜ਼ਾਹਿਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪੁਲੀਸ ‘ਹਿਸਟਰੀ-ਸ਼ੀਟਰ’ ਵਿਕਾਸ ਦੂਬੇ ਨੂੰ ਗ੍ਰਿਫ਼ਤਾਰ ਕਰਨ ਲਈ ਛਾਪਾ ਮਾਰਨ ਗਈ ਸੀ।
ਤਿਵਾੜੀ ਖ਼ਿਲਾਫ਼ ਵਿਭਾਗੀ ਜਾਂਚ ਆਰੰਭੀ ਗਈ ਹੈ। ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ ਦੇ ਚੌਬੇਪੁਰ ਥਾਣੇ ਅਧੀਨ ਪੈਂਦੇ ਇਲਾਕੇ ਵਿਚ ਅਪਰਾਧੀਆਂ ਨਾਲ ਹੋਏ ਮੁਕਾਬਲੇ ’ਚ ਸ਼ਹੀਦ ਹੋਏ ਅੱਠ ਪੁਲੀਸ ਕਰਮੀਆਂ ਦਾ ਵੱਖ-ਵੱਖ ਥਾਵਾਂ ’ਤੇ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਕਿਹਾ ਕਿ ਵਿੱਤੀ ਮਦਦ ਸਣੇ ਰਾਜ ਸਰਕਾਰ ਵੱਲੋਂ ਐਲਾਨੀ ਸਰਕਾਰੀ ਨੌਕਰੀ ਪੀੜਤ ਪਰਿਵਾਰਾਂ ਦੇ ਮੈਂਬਰਾਂ ਨੂੰ ਜਲਦੀ ਦਿੱਤੀ ਜਾਵੇਗੀ। ਸ਼ਹੀਦ ਹੋਣ ਵਾਲਿਆਂ ’ਚ ਡੀਐੱਸਪੀ ਦੇਵੇਂਦਰ ਮਿਸ਼ਰਾ (54), ਕਾਂਸਟੇਬਲ ਸੁਲਤਾਨ ਸਿੰਘ (34), ਐੱਸਐਚਓ ਮਹੇਸ਼ ਕੁਮਾਰ ਯਾਦਵ (42), ਐੱਸਆਈ ਅਨੂਪ ਕੁਮਾਰ ਸਿੰਘ (32), ਐੱਸਆਈ ਨੇਬੂ ਲਾਲ (48) ਤੇ ਕਾਂਸਟੇਬਲ ਜਿਤੇਂਦਰ ਪਾਲ (26), ਬਬਲੂ ਕੁਮਾਰ (23) ਤੇ ਰਾਹੁਲ ਕੁਮਾਰ (24) ਸ਼ਾਮਲ ਹਨ।