ਕਾਗਜ਼ ਤੇ ਡਰਾਇੰਗ …..

manjit kaur

(ਸਮਾਜਵੀਕਲੀ)- ਸਵੇਰੇ ਸਵੇਰੇ ਫ਼ੋਨ ਆਇਆ।ਮਾਂ ਬਹੁਤ ਬਿਮਾਰ ਸੀ। ਸੱਭ ਕੰਮ ਕਾਜ ਛੱਡ ਤੁਰੰਤ ਪਹੁੰਚ ਗਈ। ਪਤਾ ਸੀ ਕਿ ਦਿਲ ਦੀ ਬਿਮਾਰੀ ਹੈ ਉਹਨਾਂ ਨੂੰ। ਫ਼ੇਰ ਦੇਰ ਕਿਵੇਂ ਕਰਦੀ?
ਮਾਂ ਦੀ ਹਾਲਤ ਦੇਖੀ। ਠੀਕ ਨਹੀਂ ਸੀ। ਘਰਵਾਲ਼ੇ ਨੂੰ ਫ਼ੋਨ ਕੀਤਾ ਤਾਂ ਪਤਾ ਲੱਗਿਆ ਕਿ ਉਹ ਬਹੁਤ ਦੂਰ ਹਨ। ਐਨੀ ਛੇਤੀ ਨਹੀਂ ਪਹੁੰਚ ਸਕਦੇ। ਪਰ ਉਹਨਾਂ ਕਿਹਾ ਕਿ ਮੈਂ ਗੱਡੀ ਭੇਜਦਾ ਹਾਂ ਤੂੰ ਹਸਪਤਾਲ਼ ਲੈ ਜਾ। ਮੈਂ ਵੀ ਸਿੱਧਾ ਹਸਪਤਾਲ਼ ਹੀ ਪਹੁੰਚ ਜਾਵਾਂਗਾ।
“ਨਹੀਂ! ਤੁਸੀਂ ਥੋੜੀ ਦੇਰ ਰੁਕੋ। ਮੇਰੇ ਦਫ਼ਤਰ ਦੇ ਬੌਸ ਬਹੁਤ ਵਧੀਆ ਹਨ।ਉਹ ਤਾਂ ਬਿਲਕੁੱਲ ਮੈਨੂੰ ਆਪਣੀ ਭੈਣ ਦੀ ਤਰ੍ਹਾਂ ਸਮਝਦੇ ਹਨ। ਉਹ ਮੈਨੂੰ ਕੱਲ ਕਹਿ ਰਹੇ ਸਨ ਕਿ ਮੇਰੀ ਜਦੋਂ ਵੀ ਜਿੱਥੇ ਵੀ ਜ਼ਰੂਰਤ ਹੋਵੇ ਮੈਂ ਤੁਹਾਡੇ ਨਾਲ ਹਾਂ। ਮੈਂ ਉਹਨਾਂ ਨੂੰ ਫ਼ੋਨ ਕਰਦੀ ਹਾਂ। ਉਹ ਜ਼ਰੂਰ ਮੇਰੇ ਨਾਲ ਚੱਲਣ ਲਈ ਮੰਨ ਜਾਣਗੇ।” ਉਹਨੇ ਬੜੇ ਮਾਣ ਨਾਲ ਕਿਹਾ।
ਪਤੀਦੇਵ ਥੋੜਾ ਹੱਸੇ ਤੇ ਕਹਿਣ ਲੱਗੇ ਕਿ ਤੂੰ ਕੋਸ਼ਿਸ਼ ਕਰ ਲੈ। ਫਿਰ ਜੇ ਲੋੜ ਹੋਈ ਤਾਂ ਦੱਸ ਦੇਵੀਂ। ਗੱਡੀ ਤੁਰੰਤ ਪਹੁੰਚ ਜਾਏਗੀ।
“ਕੋਈ ਲੋੜ ਨਹੀਂ ਪਏਗੀ। ਮੈਂ ਹੁਣੇ ਸਰ ਨੂੰ ਫੋਨ ਕਰਦੀ ਹਾਂ। ਵੈਸੇ ਵੀ ਮੈਂ ਕਿਸੇ ਅਣਜਾਣ ਨਾਲ਼ ਨਹੀਂ ਜਾਣਾ। ਸਾਡੇ ਸਰ ਬਹੁਤ ਭਲੇ ਇਨਸਾਨ ਹਨ। ਤੁਸੀਂ ਇੰਟਰਨੈੱਟ ਤੇ ਦੇਖਿਆ ਕਰੋ ਉਹ ਕਿੰਨੇ ਵੱਡੇ ਸਮਾਜ ਸੇਵਕ ਹਨ।” ਉਹਨੇ ਪਤੀਦੇਵ ਦੇ ਹੱਸਣ ਦੇ ਅੰਦਾਜ਼ ਤੋਂ ਚਿੜ ਕੇ ਕਿਹਾ।
“ਚੱਲ ਕੋਈ ਨੀਂ। ਜਿਵੇਂ ਤੈਨੂੰ ਠੀਕ ਲੱਗੇ।” ਕਹਿ ਕੇ ਪਤੀਦੇਵ ਨੇ ਫ਼ੋਨ ਕੱਟ ਦਿੱਤਾ।
ਉਹਨੇ ਛੇਤੀ ਨਾਲ਼ ਆਪਣੇ ਬੌਸ ਨੂੰ ਫ਼ੋਨ ਕੀਤਾ। ਸਾਰੀ ਗੱਲ ਦੱਸੀ ਤੇ ਅੱਗੋਂ ਜਵਾਬ ਮਿਲ਼ਿਆ ਕਿ ਹਾਂਜੀ ਮੈਂ ਹੁਣੇ ਆਉਂਦਾ ਹਾਂ।
ਬੜੀ ਤੱਸਲੀ ਹੋਈ। ਹੁਣ ਉਹ ਬੇਸਬਰੀ ਨਾਲ਼ ਉਡੀਕ ਕਰਨ ਲੱਗੀ। ਬੱਸ ਥੋੜੀ ਦੇਰ ‘ਚ ਪਹੁੰਚ ਜਾਣਗੇ ਸਰ। ਮਾਂ ਨੂੰ ਤੇ ਆਪਣੇ ਆਪ ਨੂੰ ਤੱਸਲੀ ਦਿੰਦੀ। ਪਰ ਕਾਫ਼ੀ ਸਮਾਂ ਬੀਤ ਗਿਆ ਤੇ ਬੌਸ ਨਾ ਆਏ। ਵਿੱਚ ਵਿੱਚ ਪਤੀਦੇਵ ਦਾ ਫ਼ੋਨ ਆਇਆ ਪਰ ਉਹ ਇੱਕੋ ਗੱਲ ਕਹਿ ਰਹੀ ਸੀ ਕਿ ਬੱਸ ਥੋੜੀ ਦੇਰ ਹੋਰ। ਉਹ ਟ੍ਰੈਫਿਕ ‘ਚ ਫਸ ਗਏ ਹੋਣੇ। ਜਦ ਬੌਸ ਨੂੰ ਫ਼ੋਨ ਕਰਦੀ ਤਾਂ ਉਹ ਇਹੀ ਕਹਿੰਦੇ ਕਿ ਬੱਸ ਪਹੁੰਚ ਰਿਹਾ ਹਾਂ। ਪਰ ਫੇਰ ਉਹਨਾਂ ਦਾ ਫ਼ੋਨ ਲਗਣੋਂ ਹਟ ਗਿਆ। ਤੇ ਅਖ਼ੀਰ ਉਹਨਾਂ ਬੜੇ ਤਪਾਕ ਨਾਲ਼ ਕਿਹਾ ਕਿ ਮੈਡਮ ਤੁਹਾਡੇ ਪਤੀ ਕਿੱਥੇ ਹਨ, ਤੁਸੀਂ ਉਹਨਾਂ ਨੂੰ ਲੈ ਜਾਓ, ਮੈਂ ਵੀ ਪਹੁਚੰਣ ਦੀ ਕੋਸ਼ਿਸ਼ ਕਰਾਂਗਾ।ਇਸ ਸਮੇਂ ਮੇਰੇ ਕੋਲ਼ ਗੱਡੀ ਨਹੀਂ ਹੈ। ਡਰਾਈਵਰ ਲੈ ਕੇ ਗਿਆ ਹੈ ਕਿਤੇ।
ਉਹਨੂੰ ਇੰਝ ਲੱਗਿਆ ਕਿ ਜਿਵੇਂ ਕਿਸੇ ਸੁਪਨੇ ‘ਚੋ ਬਾਹਰ ਆਈ ਹੋਵੇ। ਕਿਸੇ ਨੂੰ ਭਰਾ ਸਮਝ ਕੇ ਐਡਾ ਮਾਣ ਕਰ ਲਿਆ ਸੀ ਕਿ ਪਤੀ ਦੀ ਗੱਲ ਨਹੀਂ ਸੁਣੀ।
ਹੁਣ ਕੁੱਝ ਸਮਝ ਨਹੀਂ ਆ ਰਹੀ ਸੀ ਕਿ ਕਿਹੜੇ ਮੂੰਹ ਨਾਲ ਪਤੀ ਨੂੰ ਫ਼ੋਨ ਕਰੇ! ਇੰਨੇ ਨੂੰ ਪਤੀ ਦਾ ਹੀ ਫ਼ੋਨ ਆ ਗਿਆ। ਪੁੱਛਣ ਲੱਗੇ ਕਿ ਹੁਣ ਭੇਜਾਂ ਗੱਡੀ?
ਉਹਨੂੰ ਲੱਗਾ ਕਿ ਤੰਜ਼ ਕੱਸ ਰਹੇ ਹਨ। ਦਿਲ ਦੁਖਿਆ….. ਰੋਣਾ ਨਿੱਕਲ ਗਿਆ…….
ਉਹ…. ਹੋ…… ਕਮਲ਼ੀ ਨਾ ਹੋਵੇ ਤਾਂ! ਮੈਂਨੂੰ ਪਤਾ ਹੈ ਕਿ ਤੂੰ ਬਹੁਤ ਭੋਲ਼ੀ ਹੈ। ਜਿੱਦਾਂ ਦੀ ਤੂੰ ਖ਼ੁਦ ਹੈ ਓਦਾਂ ਦੇ ਤੈਨੂੰ ਸਾਰੇ ਦਿੱਖਦੇ ਹਨ। ਅੱਜਕਲ੍ਹ ਸਮਾਜ ਸੇਵਾ ਜ਼ਿਆਦਾਤਰ ਲੋਕ ਸਿਰਫ਼ ਨੈੱਟ ਤੇ ਹੀ ਕਰਦੇ ਹਨ। ਅਸਲੀਅਤ ਕੁੱਝ ਹੋਰ ਹੀ ਹੁੰਦੀ ਹੈ।
ਤੂੰ ਫ਼ਿਕਰ ਨਾ ਕਰ। ਮੈਂ ਤੇਰੇ ਨਾਲ ਹਾਂ। ਬਾਹਰ ਗੱਡੀ ਆ ਗਈ ਹੈ। ਤੂੰ ਮੰਮੀ ਨੂੰ ਲੈ ਕੇ ਹਸਪਤਾਲ ਪਹੁੰਚ ਮੈਂ ਵੀ ਥੋੜੀ ਦੇਰ ਤੱਕ ਪਹੁੰਚ ਰਿਹਾ ਹਾਂ।
ਉਹਨੂੰ ਬਹੁਤ ਸ਼ਰਮ ਆ ਰਹੀ ਸੀ ਕਿ ਐਨਾ ਪੜ੍ਹ ਲਿਖ ਕੇ ਵੀ ਲੋਕਾਂ ਨੂੰ ਪਹਿਚਾਨਣਾ ਨਹੀਂ ਆਇਆ।ਉਹ ਸਿਰਫ਼ ਭਰਾ ਵਰਗੇ ਸਾਥ ਲਈ ਸਰ ਨੂੰ ਨਾਲ਼ ਲਿਜਾਣਾ ਚਾਹੁੰਦੀ ਸੀ ਨਾ ਕਿ ਕਿਸੇ ਹੋਰ ਕਾਰਨ ਕਰਕੇ। ਪਤਾ ਨਹੀਂ ਲੋਕ ਕਿਸੇ ਨੂੰ ਲਾਰੇ ਕਿਉਂ ਲਗਾਉਂਦੇ ਹਨ। ਪਰ ਹੁਣ ਉਹ ਸਮਝ ਚੁੱਕੀ ਸੀ ਕਿ ਕਈ ਵਾਰ ਕੁੱਝ ਚੀਜ਼ਾਂ ਕਾਗ਼ਜ਼ ਤੇ ਡਰਾਇੰਗ ਕੀਤੀਆਂ ਹੀ ਸੋਹਣੀਆਂ ਲੱਗਦੀਆਂ ਹਨ ਪਰ ਅਸਲ ਜ਼ਿੰਦਗੀ ਵਿੱਚ ਉਹਨਾਂ ਦੇ ਰੰਗ ਫਿੱਕੇ ਹੀ ਹੁੰਦੇ ਹਨ,ਸੋਚਦਿਆਂ ਹੋਇਆ ਹੁਣ ਉਹ ਗੱਡੀ ਵਿੱਚ ਮਾਂ ਨੂੰ ਬਿਠਾ ਕੇ ਆਪ ਵੀ ਬੈਠ ਗਈ।ਅੱਗੇ ਦੇਖਿਆ ਕਿ ਕੋਈ ਅਣਜਾਣ ਡਰਾਈਵਰ ਨਹੀਂ ਸੀ ਬਲਕਿ ਉਸਦਾ ਆਪਣਾ ਹੀ ਨਣਦੋਈ (ਪਤੀ ਦੇ ਜੀਜਾ ਜੀ) ਸੀ ਜੋ ਹਮੇਸ਼ਾਂ ਉਸਨੂੰ ਭੈਣ ਦੀ ਤਰ੍ਹਾਂ ਹੀ ਮੰਨਦੇ ਸਨ। ਉਹਨਾਂ ਨੂੰ ਦੇਖ਼ ਕੇ ਉਸਨੂੰ ਬਹੁਤ ਖੁਸ਼ੀ ਹੋਈ ਤੇ ਉਪਰੇਪਨ ਦਾ ਤੌਖ਼ਲਾ ਵੀ ਜਾਂਦਾ ਰਿਹਾ। ਆਪਣੀ ਬੇਵਕੂਫ਼ੀ ਕਾਰਨ ਐਨੀ ਦੇਰ ਬਿਮਾਰ ਮਾਂ ਨੂੰ ਇੰਤਜ਼ਾਰ ਕਰਵਾਉਣ ਲਈ ਉਹ ਮਨੋਂ ਮਨ ਅਫ਼ਸੋਸ ਕਰ ਰਹੀ ਸੀ।

ਮਨਜੀਤ ਕੌਰ ਲੁਧਿਆਣਵੀ,                                                                                                   ਸ਼ੇਰਪੁਰ, ਲੁਧਿਆਣਾ।                                                                                              ਸੰ:9464633059

 

ਸਮਾਜਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਓ ਪੰਜਾਬੀ ਮਾਂ- ਬੋਲੀ ਦਾ ਕਰਜ ਉਤਾਰਨ ਦਾ ਯਤਨ ਕਰੀਏ
Next articleਆਮ ਬਸ਼ਰ ਦੀ ਪਰਵਾਜ਼