ਪੀਲੀਭੀਤ– ਭਾਜਪਾ ਦੇ ਵਿਧਾਇਕ ਕਿਸ਼ਨ ਲਾਲ ਰਾਜਪੂਤ ਖ਼ਿਲਾਫ਼ ਇਕ ਪੁਲੀਸ ਕਾਂਸਟੇਬਲ ਦੀ ਬੂਟਾਂ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਵਿਧਾਇਕ ਦੇ ਨਾਲ 15 ਸਮਰਥਕਾਂ ਤੇ 35 ਹੋਰ ਅਣਪਛਾਤਿਆਂ ਵਿਰੁੱਧ ਵੀ ਕੇਸ ਦਰਜ ਹੋਇਆ ਹੈ। ਵੇਰਵਿਆਂ ਮੁਤਾਬਕ ਕੁੱਟਮਾਰ ਪੁਲੀਸ ਚੌਕੀ ਵਿਚ ਹੀ ਹੋਈ ਹੈ। ਮਾਮਲੇ ’ਚ ਕੇਸ ਅਦਾਲਤ ਦੇ ਹੁਕਮਾਂ ਤੋਂ ਬਾਅਦ ਦਰਜ ਹੋਇਆ ਹੈ। ਰਿਪੋਰਟ ਮੁਤਾਬਕ ਕਾਂਸਟੇਬਲ ਮੋਹਿਤ ਗੁੱਜਰ ਦਾ ਮੋਟਰਸਾਈਕਲ ਖ਼ਰੀਦਣ ਦੇ ਮਾਮਲੇ ’ਚ ਰਾਹੁਲ ਨਾਂ ਦੇ ਵਿਅਕਤੀ ਨਾਲ ਤਕਰਾਰ ਹੋਇਆ ਸੀ। ਪੁਲੀਸ ਮੁਲਾਜ਼ਮ ਨੇ ਬਾਈਕ 50,000 ਰੁਪਏ ਵਿਚ ਖ਼ਰੀਦਿਆ ਸੀ ਪਰ ਰਾਹੁਲ ਕੋਲ ਕਥਿਤ ਤੌਰ ’ਤੇ ਵੈਧ ਰਜਿਸਟਰੇਸ਼ਨ ਦਸਤਾਵੇਜ਼ ਨਹੀਂ ਸਨ। ਇਸ ਲਈ ਉਹ ਬਾਈਕ ਗੁੱਜਰ ਦੇ ਨਾਂ ਟਰਾਂਸਫ਼ਰ ਨਹੀਂ ਕਰ ਸਕਿਆ। ਮੋਹਿਤ ਇਸ ਤੋਂ ਬਾਅਦ ਰਾਹੁਲ ਤੋਂ ਪੈਸੇ ਵਾਪਸ ਮੰਗ ਕਰ ਰਿਹਾ ਸੀ। ਕਾਂਸਟੇਬਲ ਮੋਹਿਤ ਨੇ ਦੱਸਿਆ ਕਿ ਘਟਨਾ 12 ਸਤੰਬਰ ਨੂੰ ਵਾਪਰੀ ਸੀ। ਪੈਸੇ ਮੰਗਣ ’ਤੇ ਰਾਹੁਲ ਨੇ ਉਸ ਨੂੰ ਪੀਲੀਭੀਤ ਮੰਡੀ ਸਮਿਤੀ ਗੇਟ ’ਤੇ ਸੱਦ ਲਿਆ। ਉੱਥੇ ਵਿਧਾਇਕ ਦਾ ਭਤੀਜਾ ਰਿਸ਼ਭ ਤੇ ਕਈ ਹੋਰ ਪਹਿਲਾਂ ਹੀ ਮੌਜੂਦ ਸਨ। ਮੋਹਿਤ ਨੇ ਦੱਸਿਆ ਕਿ ਜਦ ਉਹ ਉੱਥੇ ਪੁੱਜਾ ਤਾਂ ਉਨ੍ਹਾਂ ਗਾਲਾਂ ਕੱਢੀਆਂ ਤੇ ਖਿੱਚ-ਧੂਹ ਕਰਨ ਮਗਰੋਂ ਉਸ ’ਤੇ ਫਾਇਰ ਵੀ ਕੀਤਾ। ਉਸ ਦੀ ਚੇਨ ਤੇ ਪਰਸ ਖੋਹ ਲਿਆ ਤੇ ਉਸ ਨੂੰ ਗੰਭੀਰ ਸੱਟਾਂ ਵੱਜੀਆਂ। ਜਦ ਉਹ ਜਾਨ ਬਚਾਉਂਦਾ ਚੌਕੀ ’ਤੇ ਪੁੱਜਾ ਤਾਂ ਵਿਧਾਇਕ ਅਤੇ ਹੋਰ ਉੱਥੇ ਆ ਗਏ। ਉਨ੍ਹਾਂ ਉਸ ਦੀ ਬੂਟਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਸ਼ਿਕਾਇਤ ਵੀ ਦਰਜ ਕਰਵਾਈ ਪਰ ਕੋਈ ਕਾਰਵਾਈ ਨਹੀਂ ਹੋਈ।
INDIA ਕਾਂਸਟੇਬਲ ਦੀ ਕੁੱਟਮਾਰ: ਭਾਜਪਾ ਵਿਧਾਇਕ ਨਾਮਜ਼ਦ