ਉੱਤਰ ਪ੍ਰਦੇਸ਼ ਵਿੱਚ ਵੱਡੀ ਪੇਸ਼ਕਦਮੀ ਕਰਦਿਆਂ ਕਾਂਗਰਸ ਨੇ ਅੱਜ ਕਿਹਾ ਕਿ ਉਹ ਹਾਲੀਆ ਆਮ ਚੋਣਾਂ ਵਿੱਚ ‘ਅਨੁਸ਼ਾਸਨ ਦੀ ਉਲੰਘਣਾ’ ਨਾਲ ਸਬੰਧਤ ਕੇਸਾਂ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਗਠਿਤ ਕਰੇਗੀ। ਇਸ ਦੇ ਨਾਲ ਹੀ ਪਾਰਟੀ ਨੇ ਸੂਬੇ ਵਿੱਚ ਆਪਣੀਆਂ ਸਾਰੀਆਂ ਜ਼ਿਲ੍ਹਾ ਕਮੇਟੀਆਂ ਭੰਗ ਕਰ ਦਿੱਤੀਆਂ ਹਨ। ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ.ਵੇਣੂਗੋਪਾਲ ਦੀ ਸਹੀ ਹੇਠ ਜਾਰੀ ਹੁਕਮਾਂ ਮੁਤਾਬਕ ਸੂਬੇ ਵਿੱਚ ਕਾਂਗਰਸ ਵਿਧਾਇਕ ਦਲ ਦੇ ਆਗੂ ਅਜੈ ਲਾਲੂ ਪੂਰਬੀ ਯੂਪੀ ਵਿੱਚ ਸੰਸਥਾਗਤ ਤਬਦੀਲੀ ਦੇ ਕੰਮਕਾਜ ਨੂੰ ਵੇਖਣਗੇ। ਇਸ ਦੇ ਨਾਲ ਹੀ ਯੂਪੀ ਵਿੱਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਵੀ ਦੋ ਮੈਂਬਰੀ ਕਮੇਟੀ ਬਣਾਈ ਜਾਵੇਗੀ। ਲੋਕ ਸਭਾ ਚੋਣਾਂ ਵਿੱਚ ਮਾੜੀ ਕਾਰਗੁਜ਼ਾਰੀ ਮਗਰੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਹਾਰ ਦੇ ਕਾਰਨਾਂ ਦੀ ਘੋਖ ਤੇ ਨਜ਼ਰਸਾਨੀ ਲਈ ਪਾਰਟੀ ਦੇ ਸੂਬਾਈ ਇੰਚਾਰਜਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਵਿੱਢ ਦਿੱਤਾ ਹੈ। ਕਾਂਗਰਸ ਦੇ ਸਿਖਰਲੇ ਸੂਤਰਾਂ ਮੁਤਾਬਕ ਪਾਰਟੀ ਦੀ ਛੱਤੀਸਗੜ੍ਹ ਇਕਾਈ ਦੇ ਇੰਚਾਰਜ ਪੀ.ਐੱਲ.ਪੁਨੀਆ ਨਾਲ ਮੁਲਾਕਾਤ ਮਗਰੋਂ ਰਾਹੁਲ ਸ਼ੁੱਕਰਵਾਰ ਨੂੰ ਸੂਬੇ ਨਾਲ ਸਬੰਧਤ ਸੀਨੀਅਰ ਆਗੂ ਟੀ.ਐੱਸ.ਦਿਓ ਨੂੰ ਵੀ ਮਿਲੇ ਸਨ। ਪਾਰਟੀ ਪ੍ਰਧਾਨ ਨੇ ਪੁਨੀਆ ਨਾਲ ਅੱਜ ਸ਼ਾਮ ਸਮੇਂ ਮੁੜ ਮੁਲਾਕਾਤ ਕੀਤੀ। ਰਾਹੁਲ ਗਾਂਧੀ ਬੁੱਧਵਾਰ ਤੇ ਸ਼ੁੱਕਰਵਾਰ ਨੂੰ ਕ੍ਰਮਵਾਰ ਮਹਾਰਾਸ਼ਟਰ ਦੇ ਇੰਚਾਰਜ ਮਲਿਕਾਰਜੁਨ ਖੜਗੇ ਤੇ ਦਿੱਲੀ ਦੇ ਇੰਚਾਰਜ ਪੀ.ਸੀ. ਚਾਕੋ ਨੂੰ ਮਿਲਣਗੇ।
HOME ਕਾਂਗਰਸ ਵੱਲੋਂ ਯੂਪੀ ’ਚ ਹਾਰ ’ਤੇ ਨਜ਼ਰਸਾਨੀ ਲਈ ਤਿੰਨ ਮੈਂਬਰੀ ਕਮੇਟੀ ਬਣਾਉਣ...