ਕਾਂਗਰਸ ਪਾਰਟੀ ਵੱਲੋਂ ਲੰਬੀ ਵਿੱਚ ਕੀਤੀ ਰੈਲੀ ’ਚ ਪਹੁੰਚਣ ਵਾਲੇ ਆਗੂਆਂ ਤੇ ਵਰਕਰਾਂ ਦੀ ਡਿਜੀਟਲ ਤਰੀਕੇ ਨਾਲ ਹਾਜ਼ਰੀ ਲਾਉਣ ਦਾ ਪ੍ਰਬੰਧ ਕੀਤਾ ਗਿਆ ਸੀ। ਪਾਰਟੀ ਵੱਲੋਂ ਸੋਸ਼ਲ ਮੀਡੀਆ ਉੱਪਰ ਸੁਨੇਹਾ ਭੇਜਿਆ ਗਿਆ ਸੀ ਕਿ ਕੋਈ ਵੀ ਵਰਕਰ ਜਾਂ ਆਗੂ ਰੈਲੀ ਵਿੱਚ ਸ਼ਾਮਲ ਹੋਣ ਲੱਗਿਆਂ ਆਪਣੇ ਮੋਬਾਈਲ ਫੋਨ ਉਪਰ ਵੀਡੀਓ ਤਿਆਰ ਕਰੇ। ਇਸ ਵਿੱਚ ਬੋਲਿਆ ਜਾਵੇ ਕਿ ਉਹ ਲੰਬੀ ਰੈਲੀ ਵਿੱਚ ਆਪਣੇ ਕਿੰਨੇ ਸਾਥੀਆਂ ਨਾਲ ਅਤੇ ਕਿਸ ਆਗੂ ਦੀ ਅਗਵਾਈ ਹੇਠ ਸ਼ਾਮਲ ਹੋਣ ਲਈ ਤੁਰ ਰਿਹਾ ਹੈ। ਇਹ ਵੀਡੀਓ ਇੱਕ ਮੋਬਾਈਲ ਨੰਬਰ ਉੱਪਰ ਭੇਜਣ ਦੀ ਹਦਾਇਤ ਕੀਤੀ ਗਈ ਸੀ। ਇਸੇ ਪ੍ਰਕਿਰਿਆ ਰੈਲੀ ਪੰਡਾਲ ਵਿੱਚ ਜਾਣ ਤੋਂ ਬਾਅਦ ਵੀ ਦੁਹਰਾਈ ਜਾਵੇ। ਇਸ ਤਰ੍ਹਾਂ ਕਾਂਗਰਸ ਪਾਰਟੀ ਨੇ ਹਰ ਵਰਕਰ ’ਤੇ ਮਜ਼ਬੂਤ ਨਿਗ੍ਹਾ ਰੱਖਣ ਦਾ ਪ੍ਰਬੰਧ ਕੀਤਾ ਹੋਇਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਸਾਰੇ ਵਰਕਰਾਂ ਤੇ ਆਗੂਆਂ ਨੇ ਇਸ ਤਰੀਕੇ ਦਾ ਪਾਲਣ ਕੀਤਾ। ਮੁਕਤਸਰ ਤੋਂ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕਾ ਕਰਨ ਕੌਰ ਬਰਾੜ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ ਅਤੇ ਜ਼ਿਲ੍ਹਾ ਪਰਿਸ਼ਦ ਮੈਂਬਰ ਭੀਨਾ ਬਰਾੜ ਨੇ ਵੱਖੋ-ਵੱਖ ਥਾਵਾਂ ’ਤੇ ਆਪਣੇ ਵਰਕਰ ਇਕੱਠੇ ਕਰਕੇ ਆਪਣੇ ਸ਼ਕਤੀ ਪ੍ਰਦਰਸ਼ਨ ਦੇ ਨਾਲ ਰੈਲੀ ਵੱਲ ਕੂਚ ਕੀਤਾ। ਸੂਤਰਾਂ ਅਨੁਸਾਰ ਮੁਕਤਸਰ ਹਲਕੇ ਤੋਂ ਸੌ ਬੱਸਾਂ ਗਈਆਂ ਜਿਸ ਵਿੱਚ ਕਰੀਬ ਦਰਜਨ ਭਰ ਬੱਸਾਂ ਹਨੀ ਫੱਤਣਵਾਲਾ ਤੇ ਅੱਧੀ ਦਰਜਨ ਭੀਨਾ ਬਰਾੜ ਨੇ ਭਰੀਆਂ ਬਾਕੀ ਸ੍ਰੀਮਤੀ ਬਰਾੜ ਦੇ ਹਿੱਸੇ ਸਨ। ਸ੍ਰੀਮਤੀ ਬਰਾੜ ਮੁਕਤਸਰ-ਬਠਿੰਡਾ ਬਾਈਪਾਸ ਉਪਰ ਸੈਂਕੜੇ ਗੱਡੀਆਂ ਦੇ ਕਾਫ਼ਲੇ ਨਾਲ ਰਵਾਨਗੀ ਕੀਤੀ।
INDIA ਕਾਂਗਰਸ ਰੈਲੀ: ਵਰਕਰਾਂ ਦੀ ਡਿਜੀਟਲ ਹਾਜ਼ਰੀ ਲੱਗੀ