ਵਾਸ਼ਿੰਗਟਨ- ਕਾਂਗਰਸਮੈੱਨ ਅਮੀ ਬੇਰਾ, ਰੋ ਖੰਨਾ ਅਤੇ ਦੋ ਮਹਿਲਾਵਾਂ ਸਮੇਤ ਛੇ ਤੋਂ ਵੱਧ ਭਾਰਤੀ-ਅਮਰੀਕੀਆਂ ਨੇ ਨਵੰਬਰ ’ਚ ਪ੍ਰਤੀਨਿਧ ਸਭਾ ਦੀਆਂ ਹੋਣ ਵਾਲੀਆਂ ਚੋਣਾਂ ਲਈ ਪ੍ਰਾਇਮਰੀਜ਼ ’ਚ ਜਿੱਤਾਂ ਦਰਜ ਕੀਤੀਆਂ ਹਨ। ਡੈਮੋਕਰੈਟਿਕ ਪਾਰਟੀ ਦੇ ਆਗੂਆਂ ਬੇਰਾ (55) ਅਤੇ ਖੰਨਾ (43) ਨੇ ਕ੍ਰਮਵਾਰ ਸੱਤਵੇਂ ਅਤੇ 17ਵੇਂ ਕਾਂਗਰਸ ਡਿਸਟ੍ਰਿਕਟਸ ’ਚ ਆਸਾਨ ਜਿੱਤ ਹਾਸਲ ਕੀਤੀ ਹੈ। ਬੇਰਾ ਲਗਾਤਾਰ ਪੰਜਵੀਂ ਵਾਰ ਹੇਠਲੇ ਸਦਨ ਲਈ ਚੁਣੇ ਜਾਣ ਦੀ ਦੌੜ ’ਚ ਹਨ ਜਦਕਿ ਖੰਨਾ ਲਗਾਤਾਰ ਤੀਜੀ ਵਾਰ ਚੋਣ ਲੜ ਰਹੇ ਹਨ। ਉਨ੍ਹਾਂ ਦਾ ਮੁਕਾਬਲਾ ਰਿਪਬਲਿਕਨ ਪਾਰਟੀ ਦੇ ਇਕ ਹੋਰ ਭਾਰਤੀ-ਅਮਰੀਕੀ ਰਿਤੇਸ਼ ਟੰਡਨ ਨਾਲ ਹੋਵੇਗਾ। ਪ੍ਰਾਇਮਰੀਜ਼ ’ਚ ਟੰਡਨ ਦੂਜੇ ਸਥਾਨ ’ਤੇ ਆਏ ਹਨ। ਕੈਲੀਫੋਰਨੀਆ ਦੇ ਕਾਨੂੰਨਾਂ ਮੁਤਾਬਕ ਚੋਟੀ ’ਤੇ ਰਹਿਣ ਵਾਲੇ ਦੋ ਉਮੀਦਵਾਰਾਂ ਦੇ ਨਾਮ ਹੀ ਨਵੰਬਰ ’ਚ ਹੋਣ ਵਾਲੀਆਂ ਚੋਣਾਂ ਦੌਰਾਨ ਬੈਲੇਟ ’ਤੇ ਆਉਣਗੇ। ਰਿਪਬਲਿਕਨ ਪਾਰਟੀ ਵੱਲੋਂ ਨਿਸ਼ਾ ਸ਼ਰਮਾ ਕੈਲੀਫੋਰਨੀਆ ਦੇ 11ਵੇਂ ਕਾਂਗਰਸ ਡਿਸਟ੍ਰਿਕਟ ਤੋਂ ਪ੍ਰਾਇਮਰੀ ਜਿੱਤੀ ਹੈ। ਉਹ ਨਵੰਬਰ ਚੋਣਾਂ ’ਚ ਡੈਮੋਕਰੈਟਿਕ ਪਾਰਟੀ ਦੇ ਮੌਜੂਦਾ ਸੰਸਦ ਮੈਂਬਰ ਮਾਰਕ ਡਿਸੌਲਨੀਅਰ ਨੂੰ ਚੁਣੌਤੀ ਦੇਣਗੇ।
ਡੈਮੋਕਰੈਟਿਕ ਪਾਰਟੀ ਦੇ ਰਿਸ਼ੀ ਕੁਮਾਰ ਕੈਲੀਫੋਰਨੀਆ ਦੀ 18ਵੀਂ ਕਾਂਗਰਸ ਡਿਸਟ੍ਰਿਕਟ ’ਚ 15.9 ਫ਼ੀਸਦ ਵੋਟਾਂ ਨਾਲ ਦੂਜੇ ਸਥਾਨ ’ਤੇ ਰਹੇ। ਉਨ੍ਹਾਂ ਦਾ ਮੁਕਾਬਲਾ ਆਪਣੀ ਹੀ ਪਾਰਟੀ ਦੀ ਮੌਜੂਦਾ ਸੰਸਦ ਮੈਂਬਰ ਐਨਾ ਜੀ ਇਸ਼ੂ ਨਾਲ ਹੋਵੇਗਾ। ਭਾਰਤੀ-ਅਮਰੀਕੀ ਮੈਨਗਾ ਅਨੰਤਾਤਮੁਲਾ ਨੇ ਵਰਜੀਨੀਆ ਦੇ 11ਵੇਂ ਕਾਂਗਰਸ ਡਿਸਟ੍ਰਿਕਟ ਤੋਂ ਜਿੱਤ ਹਾਸਲ ਕੀਤੀ ਹੈ। ਉਹ ਡੈਮੋਕਰੈਟਿਕ ਪਾਰਟੀ ਦੇ ਗੇਰੀ ਕੋਨੌਲੀ ਨੂੰ ਚੁਣੌਤੀ ਦੇਵੇਗੀ। ਪ੍ਰਿਸਟਨ ਕੁਲਕਰਨੀ ਟੈਕਸਸ ਦੇ 22ਵੇਂ ਡਿਸਟ੍ਰਿਕਟ ਤੋਂ ਵੱਡੀ ਜਿੱਤ ਦਰਜ ਕੀਤੀ ਹੈ।
World ਕਾਂਗਰਸ ਪ੍ਰਾਇਮਰੀਜ਼ ’ਚ ਛੇ ਤੋਂ ਵੱਧ ਭਾਰਤੀ-ਅਮਰੀਕੀ ਜੇਤੂ