ਚੰਡੀਗੜ੍ਹ : 21 ਅਕਤੂਬਰ 2019 ਨੂੰ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ‘ਚ ਹੋ ਰਹੀਆਂ ਜ਼ਿਮਨੀ ਚੋਣਾਂ ਲਈ ਕਾਂਗਰਸ ਹਾਈ ਕਮਾਨ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ। ਇਸੇ ਤਰ੍ਹਾਂ ਹਲਕਾ ਦਾਖਾ ਤੋਂ ਸ੍ਰੋਮਣੀ ਅਕਾਲੀ ਦਲ ਨੇ ਵੀ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ।
ਕਾਂਗਰਸ ਦਫ਼ਤਰ ਵੱਲੋਂ ਅੱਜ ਜਾਰੀ ਕੀਤੇ ਗਏ ਪ੍ਰੈੱਸ ਨੋਟ ਅਨੁਸਾਰ ਵਿਧਾਨ ਸਭਾ ਹਲਕਾ ਫਗਵਾੜਾ (ਰਾਖਵਾਂ) ਤੋਂ ਸ੍ਰੀ ਬਲਵਿੰਦਰ ਸਿੰਘ ਧਾਲੀਵਾਲ, ਮੁਕੇਰੀਆਂ ਤੋਂ ਸ੍ਰੀਮਤੀ ਇੰਦੂ ਬਾਲਾ, ਦਾਖਾ ਤੋਂ ਸ੍ਰੀ ਸੰਦੀਪਕ ਸਿੰਘ ਸੰਧੂ ਅਤੇ ਜਲਾਲਾਬਾਦ ਤੋਂ ਸ੍ਰੀ ਰਮਿੰਦਰ ਵਾਲਾ ਨੂੰ ਟਿਕਟ ਦਿੱਤੀ ਗਈ ਹੈ।
ਕਾਂਗਰਸ ਦੇ ਜਨਰਲ ਸਕੱਤਰ ਸ੍ਰੀ ਮੁਕੁਲ ਵਾਸਨਿਕ ਦੇ ਦਸਤਖਤਾਂ ਹੇਠ ਜਾਰੀ ਕੀਤੇ ਗਏ ਪ੍ਰੈੱਸ ਨੋਟ ‘ਚ ਦੱਸਿਆ ਗਿਆ ਕਿ ਇਨ੍ਹਾਂ ਉਮੀਦਵਾਰਾਂ ਨੂੰ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੇ ਮਨਜੂਰੀ ਦਿੱਤੀ ਹੈ।
ਉਧਰ ਹਲਕਾ ਦਾਖਾ ਤੋਂ ਸ੍ਰੋਮਣੀ ਅਕਾਲੀ ਦਲ (ਬ) ਨੇ ਮਨਪ੍ਰੀਤ ਇਆਲੀ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਨਪ੍ਰੀਤ ਸਿੰਘ ਇਆਲੀ ਨੂੰ ਜ਼ਿਮਨੀ ਚੋਣ ਲੜਨ ਲਈ ਹਰੀ ਝੰਡੀ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਜਲਾਲਾਬਾਦ ਵਿਧਾਨ ਸਭਾ ਸੀਟ ਵਿਧਾਇਕ ਸੁਖਬੀਰ ਸਿੰਘ ਬਾਦਲ ਦੇ ਸੰਸਦ ਮੈਂਬਰ ਚੁਣੇ ਜਾਣ ਪਿੱਛੋਂ ਖਾਲੀ ਹੋਈ ਸੀ। ਇਸੇ ਤਰ੍ਹਾਂ ਫਗਵਾੜਾ ਸੀਟ ਤੋਂ ਵਿਧਾਇਕ ਸੋਮ ਪ੍ਰਕਾਸ਼ ਵੀ ਸੰਸਦ ਮੈਂਬਰ ਚੁਣੇ ਗਏ ਹਨ ਅਤੇ ਮੌਜੂਦਾ ਸਮੇਂ ‘ਚ ਉਹ ਕੇਂਦਰੀ ਮੰਤਰੀ ਹਨ। ਦਾਖਾ ਵਿਧਾਨ ਸਭਾ ਸੀਟ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਵੱਲੋਂ ਅਸਤੀਫ਼ਾ ਦੇਣ ਕਾਰਨ ਖਾਲੀ ਹੋਈ ਹੈ। ਇਸੇ ਤਰ੍ਹਾਂ ਮੁਕੇਰੀਆਂ ਸੀਟ ਤੋਂ ਵਿਧਾਇਕ ਰਜਨੀਸ਼ ਬੱਬੀ ਦੀ ਮੌਤ ਹੋਣ ਕਾਰਨ ਖਾਲੀ ਹੋਈ ਹੈ।