ਕਾਂਗਰਸ ਨੇ ਦੇਸ਼ ਦੇ ਰੱਖਿਆ ਹਿੱਤਾਂ ਨਾਲ ਸਮਝੌਤਾ ਕੀਤਾ: ਮੋਦੀ

ਰੋਹਤਾਂਗ (ਸਮਾਜ ਵੀਕਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ’ਤੇ ਤਿੱਖਾ ਹਮਲਾ ਕਰਦਿਆਂ ਅੱਜ ਕਿਹਾ ਕਿ ਊਨ੍ਹਾਂ ਦੇ ਸ਼ਾਸਨ ਦੌਰਾਨ ਦੇਸ਼ ਦੇ ਰੱਖਿਆ ਹਿੱਤਾਂ ਨਾਲ ਸਮਝੌਤਾ ਕੀਤਾ ਗਿਆ। ਸ੍ਰੀ ਮੋਦੀ ਨੇ ਕਿਹਾ ਕਿ ਊਨ੍ਹਾਂ ਦੀ ਸਰਕਾਰ ਲਈ ਮੁਲਕ ਦੀ ਸੁਰੱਖਿਆ ਨਾਲੋਂ ਹੋਰ ਵਧੇਰੇ ਕੁਝ ਵੀ ਅਹਿਮ ਨਹੀਂ ਹੈ। ਰਣਨੀਤਕ ਤੌਰ ’ਤੇ ਅਹਿਮ ਅਤੇ ਦੁਨੀਆ ਦੀ ਸਭ ਤੋਂ ਲੰਬੀ (9.02 ਕਿਲੋਮੀਟਰ) ਅਟਲ ਸੁਰੰਗ ਦਾ ਊਦਘਾਟਨ ਕਰਦਿਆਂ ਪ੍ਰਧਾਨ ਮੰਤਰੀ ਵਿਰੋਧੀ ਧਿਰ ’ਤੇ ਵਰ੍ਹੇ। ਇਸ ਸੁਰੰਗ ਵਾਲੇ ਰਾਜਮਾਰਗ ਨਾਲ ਮਨਾਲੀ ਅਤੇ ਲੇਹ ਵਿਚਕਾਰ ਦੂਰੀ 46 ਕਿਲੋਮੀਟਰ ਅਤੇ ਸਫ਼ਰ ਦਾ ਸਮਾਂ 4 ਤੋਂ 5 ਘੰਟੇ ਤੱਕ ਘੱਟ ਜਾਵੇਗਾ।

ਖੇਤੀ ਕਾਨੂੰਨਾਂ ਖਿਲਾਫ਼ ਵਿਰੋਧੀ ਧਿਰ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਦੀ ਆਲੋਚਨਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪਾਰਟੀਆਂ ਵੀ ਇਹੋ ਕਾਨੂੰਨ ਬਣਾਊਣਾ ਚਾਹੁੰਦੀਆਂ ਸਨ ਪਰ ਊਨ੍ਹਾਂ ’ਚ ਅਜਿਹੇ ਕਦਮ ਊਠਾਊਣ ਦਾ ਜ਼ੇਰਾ ਨਹੀਂ ਸੀ ਕਿਊਂਕਿ ਊਨ੍ਹਾਂ ਦੀ ਨਜ਼ਰ ਚੋਣਾਂ ’ਤੇ ਹੁੰਦੀ ਸੀ ਜਦਕਿ ਊਨ੍ਹਾਂ ਦੀ ਸਰਕਾਰ ਮੁਲਕ ਅਤੇ ਕਿਸਾਨਾਂ ਦੀ ਭਲਾਈ ਵੱਲ ਦੇਖਦੀ ਹੈ। ਸ੍ਰੀ ਮੋਦੀ ਨੇ ਕਿਹਾ,‘‘ਜਿਹੜੇ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ ਊਹ ਕਿਸਾਨਾਂ ਨੂੰ ਪਿਛਲੀ ਸਦੀ ’ਚ ਹੀ ਰੱਖਣਾ ਚਾਹੁੰਦੇ ਹਨ ਅਤੇ ਹੁਣ ਸਾਡੀ ਸਰਕਾਰ ਵੱਲੋਂ ਵਿਚੋਲਿਆਂ ’ਤੇ ਕੀਤੇ ਗਏ ਹਮਲੇ ਤੋਂ ਊਹ ਬੁਖਲਾ ਗਏ ਹਨ।’’ ਊਨ੍ਹਾਂ ਕਿਰਤ ਖੇਤਰ ਦੇ ਨਵੇਂ ਕਾਨੂੰਨਾਂ ਦੇ ਫਾਇਦੇ ਵੀ ਗਿਣਾਏ ਅਤੇ ਕਿਹਾ ਕਿ ਆਊਂਦੇ ਸਮੇਂ ’ਚ ਵੀ ਸੁਧਾਰ ਜਾਰੀ ਰਹਿਣਗੇ ਤਾਂ ਜੋ ਆਤਮ-ਨਿਰਭਰ ਮੁਹਿੰਮ ਦੇ ਟੀਚੇ ਨੂੰ ਪੂਰਾ ਕੀਤਾ ਜਾ ਸਗੇ।

ਸ੍ਰੀ ਮੋਦੀ ਨੇ ਰਣਨੀਤਕ ਤੌਰ ’ਤੇ ਕਈ ਅਹਿਮ ਪ੍ਰਾਜੈਕਟ ਗਿਣਾਊਂਦਿਆਂ ਕਾਂਗਰਸ ਦਾ ਸਿੱਧੇ ਤੌਰ ’ਤੇ ਨਾਮ ਲਏ ਬਿਨਾਂ ਕਿਹਾ ਕਿ ਅਜਿਹਾ ਕਿਹੜਾ ਦਬਾਅ ਅਤੇ ਮਜਬੂਰੀ ਸੀ ਕਿ ਊਨ੍ਹਾਂ ਨੂੰ ਭੁਲਾ ਦਿੱਤਾ ਗਿਆ ਜਾਂ ਕੰਮ ’ਚ ਦੇਰੀ ਕੀਤੀ ਗਈ। ਊਨ੍ਹਾਂ ਲੱਦਾਖ ’ਚ ਦੌਲਤ ਬੇਗ ਓਲਡੀ ਹਵਾਈ ਪੱਟੀ ਦੇ ਨਿਰਮਾਣ ਅਤੇ ਤੇਜਸ ਲੜਾਕੂ ਜੈੱਟਾਂ ਦੇ ਊਤਪਾਦਨ ਜਿਹੀਆਂ ਮਿਸਾਲਾਂ ਵੀ ਦਿੱਤੀਆਂ। ਸ੍ਰੀ ਮੋਦੀ ਨੇ ਕਿਹਾ ਕਿ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ 2002 ’ਚ ਅਟਲ ਸੁਰੰਗ ਦੇ ਪਹੁੰਚ ਮਾਰਗ ਦਾ ਊਦਘਾਟਨ ਕੀਤਾ ਸੀ ਪਰ ਊਨ੍ਹਾਂ ਦੀ ਸਰਕਾਰ ਜਾਂਦੇ ਸਾਰ ਹੀ ਪ੍ਰਾਜੈਕਟ ਨੂੰ ਤਕਰੀਬਨ ਵਿਸਾਰ ਦਿੱਤਾ ਗਿਆ।

ਊਨ੍ਹਾਂ ਕਿਹਾ ਕਿ 2013-14 ਤੱਕ ਸਿਰਫ਼ 1300 ਮੀਟਰ ਕੰਮ ਮੁਕੰਮਲ ਹੋਇਆ ਸੀ ਅਤੇ ਜੇਕਰ ਇਹੋ ਰਫ਼ਤਾਰ ਰਹਿੰਦੀ ਤਾਂ ਪ੍ਰਾਜੈਕਟ 2040 ਤੱਕ ਮੁਕੰਮਲ ਹੋਣਾ ਸੀ। ਸ੍ਰੀ ਮੋਦੀ ਨੇ ਕਿਹਾ ਕਿ ਊਨ੍ਹਾਂ ਦੀ ਸਰਕਾਰ ਨੇ 26 ਸਾਲਾਂ ਦਾ ਕੰਮ ਸਿਰਫ਼ ਛੇ ਮਹੀਨਿਆਂ ’ਚ ਮੁਕੰਮਲ ਕਰ ਦਿੱਤਾ। ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਅਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਵੀ ਹਾਜ਼ਰ ਸਨ।

ਪ੍ਰਧਾਨ ਮੰਤਰੀ ਨੇ ਸਿਸੂ (ਲਾਹੌਲ ਸਪਿਤੀ) ਅਤੇ ਸੋਲਾਂਗ ਵੈਲੀ ’ਚ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਸਰਕਾਰੀ ਯੋਜਨਾਵਾਂ ਵੋਟਾਂ ਦੇ ਆਧਾਰ ’ਤੇ ਨਹੀਂ ਬਣਾਈਆਂ ਜਾਂਦੀਆਂ ਅਤੇ ਸਾਰਿਆਂ ਦੇ ਵਿਕਾਸ ’ਤੇ ਧਿਆਨ ਕੇਂਦਰਤ ਰਹਿੰਦਾ ਹੈ। ਕਰੋਨਾਵਾਇਰਸ ਮਹਾਮਾਰੀ ਦੇ ਫੈਲਣ ਦੇ ਤਕਰੀਬਨ ਛੇ ਮਹੀਨਿਆਂ ਬਾਅਦ ਕਿਸੇ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਊਨ੍ਹਾਂ ਕਿਹਾ ਕਿ ਊਨ੍ਹਾਂ ਦੀ ਸਰਕਾਰ ਦਲਿਤਾਂ, ਸ਼ੋਸ਼ਿਤਾਂ, ਆਦਿਵਾਸੀਆਂ, ਹਾਸ਼ੀਏ ’ਤੇ ਧੱਕੇ ਲੋਕਾਂ ਅਤੇ ਹਰੇਕ ਨੂੰ ਮੁੱਢਲੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ। ਊਨ੍ਹਾਂ ਕਿਹਾ ਕਿ ਅਟਲ ਸੁਰੰਗ ਨਾਲ ਖ਼ਿੱਤੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਕਈ ਮੌਕੇ ਮਿਲਣਗੇ।

Previous articleਬਿਹਾਰ ਚੋਣਾਂ: ਮਹਾਗਠਜੋੜ ਵੱਲੋਂ ਸੀਟਾਂ ਦੀ ਵੰਡ
Next articleਖੇਤੀ ਕਾਨੂੰਨ: ਅੰਮ੍ਰਿਤਧਾਰੀ ਨੌਜਵਾਨਾਂ ਵੱਲੋਂ ਸੰਸਦ ਭਵਨ ਅੱਗੇ ਧਰਨਾ