ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੁਣਾਵੀ ਲਹਿਜ਼ੇ ਵਿਚ 1984 ਦੇ ਸਿੱਖ ਕਤਲੇਆਮ ਅਤੇ ਕਿਸਾਨਾਂ ਦੀ ਕਰਜ਼ ਮੁਆਫ਼ੀ ਦੇ ਮੁੱਦਿਆਂ ’ਤੇ ਕਾਂਗਰਸ ਉਪਰ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕਿਸਾਨਾਂ ਨਾਲ ਕਰਜ਼ ਮੁਆਫ਼ੀ ਦੇ ਵੱਡੇ ਵੱਡੇ ਵਾਅਦੇ ਕਰ ਕੇ ਉਨ੍ਹਾਂ ਨਾਲ ਧੋਖਾ ਕੀਤਾ ਹੈ। ਆਪਣੇ ਸਾਢੇ ਚਾਰ ਸਾਲਾਂ ਦੇ ਸ਼ਾਸਨ ਬਾਰੇ ਉਨ੍ਹਾਂ ਇੰਨਾ ਹੀ ਜ਼ਿਕਰ ਕੀਤਾ ਕਿ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ’ਤੇ ਕੰਮ ਚੱਲ ਰਿਹਾ ਹੈ।
ਅੱਜ ਇੱਥੇ ਪੁੱਡਾ ਗਰਾਊਂਡ ਵਿਚ ਭਾਜਪਾ ਤੇ ਅਕਾਲੀ ਦਲ ਵਲੋਂ ਕਰਵਾਈ ਰੈਲੀ ਵਿਚ ਸ੍ਰੀ ਮੋਦੀ ਨੇ ਆਖਿਆ ਕਿ 1984 ਦੇ ਸਿੱਖ ਕਤਲੇਆਮ ਵਿਚ ਸ਼ਾਮਲ ਆਗੂ ਨੂੰ ਕਾਂਗਰਸ ਪਾਰਟੀ ਨੇ ਹਾਲ ਹੀ ਵਿਚ ਮੁੱਖ ਮੰਤਰੀ ਦੀ ਕੁਰਸੀ ’ਤੇ ਬਿਠਾ ਦਿੱਤਾ ਹੈ। ਉਨ੍ਹਾਂ ਦਾ ਇਸ਼ਾਰਾ ਮੱਧ ਪ੍ਰਦੇਸ਼ ਦੇ ਨਵੇਂ ਬਣੇ ਮੁੱਖ ਮੰਤਰੀ ਕਮਲ ਨਾਥ ਵੱਲ ਸੀ ਜਿਨ੍ਹਾਂ ’ਤੇ ਦਿੱਲੀ ਵਿਚ ਹੋਏ ਸਿੱਖਾਂ ਦੇ ਕਤਲੇਆਮ ਵਿਚ ਸ਼ਾਮਲ ਹੋਣ ਦੇ ਦੋਸ਼ ਲਗਦੇ ਰਹੇ ਹਨ।
ਪ੍ਰਧਾਨ ਮੰਤਰੀ ਨੇ ਆਖਿਆ ‘‘ ਇਕ ਪਰਿਵਾਰ ਦੇ ਇਸ਼ਾਰੇ ’ਤੇ ਦੰਗਿਆਂ ਵਿਚ ਸ਼ਾਮਲ ਵਿਅਕਤੀਆਂ ਦੀਆਂ ਫਾਈਲਾਂ ਦਬਾਅ ਦਿੱਤੀਆਂ ਗਈਆਂ ਸਨ ਪਰ ਐਨਡੀਏ ਨੇ ਇਹ ਫਾਈਲਾਂ ਲੱਭ ਕੇ ਐਸਆਈਟੀ ਕਾਇਮ ਕੀਤੀ ਤੇ ਨਤੀਜਾ ਤੁਹਾਡੇ ਸਾਹਮਣੇ ਹੈ।’’ ਉਨ੍ਹਾਂ ਕਿਹਾ ਕਿ ਐਨਡੀਏ ਸਰਕਾਰ ਨੇ ਕਰਤਾਰਪੁਰ ਲਾਂਘਾ ਉਸਾਰਨ ਦਾ ਇਤਿਹਾਸਕ ਫੈ਼ਸਲਾ ਕੀਤਾ ਹੈ ਜਿਸ ਨਾਲ ਡੇਰਾ ਬਾਬਾ ਨਾਨਕ ਪਾਕਿਸਤਾਨ ਵਿਚ ਗੁਰਦੁਆਰਾ ਕਰਤਾਰਪੁਰ ਸਾਹਿਬ ਨਾਲ ਜੁੜ ਜਾਵੇਗਾ।
ਗੁਰਦਾਸਪੁਰ ਤੋਂ ਚਾਰ ਵਾਰ ਲੋਕ ਸਭਾ ਮੈਂਬਰ ਰਹੇ ਸਵਰਗੀ ਵਿਨੋਦ ਖੰਨਾ ਦੀ ਤਾਰੀਫ਼ ਕਰਦਿਆਂ ਉਨ੍ਹਾਂ ਇਹ ਕਿਹਾ ਕਿ ਸ਼੍ਰੀ ਖੰਨਾ ਆਪਣੇ ਕਾਰਜਕਾਲ ਦੌਰਾਨ ਇਲਾਕੇ ਦੇ ਵਿਕਾਸ ਲਈ ਨਿਰੰਤਰ ਯਤਨਸ਼ੀਲ ਰਹੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਰਹਿੰਦ ਫੀਡਰ ਨਹਿਰ ਦੇ ਪੁਨਰ ਨਿਰਮਾਣ ਲਈ ਗਰਾਂਟ ਮਨਜ਼ੂਰ ਕੀਤੀ ਹੈ। ਇਸ ਨਾਲ ਪੰਜਾਬ ਦੇ ਦੱਖਣੀ ਹਿੱਸੇ ਨੂੰ ਸਿੰਜਾਈ ਦੀਆਂ ਬਿਹਤਰ ਸਹੂਲਤਾਂ ਮਿਲਣਗੀਆਂ। ਪਹਿਲਾਂ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਰੈਲੀ ਨੂੰ ਸੰਬੋਧਨ ਕੀਤਾ।
ਇਸ ਮੌਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਭਾਜਪਾ ਨੇਤਾ ਪ੍ਰਕਾਸ਼ ਝਾਅ, ਕੈਪਟਨ ਅਭਿਮੰਨਿਊ, ਤਰੁਣ ਚੁੱਘ, ਵਿਜੇ ਸਾਂਪਲਾ, ਰਾਕੇਸ਼ ਰਾਠੌਰ, ਦਿਨੇਸ਼ ਬੱਬੂ, ਅਵਿਨਾਸ਼ ਰਾਏ ਖੰਨਾ, ਕਮਲ ਸ਼ਰਮਾ, ਅਸ਼ਵਨੀ ਸ਼ਰਮਾ, ਕਵਿਤਾ ਖੰਨਾ, ਸਵਰਨ ਸਲਾਰੀਆ, ਅਕਾਲੀ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਬਿਕਰਮ ਸਿੰਘ ਮਜੀਠੀਆ, ਨਿਰਮਲ ਸਿੰਘ ਕਾਹਲੋਂ, ਡਾ. ਦਲਜੀਤ ਸਿੰਘ ਚੀਮਾ, ਗੁਲਜ਼ਾਰ ਸਿੰਘ ਰਣੀਕੇ, ਬਲਵਿੰਦਰ ਸਿੰਘ ਭੂੰਦੜ, ਪ੍ਰੇਮ ਸਿੰਘ ਚੰਦੂਮਾਜਰਾ, ਗੁਰਬਚਨ ਸਿੰਘ ਬੱਬੇਹਾਲੀ ਵੀ ਮੌਜੂਦ ਸਨ।
HOME ਕਾਂਗਰਸ ਨੇ ਕਰਜ਼ ਮੁਆਫ਼ੀ ’ਤੇ ਕਿਸਾਨਾਂ ਨਾਲ ਧੋਖਾ ਕੀਤਾ: ਮੋਦੀ