ਹਿਮਾਚਲ ਪ੍ਰਦੇਸ਼ ਵਿਚ ਭਾਜਪਾ ਸਰਕਾਰ ਦਾ ਇੱਕ ਸਾਲ ਮੁਕੰਮਲ ਹੋਣ ਮੌਕੇ ‘ਜਨ ਆਭਾਰ’ ਰੈਲੀ ਨੂੰ ਸੰਬੋਧਨ ਕੀਤਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ’ਤੇ ਨਿਸ਼ਾਨਾ ਸੇਧਦਿਆਂ ਦੋਸ਼ ਲਾਇਆ ਕਿ ਪਹਿਲਾਂ ਉਸ ਨੇ ‘ਵਨ ਰੈਂਕ ਵਨ ਪੈਨਸ਼ਨ’ ਦੇ ਮਾਮਲੇ ਉੱਤੇ ਦੇਸ਼ ਦੇ ਜਵਾਨਾਂ ਦੀਆਂ ਅੱਖਾਂ ’ਚ ਘੱਟਾ ਪਾਇਆ ਅਤੇ ਹੁਣ ਕਰਜ਼ਾ ਮੁਆਫ਼ੀ ਦੇ ਨਾਂ ਉੱਤੇ ਕਿਸਾਨਾਂ ਨੁੂੰ ਗੁੰਮਰਾਹ ਕਰ ਰਹੀ ਹੈ। ਹਿਮਾਚਲ ਪ੍ਰਦੇਸ਼ ਵਿਚ ਜੈ ਰਾਮ ਠਾਕੁਰ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦਾ ਇੱਕ ਸਾਲ ਪੂਰਾ ਹੋਣ ਮੌਕੇ ‘ਜਨ ਆਭਾਰ’ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕੇਂਦਰ ਵੱਲੋਂ ਲਾਗੂ ਕੀਤੀ ਗਈ ਵਨ ਰੈਂਕ, ਵਨ ਪੈਨਸ਼ਨ ਯੋਜਨਾ ਉੱਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਰਜ਼ਾ ਮੁਆਫ਼ੀ ’ਤੇ ਵਿਰੋਧੀ ਧਿਰ ਦੀ ਨਿਖੇਧੀ ਅਜਿਹੇ ਸਮੇਂ ਕੀਤੀ ਹੈ ਜਦੋਂ ਕੁਝ ਦਿਨਾਂ ਪਹਿਲਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਮੋਦੀ ਨੂੰ ਉਸ ਸਮੇਂ ਤੱਕ ਸੌਣ ਨਹੀਂ ਦੇਵੇਗੀ ਜਦੋਂ ਤੱਕ ਕੇਂਦਰ ਮੁਲਕ ਭਰ ਵਿਚ ਖੇਤੀ ਕਰਜ਼ਾ ਮੁਆਫ਼ ਨਹੀਂ ਕਰ ਦਿੰਦੀ। ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਵਿਚ ਹਾਲ ਹੀ ਵਿਚ ਚੁਣੀਆਂ ਗਈਆਂ ਕਾਂਗਰਸ ਸਰਕਾਰਾਂ ਨੇ ਕਰਜ਼ਾ ਮੁਆਫ਼ੀ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਕਿਹਾ ਕਿ ਕਾਂਗਰਸ ਨੇ 2008 ਵਿਚ ਚੋਣਾਂ ਤੋਂ ਪਹਿਲਾਂ ਇਸੇ ਤਰ੍ਹਾਂ ਝੂਠ ਬੋਲਕੇ ਕਰਜ਼ਾ ਮੁਆਫ਼ੀ ਦਾ ਵਾਅਦਾ ਕੀਤਾ ਸੀ। ਉਸ ਸਮੇਂ ਕਿਸਾਨਾਂ ਦਾ ਕਰਜ਼ਾ ਸੀ – ਛੇ ਲੱਖ ਕਰੋੜ ਰੁਪਏ, ਉਨ੍ਹਾਂ ਦਿੱਤਾ 60 ਹਜ਼ਾਰ ਕਰੋੜ ਰੁਪਏ, ਮੁਆਫ ਕੀਤਾ 52 ਹਜ਼ਾਰ ਕਰੋੜ ਰੁਪਏ ਤੇ 52 ਹਜ਼ਾਰ ਕਰੋੜ ਵਿਚੋਂ 35 ਲੱਖ ਅਜਿਹੇ ਲੋਕ ਪੈਸੈ ਲੈ ਗਏ ਜਿਨ੍ਹਾਂ ਕੋਲ ਕੋਈ ਖੇਤ ਹੀ ਨਹੀਂ ਸੀ। ਉਨ੍ਹਾਂ ਕਿਹਾ ਕਿ ਉਸ ਸਮੇਂ ਅਰਬਾਂ-ਖਰਬਾਂ ਦੇ ਘੁਟਾਲਿਆਂ ਬਾਰੇ ਇੰਜ ਗੱਲ ਹੁੰਦੀ ਸੀ ਕਿ ਕਿਸਾਨਾਂ ਦੀ ਲੁੱਟ ਦੀ ਗੱਲ ਕਦੇ ਅਖਬਾਰਾਂ ਵਿਚ ਛਪੀ ਹੀ ਨਹੀਂ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਕਿਸਾਨਾਂ ਨਾਲ ਕਰਜ਼ਾ ਮੁਆਫ਼ੀ ਦਾ ਵਾਅਦਾ ਕੀਤਾ, ਪਰ ਹੁਣ ਤੱਕ ਉਨ੍ਹਾਂ ਨੂੰ ਕੁਝ ਨਹੀਂ ਦਿੱਤਾ। ਉਨ੍ਹਾਂ ਕਿਹਾ,‘ਹੁਣ ਕਰਨਾਟਕ ਵਿਚ ਚੋਣਾਂ ਵਿਚ ਕਿਸਾਨਾਂ ਨਾਲ ਕਰਜ਼ਾ ਮੁਆਫ਼ੀ ਦੀ ਗੱਲ ਕੀਤੀ ਗਈ ਪਰ ਹੁਣ ਸਿਰਫ਼ 800 ਕਿਸਾਨਾਂ ਨੂੰ ਟੋਕਨ ਰੁਪਇਆ ਦੇ ਕੇ ਹੱਥ ਉੱਪਰ ਕਰ ਲਏ ਗਏ।’ ਉਨ੍ਹਾਂ ਕਿਹਾ,‘ਮੈਨੂੰ ਖੁਸ਼ੀ ਹੈ ਕਿ ਚਾਰ ਕਿਸ਼ਤਾਂ ਵਿਚ ਅਸੀਂ ਜਵਾਨਾਂ ਨੂੰ 12000 ਕਰੋੜ ਰੁਪਏ ਦਾ ਇਹ ਭੁਗਤਾਨ ਕਰ ਦਿੱਤਾ ਹੈ।’ ਸ੍ਰੀ ਮੋਦੀ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿਚ ਵੱਖ ਵੱਖ ਖੇਤਰਾਂ ਵਿਚ 26,000 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਉੱਤੇ ਕੰਮ ਚੱਲ ਰਿਹਾ ਹੈ। ਉਨ੍ਹਾਂ ਹਿਮਾਚਲ ਪ੍ਰਦੇਸ਼ ਨੂੰ ਵੀਰ ਜਵਾਨਾਂ ਦੀ ਧਰਤੀ ਦੱਸਿਆ ਜੋ ਸਰਹੱਦ ਉੱਤੇ ਕੁਰਬਾਨੀ ਦੇਣ ਲਈ ਹਮੇਸ਼ਾਂ ਤਿਆਰ ਰਹਿੰਦੇ ਹਨ। ਇਸ ਮੌਕੇ ਮੁੱਖ ਮੰਤਰੀ ਵਜੋਂ ਇੱਕ ਸਾਲ ਪੂਰਾ ਕਰਨ ਉੱਤੇ ਸ੍ਰੀ ਠਾਕੁਰ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਕਿਹਾ,‘ਹਿਮਾਚਲ ਪ੍ਰਦੇਸ਼ ਮੇਰੇ ਘਰ ਵਾਂਗ ਹੈ। ਮੈਂ ਪਾਰਟੀ ਦੇ ਸੰਸਥਾਗਤ ਕਾਰਜਾਂ ਲਈ ਕਈ ਸਾਲ ਇੱਥੇ ਕੰਮ ਕੀਤਾ ਹੈ।’ ਪ੍ਰਧਾਨ ਮੰਤਰੀ ਮੋਦੀ ਨੇ ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਪ੍ਰਕਾਸ਼ਿਤ ਇੱਕ ਕਿਤਾਬਚਾ ਵੀ ਰਿਲੀਜ਼ ਕੀਤਾ। ਪ੍ਰਧਾਨ ਮੰਤਰੀ ਨੇ ਸੂਬੇ ਅਤੇ ਕੇਂਦਰ ਦੀਆਂ ਯੋਜਨਾਵਾਂ ਦੇ ਲਾਭ ਦਰਸਾਉਂਦੀ ਇੱਕ ਪ੍ਰਦਰਸ਼ਨੀ ਵੀ ਵੇਖੀ। ਉਨ੍ਹਾਂ ਦੇ ਧਰਮਸ਼ਾਲਾ ਪੁੱਜਣ ਉੱਤੇ ਮੁੱਖ ਮੰਤਰੀ, ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ, ਕਾਂਗੜਾ ਤੋਂ ਭਾਜਪਾ ਦੇ ਸੰਸਦ ਮੈਂਬਰ ਸ਼ਾਂਤਾ ਕੁਮਾਰ ਅਤੇ ਕੇਂਦਰੀ ਸਿਹਤ ਮੰਤਰੀ ਜੇ ਪੀ ਨੱਡਾ ਨੇ ਉਨ੍ਹਾਂ ਦਾ ਸੁਆਗਤ ਕੀਤਾ। ਇਸ ਮੌਕੇ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਆਚਾਰੀਆ ਦੇਵਵ੍ਰਤ ਵੀ ਮੌਜੂਦ ਸਨ।