ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਇੱਥੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਭਾਜਪਾ ਦੀ ਸਿਖ਼ਰਲੀ ਲੀਡਰਸ਼ਿਪ ’ਤੇ ਰਾਹੁਲ ਵੱਲੋਂ ਕੀਤੀ ਗਈ ਟਿੱਪਣੀ ਉਨ੍ਹਾਂ ਨੂੰ ਮਿਲੇ ਮਾੜੇ ਸੰਸਕਾਰਾਂ ਦੀ ਤਰਜਮਾਨੀ ਕਰਦੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕੋਲ ਸੰਸਕਾਰ ਨਹੀਂ ਹੁੰਦੇ, ਉਹ ਹੀ ਦੂਜਿਆਂ ਤੇ ਚਿੱਕੜ ਸੁੱਟਦੇ ਹਨ। ਅਮੇਠੀ ਤੋਂ ਭਾਜਪਾ ਦੀ ਲੋਕ ਸਭਾ ਉਮੀਦਵਾਰ ਇਰਾਨੀ ਨੇ ਇੱਥੇ ਆਪਣੇ ਦੌਰੇ ਦੇ ਤੀਜੇ ਦਿਨ ਅੱਜ ਕਿਹਾ ਕਿ ਅਮੇਠੀ ਦੇ ‘ਲਾਪਤਾ’ ਸੰਸਦ ਮੈਂਬਰ ਦੇ ਅੰਦਰ ਜੇ ਚੰਗੇ ਗੁਣ ਹੁੰਦੇ ਤਾਂ ਉਹ ਅਮੇਠੀ ਨਾਲ ਧੋਖਾ ਨਾ ਕਰਦੇ, ਇੱਥੋਂ ਦੇ ਲੋਕਾਂ ਨੂੰ ਧੋਖਾ ਨਾ ਦਿੰਦੇ। ਉਨ੍ਹਾਂ ਕਿਹਾ ਕਿ ਰਾਮ ਦਾ ਬਨਵਾਸ 14 ਵਰ੍ਹਿਆਂ ਵਿਚ ਖ਼ਤਮ ਹੋਇਆ ਸੀ ਪਰ ਅਮੇਠੀ ਦਾ ਬਨਵਾਸ 15 ਸਾਲਾਂ ਵਿਚ ਖ਼ਤਮ ਹੋਣ ਜਾ ਰਿਹਾ ਹੈ। ਇਰਾਨੀ ਨੇ ਕਿਹਾ ਕਿ ਪਿਛਲੇ 55 ਸਾਲਾਂ ਵਿਚ ਅਮੇਠੀ ਦੀ ਜਨਤਾ ਨੂੰ ਠੱਗਣ ਵਾਲਿਆਂ ਦੀ ਵਿਦਾਈ ਜਨਤਾ ਛੇ ਮਈ ਨੂੰ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਮੇਠੀ ਤੋਂ ਚੁਣੇ ਜਾਣ ਵਾਲਿਆਂ ਨੇ ਵਰ੍ਹਿਆਂਬੱਧੀ ਇਸ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ 70 ਸਾਲ ਬਾਅਦ ਵੀ ਅਮੇਠੀ ਕੋਲ ਬੁਨਿਆਦੀ ਸਹੂਲਤਾਂ ਨਹੀਂ ਹਨ। ਕਿਸਾਨ ਦੇ ਖੇਤ ਤੱਕ ਸਿੰਜਾਈ ਲਈ ਪਾਣੀ ਵੀ ਨਹੀਂ ਪਹੁੰਚ ਸਕਿਆ ਹੈ। ਅਮੇਠੀ ਵਿਚ ਪੁਜਾਰੀਆਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਕੱਪੜਾ ਮੰਤਰੀ ਨੇ ਕਿਹਾ ਕਿ ਉਨ੍ਹਾਂ ਅਮੇਠੀ ਨੂੰ ਆਪਣਾ ਘਰ ਮੰਨ ਲਿਆ ਹੈ ਤੇ ਹਲਕੇ ਨੂੰ ਛੱਡ ਕੇ ਉਹ ਨਹੀਂ ਜਾਣਗੇ।