ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕਾਂਗਰਸੀ ਆਗੂ ਧਾਰਾ 370 ਨੂੰ ਮਨਸੂਖ਼ ਕਰਨ ਦੇ ਕੇਂਦਰ ਸਰਕਾਰ ਦੇ ਹਾਲੀਆ ਫੈਸਲੇ ਖ਼ਿਲਾਫ਼ ਦੇਸ਼-ਵਿਦੇਸ਼ ’ਚ ਝੂਠੀਆਂ ਅਫ਼ਵਾਹਾਂ ਫੈਲਾ ਰਹੇ ਹਨ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਅਗਾਮੀ ਅਸੈਂਬਲੀ ਚੋਣਾਂ ਵਿੱਚ ਵਿਰੋਧੀ ਪਾਰਟੀ ਨੂੰ ਸਬਕ ਸਿਖਾਉਣ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿੱਖਾਂ ਦੇ ਪਹਿਲੇ ਗੁਰੂ, ਗੁਰੂ ਨਾਨਕ ਦੇਵ ਦਾ 550ਵਾਂ ਪ੍ਰਕਾਸ਼ ਪੁਰਬ ਵਿਸ਼ਵ ਭਰ ਵਿੱਚ ਮਨਾਉਣ ਲਈ ਕੇਂਦਰ ਸਰਕਾਰ ਵੱਲੋਂ ਸਾਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘਾ ਖੁੱਲ੍ਹਣ ਨਾਲ ਕੇਂਦਰ ਸਰਕਾਰ ਨੂੰ ਸੱਤ ਦਹਾਕਿਆਂ ਪਹਿਲਾਂ ਕੀਤੀ ‘ਸਿਆਸੀ ਤੇ ਰਣਨੀਤਕ ਗ਼ਲਤੀ’ ਨੂੰ ਕੁਝ ਹੱਦ ਤਕ ਸੁਧਾਰਨ ਦਾ ਮੌਕਾ ਮਿਲਿਆ ਹੈ। ਸ੍ਰੀ ਮੋਦੀ ਇਥੇ ਭਾਜਪਾ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਹਰਿਆਣਾ ਦੀ ਆਪਣੀ ਦੂਜੀ ਫੇਰੀ ਦੌਰਾਨ ਚਰਖੀ ਦਾਦਰੀ ਤੇ ਕੁਰੂਕਸ਼ੇਤਰ ਦੇ ਥਾਨੇਸਰ ਕਸਬੇ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਆਪਣੀ ਇਸ ਚੁਣੌਤੀ ਨੂੰ ਦੁਹਰਾਇਆ ਕਿ ਕਾਂਗਰਸ ਜੇਕਰ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਧਾਰਾ 370 ਸਬੰਧੀ ਕੇਂਦਰ ਦੇ ਫੈਸਲੇ ਨੂੰ ਉਲੱਦਣ ਦੀ ਹਿੰਮਤ ਵਿਖਾਏ। ਉਨ੍ਹਾਂ ਕਿਹਾ, ‘ਕਾਂਗਰਸ ਦੇ ਕੁਝ ਆਗੂ ਧਾਰਾ 370 ਬਾਰੇ ਦੇਸ਼-ਵਿਦੇਸ਼ ’ਚ ਅਫ਼ਵਾਹਾਂ ਫੈਲਾ ਰਹੇ ਹਨ। ਤੁਸੀਂ ਮੋਦੀ ਨੂੰ ਜਿੰਨੀਆਂ ਗਾਲ੍ਹਾਂ ਕੱਢ ਸਕਦੇ ਹੋ ਕੱਢੋ, ਲੋੜ ਪਏ ਤਾਂ ਬੈਂਕਾਕ, ਥਾਈਲੈਂਡ, ਵੀਅਤਨਾਮ ਆਦਿ ਤੋਂ ਵੀ ਭੰਡੀ ਪ੍ਰਚਾਰ ਕਰਵਾ ਸਕਦੇ ਹੋ। ਜੇਕਰ ਤੁਸੀਂ ਮੋਦੀ ਖ਼ਿਲਾਫ਼ ਬੋਲਦੇ ਤਾਂ ਮੈਨੂੰ ਇਸ ਨਾਲ ਕੋਈ ਤਕਲੀਫ਼ ਨਹੀਂ, ਪਰ ਉਨ੍ਹਾਂ ਨੂੰ ਭਾਰਤ, ਜੋ ਵਿਕਾਸ ਦੇ ਰਾਹ ਉੱਤੇ ਹੈ, ਦੀ ਪਿੱਠ ’ਚ ਛੁਰਾ ਨਹੀਂ ਮਾਰਨਾ ਚਾਹੀਦਾ।’ ਉਨ੍ਹਾਂ ਕਿਹਾ ਕਿ ਧਾਰਾ 370 ਬਾਰੇ ਫੈਸਲਾ ਦੇਸ਼ ਹਿੱਤ ਵਿੱਚ ਲਿਆ ਗਿਆ ਹੈ ਤੇ ਸਾਰਾ ਦੇਸ਼ ਜੰਮੂ ਕਸ਼ਮੀਰ ਤੇ ਲੱਦਾਖ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਲੋਕ ਵਿਰੋਧੀ ਪਾਰਟੀ ਨੂੰ ‘ਢੁੱਕਵਾਂ ਜਵਾਬ’ ਦੇਣਗੇ। ਸ੍ਰੀ ਮੋਦੀ ਨੇ ਫ਼ਿਲਮ ‘ਦੰਗਲ’ ਦੇ ਹਵਾਲੇ ਨਾਲ ਕਿਹਾ, ‘ਹਰਿਆਣਾ ਦੇ ਲੋਕ ਕਹਿੰਦੇ ਹਨ ਕਿ ‘ਮਾਹਰੀ ਛੋਰੀ ਛੋਰੋਂ ਸੇ ਕਮ ਹੈਂ ਕੇ।’ ਇਹ ਆਵਾਜ਼ ਹਰਿਆਣਾ ਦੇ ਪਿੰਡਾਂ ’ਚੋਂ ਆਈ ਹੈ ਤੇ ਜਦੋਂ ਇਹ ਆਵਾਜ਼ ਇਕ ਮੁਹਿੰਮ ਦਾ ਆਕਾਰ ਲਏਗੀ।’ ਚਰਖੀ ਦਾਦਰੀ ਹਲਕੇ ਤੋਂ ਪਹਿਲਵਾਨ ਬਬੀਤਾ ਫੋਗਾਟ ਭਾਜਪਾ ਉਮੀਦਵਾਰ ਹੈ। ਸ੍ਰੀ ਮੋਦੀ ਨੇ ਬਬੀਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵੀ ਫ਼ਿਲਮ ‘ਦੰਗਲ’ ਵੇਖੀ ਹੈ।
HOME ਕਾਂਗਰਸ ਨੂੰ ਸਬਕ ਸਿਖਾਉਣਗੇ ਵੋਟਰ: ਮੋਦੀ