ਸੀਨੀਅਰ ਕਾਂਗਰਸੀ ਵਿਧਾਇਕ ਨਾਨਾ ਪਟੋਲੇ ਨੂੰ ਅੱਜ ਸਰਬਸੰਮਤੀ ਨਾਲ ਮਹਾਰਾਸ਼ਟਰ ਵਿਧਾਨ ਸਭਾ ਦਾ ਸਪੀਕਰ ਚੁਣ ਲਿਆ ਗਿਆ। ਪ੍ਰੋ-ਟੈਮ ਸਪੀਕਰ ਦਿਲੀਪ ਵਾਲਸੇ ਪਾਟਿਲ ਨੇ ਇਸ ਸਬੰਧੀ ਐਲਾਨ ਕੀਤਾ। ਅੱਜ ਦਿਨੇ ਭਾਜਪਾ ਉਮੀਦਵਾਰ ਕਿਸ਼ਨ ਕਠੋਰੇ ਨੇ ਆਪਣੀ ਨਾਮਜ਼ਦਗੀ ਵਾਪਸ ਲੈ ਲਈ ਸੀ।
ਠਾਕਰੇ ਅਤੇ ਭਾਜਪਾ ਵਿਧਾਇਕ ਦਲ ਦੇ ਆਗੂ ਦੇਵੇਂਦਰ ਫੜਨਵੀਸ ਨੇ ਬਤੌਰ ਵਿਧਾਇਕ ਅਤੇ ਕਿਸਾਨ ਆਗੂ ਵਜੋਂ ਪਟੋਲੇ ਵੱਲੋਂ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ। ਠਾਕਰੇ ਨੇ ਕਿਹਾ, ‘‘ਮੈਂ ਖੁਸ਼ ਹਾਂ ਕਿ ਕਿਸਾਨ ਦਾ ਪੁੱਤਰ ਇਸ ਅਹੁਦੇ ’ਤੇ ਚੁਣਿਆ ਗਿਆ ਹੈ।’’ ਐਨਸੀਪੀ ਦੇ ਮੰਤਰੀ ਜੈਯੰਤ ਪਾਟਿਲ ਨੇ ਕਿਹਾ ਕਿ ਉਹ ਵਿਰੋਧੀ ਧਿਰ ਭਾਜਪਾ ਵੱਲੋਂ ਆਪਣੇ ਉਮੀਦਵਾਰ ਦਾ ਨਾਂ ਵਾਪਸ ਲੈਣ ਅਤੇ ਪਟੋਲੇ ਨੂੰ ਸਰਬਸੰਮਤੀ ਨਾਲ ਸਪੀਕਰ ਚੁਣੇ ਜਾਣਾ ਯਕੀਨੀ ਬਣਾਉਣ ਲਈ ਉਨ੍ਹਾਂ ਦੀ ਸ਼ਲਾਘਾ ਕਰਦੇ ਹਨ। ਪਟੋਲੇ ਭਾਜਪਾ ਦੇ ਹਰੀਭਾਊ ਬਾਗੜੇ ਦੀ ਥਾਂ ਲੈਣਗੇ ਜੋ ਫੜਨਵੀਸ ਸਰਕਾਰ ਸਮੇਂ 2014-2019 ਤਕ ਸਪੀਕਰ ਰਹੇ। ਪਟੋਲੇ ਵਿਦਰਭ ਦੀ ਸਕੋਲੀ ਵਿਧਾਨ ਸਭਾ ਖੇਤਰ ਦੀ ਪ੍ਰਤੀਨਿਧਤਾ ਕਰਦੇ ਹਨ, ਜਦੋਂ ਕਿ ਕਠੋਰੇ ਠਾਣੇ ਜ਼ਿਲ੍ਹੇ ਦੇ ਮੁਰਬਾਦ ਤੋਂ ਆਉਂਦੇ ਹਨ। ਦੋਵੇਂ ਜਣੇ ਚੌਥੀ ਵਾਰ ਵਿਧਾਇਕ ਚੁਣੇ ਗਏ ਹਨ।
INDIA ਕਾਂਗਰਸ ਦੇ ਨਾਨਾ ਪਟੋਲੇ ਸਰਬਸੰਮਤੀ ਨਾਲ ਸਪੀਕਰ ਚੁਣੇ