ਪ੍ਰਧਾਨ ਮੰਤਰੀ ਨੇ ਦਰਿਆਈ ਪਾਣੀਆਂ, ਖੇਤੀ ਤੇ ਕਿਸਾਨੀ ਮੁੱਦੇ ਵੀ ਉਠਾਏ
ਰਾਜਸਥਾਨ ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ’ਤੇ ਸ਼ਬਦੀ ਹਮਲੇ ਜਾਰੀ ਰੱਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਖਿਆ ਕਿ ਵੰਡ ਵੇਲੇ ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਚ ਇਸ ਲਈ ਚਲਿਆ ਗਿਆ ਸੀ ਕਿਉਂਕਿ ਉਦੋਂ ਪਾਰਟੀ ਦੇ ਆਗੂਆਂ ਦਾ ਨਾ ਕੋਈ ਨਜ਼ਰੀਆ ਸੀ ਤੇ ਨਾ ਹੀ ਸਿੱਖ ਜਜ਼ਬਾਤ ਪ੍ਰਤੀ ਕੋਈ ਸਤਿਕਾਰ ਸੀ।
ਭਾਰਤ-ਪਾਕਿ ਸਰਹੱਦ ’ਤੇ ਹਾਲ ਹੀ ਵਿਚ ਕਰੀਬ ਚਾਰ ਕਿਲੋਮੀਟਰ ਲੰਮੇ ਗੁਰਦੁਆਰਾ ਕਰਤਾਰਪੁਰ ਸਾਹਿਬ ਲਾਂਘੇ ਦਾ ਜ਼ਿਕਰ ਕਰਦਿਆਂ ਸ੍ਰੀ ਮੋਦੀ ਨੇ ਹਨੂੰਮਾਨਗੜ੍ਹ ਵਿਚ ਇਕ ਚੋਣ ਰੈਲੀ ਦੌਰਾਨ ਕਿਹਾ ‘‘ ਕਾਂਗਰਸ ਦੀਆਂ ਗ਼ਲਤੀਆਂ ਦਰੁਸਤ ਕਰਨਾ ਹੀ ਮੇਰੀ ਹੋਣੀ ਹੈ। ਕਾਂਗਰਸ ਨੂੰ ਜਵਾਬ ਦੇਣਾ ਪਵੇਗਾ ਕਿ 70 ਸਾਲ ਪਹਿਲਾਂ ਇਹ ਕਿਉਂ ਨਹੀਂ ਕੀਤਾ ਗਿਆ। ਉਹ (ਕਾਂਗਰਸ ਆਗੂ) ਰਾਜਗੱਦੀ ਤੋਂ ਪਰ੍ਹੇ ਕੁਝ ਦੇਖਦੇ ਹੀ ਨਹੀਂ ਸਨ ਜਿਸ ਕਰ ਕੇ ਕਰਤਾਰਪੁਰ ਪਾਕਿਸਤਾਨ ਵਿਚ ਚਲਿਆ ਗਿਆ। ਕਰਤਾਰਪੁਰ ਲਾਂਘੇ ਦਾ ਸਿਹਰਾ ਤੁਹਾਡੀ ਵੋਟ ਨੂੰ ਜਾਂਦਾ ਹੈ।’’ ਗੁਰਦੁਆਰਾ ਕਰਤਾਰਪੁਰ ਸਾਹਿਬ ਲਾਂਘੇ ਲਈ ਸਰਹੱਦ ਦੇ ਦੋਵੇਂ ਪਾਸੀਂ ਪਿਛਲੇ ਹਫ਼ਤੇ ਨੀਂਹ ਪੱਥਰ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਤੇ ਰਾਜਸਥਾਨ ਵਿੱਚ ਕਾਂਗਰਸ ਦੀਆਂ ਸਰਕਾਰਾਂ ਹੋਣ ਦੇ ਬਾਵਜੂਦ ਰਾਜਸਥਾਨ ਦੇ ਲੋਕ ਪਾਣੀ ਨੂੰ ਤਰਸਦੇ ਰਹੇ। ਹੁਣ ਉਨ੍ਹਾਂ ਦੀ ਸਰਕਾਰ ਵਲੋਂ ਸਰਹਿੰਦ ਫੀਡਰ ਅਤੇ ਰਾਜਸਥਾਨ ਕੈਨਾਲ ਦੀ 2000 ਕਰੋੜ ਰੁਪਏ ਦੀ ਲਾਗਤ ਨਾਲ ਮੁਰੰਮਤ ਕਰਵਾ ਕੇ ਇਨ੍ਹਾਂ ਨਹਿਰਾਂ ਵਿੱਚੋਂ ਹੁੰਦੇ ਪਾਣੀ ਦੇ ਰਿਸਾਵ ਨੂੰ ਰੋਕਿਆ ਗਿਆ ਹੈ ਜਿਸ ਨਾਲ 800 ਕਿਊਸਿਕ ਤੋਂ ਜ਼ਿਆਦਾ ਪਾਣੀ ਦੀ ਬੱਚਤ ਹੋਈ ਹੈ। ਉਨ੍ਹਾਂ ਕਿਹਾ ਕਿ 2009 ਦੀਆਂ ਚੋਣਾਂ ਸਮੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦਾ ਝੂਠਾ ਵਾਅਦਾ ਕਰ ਕੇ ਕਾਂਗਰਸ ਸੱਤਾ ਵਿੱਚ ਆਈ। ਉਸ ਸਮੇਂ ਕਿਸਾਨਾਂ ਦਾ ਕਰਜ਼ਾ 6 ਲੱਖ ਕਰੋੜ ਸੀ ਪਰ ਸੱਤਾ ’ਤੇ ਕਾਬਜ਼ ਹੁੰਦਿਆ ਹੀ ਸਰਕਾਰ ਵਲੋਂ 58 ਹਜ਼ਾਰ ਕਰੋੜ ਮੁਆਫ਼ ਕੀਤਾ ਗਿਆ ਪਰ ਜਦੋ ਅਸਲੀ ਰਿਪੋਰਟ ਸਾਹਮਣੇ ਆਈ ਤਾਂ ਪਤਾ ਲੱਗਾ ਕਿ ਇਸ ਵਿੱਚ 35 ਲੱਖ ਅਜਿਹੇ ਲੋਕ ਸਨ ਜਿਨ੍ਹਾਂ ਦਾ ਕਿਸਾਨੀ ਨਾਲ ਕੋਈ ਵਾਸਤਾ ਹੀ ਨਹੀਂ ਸੀ। ਸਰਜੀਕਲ ਸਟਰਾਈਕ ਦਾ ਹਵਾਲਾ ਦਿੰਦਿਆਂ ਸ੍ਰੀ ਮੋਦੀ ਨੇ ਆਖਿਆ ਕਿ ਪਹਿਲਾਂ ਅਤਿਵਾਦੀ ਬੇਖੌਫ਼ ਫ਼ੌਜੀ ਕੈਂਪਾਂ ਵਿਚ ਘੁਸਪੈਠ ਕਰਕੇ ਫ਼ੌਜੀਆਂ ਨੂੰ ਮਾਰਦੇ ਸਨ ਪਰ ਭਾਰਤ ਵਲੋਂ ਸਰਜੀਕਲ ਸਟਰਾਈਕ ਕਰ ਕੇ ਮੋੜਵਾਂ ਜਵਾਬ ਦਿੱਤਾ ਗਿਆ। ਫ਼ੌਜ ਨੇ ਹੌਸਲਾ ਤੇ ਤਾਕਤ ਦਿਖਾਈ ਹੈ। ਕਿਸਾਨਾਂ ਦੇ ਮਸਲਿਆਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਚਾਹੁੰਦੀ ਹੈ ਕਿ ਕਿਸਾਨ ‘‘ ਊਰਜਾ ਦਾਤੇ’’ ਬਣਨ ਤੇ ਉਨ੍ਹਾਂ ਨੂੰ ਸੌਰ ਊਰਜਾ ਪੈਨਲ ਲਾਉਣ, ਤੁਪਕਾ ਸਿੰਜਾਈ ਤੇ ਖੇਤੀ ਦੀਆਂ ਨਵੀਨਤਮ ਵਿਧੀਆਂ ਅਪਣਾਉਣ। ਰਾਹੁਲ ਗਾਂਧੀ ਨੂੰ ਨਾਮਦਾਰ ਕਹਿ ਕੇ ਮਜ਼ਾਕ ਉਡਾਉਂਦਿਆਂ ਸ੍ਰੀ ਮੋਦੀ ਨੇ ਕਿਹਾ ‘‘ ਜੇ ਤੁਸੀਂ ਉਸ ਨੂੰ ਦੱਸੋ ਕਿ ਹਰੀ ਮਿਰਚ ਦੀ ਬਜਾਇ ਲਾਲ ਮਿਰਚ ਦਾ ਜ਼ਿਆਦਾ ਭਾਅ ਮਿਲਦਾ ਹੈ ਤਾਂ ਉਹ ਆਖੇਗਾ ਕਿ ਲਾਲ ਮਿਰਚ ਹੀ ਉਗਾਓ।’’