ਕਾਂਗਰਸ ਦਾ ਮੈਨੀਫੈਸਟੋ ‘ਝੂਠ ਦਾ ਪੁਲੰਦਾ’: ਮੋਦੀ

ਵਿਰੋਧੀ ਧਿਰਾਂ ਉੱਤੇ ਦੇਸ਼ ਵਿਰੋਧੀ ਤਾਕਤਾਂ ਨੂੰ ਹਮਾਇਤ ਦੇਣ ਦਾ ਦੋਸ਼ ਲਾਇਆ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਿਰੋਧੀ ਧਿਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਾਂਗਰਸ ਦਾ ਚੋਣ ਮਨੋਰਥ ਪੱਤਰ (ਮੈਨੀਫੈਸਟੋ) ‘ਪਾਖੰਡ ਤੇ ਝੂਠ ਦਾ ਪੁਲੰਦਾ ਹੈ’। ਅਰੁਣਾਚਲ ਵਿਚ ਇਕ ਹਫ਼ਤੇ ਦੇ ਅੰਦਰ ਦੂਜੀ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਆਗਾਮੀ ਚੋਣਾਂ ‘ਭਰੋਸੇ ਤੇ ਭ੍ਰਿਸ਼ਟਾਚਾਰ ਅਤੇ ਸੰਕਲਪ ਤੇ ਸਾਜ਼ਿਸ਼’ ਵਿਚੋਂ ਇਕ ਨੂੰ ਚੁਣਨ ਵਾਲੀਆਂ ਹਨ। ਮੋਦੀ ਨੇ ਦੋਸ਼ ਲਾਇਆ ਕਿ ਕਾਂਗਰਸ ਭਾਰਤ ਦਾ ਨਿਰਾਦਰ ਕਰਨ ਵਾਲਿਆਂ ਨਾਲ ਹਮਦਰਦੀ ਰੱਖਦੀ ਹੈ।
ਉਨ੍ਹਾਂ ਸਵਾਲ ਕੀਤਾ ਕਿ ਕਾਂਗਰਸ ਦਾ ਚੋਣ ਚਿੰਨ੍ਹ ‘ਪੰਜਾ’ ਦੇਸ਼ ਦੇ ਨਾਲ ਹੈ ਜਾਂ ਫਿਰ ਦੇਸ਼ ਦੇ ਖ਼ਿਲਾਫ਼ ਸਾਜ਼ਿਸ਼ ਕਰਨ ਵਾਲਿਆਂ ਦੇ ਨਾਲ ਹੈ। ਪ੍ਰਧਾਨ ਮੰਤਰੀ ਨੇ ਦੋਸ਼ ਲਾਇਆ ਕਿ ਕਾਂਗਰਸ ਦੇਸ਼ ਦਾ ਨੁਕਸਾਨ ਕਰਨ ਵਾਲਿਆਂ ਨਾਲ ਰਲੀ ਹੋਈ ਹੈ ਤੇ ਇਹ ਉਨ੍ਹਾਂ ਲੋਕਾਂ ਦੀ ਹਮਾਇਤ ਕਰ ਰਹੀ ਹੈ ਜੋ ਵਿਦੇਸ਼ੀ ਤਾਕਤਾਂ ਦੇ ਹੱਥਾਂ ਵਿਚ ਖੇਡ ਰਹੇ ਹਨ। ਉਨ੍ਹਾਂ ਕਾਂਗਰਸ ਦੇ 2004 ਦੇ ਮੈਨੀਫੈਸਟੋ ਦੀ ਮਿਸਾਲ ਦਿੰਦਿਆਂ ਕਿਹਾ ਕਿ ਇਸ ਵਿਚ ਵਾਅਦਾ ਕੀਤਾ ਗਿਆ ਸੀ ਕਿ 2009 ਤੱਕ ਸਾਰੇ ਘਰਾਂ ਵਿਚ ਬਿਜਲੀ ਹੋਵੇਗੀ। ਮੋਦੀ ਨੇ ਕਿਹਾ ਕਿ ਇਸ ਦੇ ਉਲਟ 2014 ਤੱਕ 18,000 ਪਿੰਡਾਂ ਤੱਕ ਬਿਜਲੀ ਨਹੀਂ ਪਹੁੰਚੀ ਸੀ। ਇਸ ਲਈ ਕਾਂਗਰਸ ਦਾ ਚੋਣ ਮਨੋਰਥ ਪੱਤਰ ਪਾਖੰਡੀ ਦਸਤਾਵੇਜ਼ ਹੈ। ਉਨ੍ਹਾਂ ਕਿਹਾ ਕਿ ਐਨਡੀਏ ਨੇ 2014 ’ਚ ਸੱਤਾ ਵਿਚ ਆਉਣ ਦੇ ਨਾਲ ਹੀ 1000 ਦਿਨਾਂ ਵਿਚ 18,000 ਪਿੰਡਾਂ ਤੱਕ ਬਿਜਲੀ ਪਹੁੰਚਾ ਦਿੱਤੀ। ਮੋਦੀ ਨੇ ਇਸ ਮੌਕੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਕਿਹਾ ਕਿ ਆਯੂਸ਼ਮਾਨ ਭਾਰਤ ਤਹਿਤ ਅਰੁਣਾਚਲ ਦੇ ਕਰੀਬ 3 ਲੱਖ ਲੋਕਾਂ ਨੂੰ ਸਿਹਤ ਸਹੂਲਤਾਂ ਦਾ ਲਾਭ ਮਿਲਿਆ ਹੈ। ਉਨ੍ਹਾਂ ਕਾਂਗਰਸ ’ਤੇ ਉੱਤਰ ਪੂਰਬੀ ਰਾਜਾਂ ਅਤੇ ਕਿਸਾਨਾਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਵੀ ਲਾਇਆ।

Previous articleBrexit: British MPs back delay bill by one vote
Next articleਮਹਿਲਾ ਫੁਟਬਾਲ: ਭਾਰਤ ਦੀ ਓਲੰਪਿਕ ਕੁਆਲੀਫਾਇਰ ’ਚ ਪਹਿਲੀ ਜਿੱਤ