ਚੰਡੀਗੜ੍ਹ (ਸਮਾਜ ਵੀਕਲੀ) : ਕੇਂਦਰੀ ਰੇਲ ਮੰਤਰੀ ਪਿਊਸ਼ ਗੋਇਲ ਤੇ ਪੰਜਾਬ ਕਾਂਗਰਸ ਦੇ ਸੰਸਦ ਮੈਂਬਰਾਂ ਵਿਚਾਲੇ ਮੀਟਿੰਗ ਦੌਰਾਨ ਤਲਖ਼ੀ ਦਾ ਮਾਹੌਲ ਬਣਨ ਕਰਕੇ ਗੱਲ ਸਿਰੇ ਨਾ ਲੱਗ ਸਕੀ। ਰੋਹ ਵਿਚ ਆਏ ਕੁਝ ਸੰਸਦ ਮੈਂਬਰਾਂ ਨੇ ਕੇਂਦਰੀ ਰੇਲ ਮੰਤਰੀ ਦੀ ਮੀਟਿੰਗ ’ਚੋਂ ਵਾਕਆਊਟ ਕਰ ਦਿੱਤਾ। ਪੰਜਾਬ ’ਚ ਮਾਲ ਗੱਡੀਆਂ ਦੀ ਆਵਾਜਾਈ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਕਾਂਗਰਸੀ ਸੰਸਦ ਮੈਂਬਰ ਦਿੱਲੀ ’ਚ ਕੇਂਦਰੀ ਰੇਲ ਮੰਤਰੀ ਨੂੰ ਮਿਲੇ ਸਨ। ਇਹ ਸੰਸਦ ਮੈਂਬਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਲਿਖਤੀ ਚਿੱਠੀ ਵੀ ਲੈ ਕੇ ਗਏ ਸਨ। ਕੋਈ ਗੱਲ ਸਿਰੇ ਨਾਲ ਲੱਗਣ ਕਰਕੇ ਹੁਣ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਸਮਾਂ ਮੰਗਿਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕਾਂਗਰਸੀ ਸੰਸਦ ਮੈਂਬਰਾਂ ਤੋਂ ਪਹਿਲਾਂ ਅੱਜ ਪੰਜਾਬ ਭਾਜਪਾ ਦੇ ਆਗੂਆਂ ਦਾ ਵਫਦ ਕੇਂਦਰੀ ਮੰਤਰੀ ਹਰਦੀਪ ਪੁਰੀ ਦੀ ਅਗਵਾਈ ਵਿਚ ਕੇਂਦਰੀ ਰੇਲ ਮੰਤਰੀ ਨੂੰ ਮਿਲਿਆ। ਰੇਲ ਮੰਤਰੀ ਨੇ ਭਾਜਪਾ ਆਗੂਆਂ ਨਾਲ ਲੰਮੀ ਮੀਟਿੰਗ ਕਰਨ ਮਗਰੋਂ ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਨੂੰ ਬੁਲਾਇਆ। ਕਾਂਗਰਸੀ ਸੰਸਦ ਮੈਂਬਰ ਪਹਿਲੋਂ ਇਸ ਗੱਲੋਂ ਖਫ਼ਾ ਹੋ ਗਿਆ ਕਿ ਉਨ੍ਹਾਂ ਤੋਂ ਰੇਲ ਮੰਤਰੀ ਨੇ ਲੰਮੀ ਉਡੀਕ ਕਰਵਾਈ। ਅੱਜ ਦੇ ਵਫਦ ਵਿੱਚ ਪੰਜਾਬ ਦੇ ਸਾਰੇ ਕਾਂਗਰਸੀ ਸੰਸਦ ਮੈਂਬਰ ਸਨ।
ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਦਾ ਕਹਿਣਾ ਸੀ ਕਿ ਉਹ ਸਾਰੇ ਸੰਸਦ ਮੈਂਬਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਲਿਖਤੀ ਚਿੱਠੀ ਲੈ ਕੇ ਕੇਂਦਰੀ ਰੇਲ ਮੰਤਰੀ ਨੂੰ ਪਹਿਲਾਂ ਲਏ ਸਮੇਂ ਅਨੁਸਾਰ ਮਿਲੇ। ਉਨ੍ਹਾਂ ਦੱਸਿਆ ਕਿ ਰੇਲ ਮੰਤਰੀ ਨੇ ਇੱਕੋ ਰੱਟ ਲਾਈ ਰੱਖੀ ਕਿ ਪਹਿਲਾਂ ਖੇਤੀ ਕਾਨੂੰਨਾਂ ਨੂੰ ਪੰਜਾਬ ਮੰਨੇ ਅਤੇ ਰੇਲਵੇ ਦੀ ਸੁਰੱਖਿਆ ਦਾ ਲਿਖਤੀ ਭਰੋਸਾ ਦਿੱਤਾ ਜਾਵੇ। ਰੇਲ ਮੰਤਰੀ ਨੇ ਇਹ ਵੀ ਆਖਿਆ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਰੇਲ ਮਾਰਗਾਂ ’ਤੇ ਬਿਠਾਇਆ ਹੈ।
ਰਵਨੀਤ ਬਿੱਟੂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਰੇਲ ਮੰਤਰੀ ਨੂੰ ਇਹ ਵੀ ਭਰੋਸਾ ਦਿੱਤਾ ਗਿਆ ਕਿ ਉਹ ਹਰ ਗੱਡੀ ਨਾਲ ਆਪਣਾ ਇੱਕ-ਇੱਕ ਐੱਮਪੀ ਵੀ ਬਿਠਾ ਦਿੰਦੇ ਹਨ ਅਤੇ ਪੰਜਾਬ ਵਿਚ ਇਸ ਵੇਲੇ ਸਭ ਰੇਲ ਮਾਰਗ ਖਾਲੀ ਹਨ। ਬਿੱਟੂ ਦਾ ਕਹਿਣਾ ਸੀ ਕਿ ਰੇਲ ਮੰਤਰੀ ਪੂਰੀ ਤਰ੍ਹਾਂ ਕਾਰਪੋਰੇਟਾਂ ਨਾਲ ਖੜ੍ਹੇ ਹਨ। ਪਤਾ ਲੱਗਾ ਹੈ ਕਿ ਰਵਨੀਤ ਬਿੱਟੂ ਨਾਲ ਮੀਟਿੰਗ ’ਚੋਂ ਐੱਮਪੀ ਗੁਰਜੀਤ ਔਜਲਾ ਅਤੇ ਸੰਤੋਖ ਚੌਧਰੀ ਵੀ ਉੱਠ ਆਏ ਸਨ।
ਦੂਜੇ ਪਾਸੇ ਅੱਜ ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁੱਘ ਨੇ ਰੇਲ ਮੰਤਰੀ ਨਾਲ ਮੀਟਿੰਗ ਮਗਰੋਂ ਦੱਸਿਆ ਕਿ ਪੰਜਾਬ ਸਰਕਾਰ ਲਿਖਤੀ ਰੂਪ ਵਿਚ ਰੇਲਵੇ ਦੀ ਸੁਰੱਖਿਆ ਦੀ ਗਾਰੰਟੀ ਦੇਵੇ ਅਤੇ ਉਸ ਮਗਰੋਂ ਹੀ ਰੇਲ ਮੰਤਰੀ ਨੇ ਰੇਲ ਗੱਡੀਆਂ ਸ਼ੁਰੂ ਕਰਨ ਦੀ ਗੱਲ ਆਖੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਤਾਂ ਕਿਸਾਨਾਂ ਨੂੰ ਉਕਸਾ ਕੇ ਰੇਲ ਮਾਰਗਾਂ ’ਤੇ ਬਿਠਾ ਰਹੇ ਹਨ। ਤਰੁਣ ਚੁੱਘ ਨੇ 31 ਰੇਲ ਮਾਰਗਾਂ ’ਤੇ ਅੱਜ ਵੀ ਕਿਸਾਨਾਂ ਦੇ ਬੈਠੇ ਹੋਣ ਦੀਆਂ ਤਸਵੀਰਾਂ ਵੀ ਦਿਖਾਈਆਂ।