ਕਾਦੀਆਂ (ਸਮਾਜਵੀਕਲੀ) – ਇਥੋਂ ਨੇੜਲੇ ਪਿੰਡ ਖਾਰਾ ਦੀ ਮਹਿਲਾ ਸਰਪੰਚ ਦੇ ਪਤੀ ਨੇ ਆਪਣੀ ਲਾਇਸੈਂਸੀ ਦੋਨਾਲੀ ਨਾਲ ਲੰਘੀ ਰਾਤ ਇੱਕ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਪੀੜਤ ਦੀ ਪਛਾਣ ਦਿਲਬਾਗ ਸਿੰਘ(52) ਵਜੋਂ ਹੋਈ ਹੈ, ਜੋ ਕਾਦੀਆਂ ਵਿੱਚ ਇਕ ਸਕੂਲ ਬੱਸ ਚਲਾਉਂਦਾ ਸੀ। ਪੁਲੀਸ ਨੇ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਮੁਲਜ਼ਮ ਮਨਬੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਪਿੰਡ ਖਾਰਾ ਦੀ ਕਾਂਗਰਸੀ ਸਰਪੰਚ ਸੁਖਬੀਰ ਕੌਰ ਦੇ ਪਤੀ ਮਨਬੀਰ ਸਿੰਘ ਨੇ ਦਿਲਬਾਗ਼ ਸਿੰਘ ਪੁੱਤਰ ਬੇਅੰਤ ਸਿੰਘ ਵਾਸੀ ਖਾਰਾ ਦੀ ਬੀਤੀ ਰਾਤ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦਿਲਬਾਗ਼ ਸਿੰਘ ਦੇ ਪੁੱਤਰ ਜਗਰੂਪ ਸਿੰਘ ਨੇ ਦੱਸਿਆ ਕਿ ਰਾਤ ਕਰੀਬ 11 ਵਜੇ ਸਰਪੰਚ ਦਾ ਪਤੀ ਮਨਬੀਰ ਸਿੰਘ ਉਨ੍ਹਾਂ ਦੇ ਘਰ ਦੇ ਬਾਹਰ ਆ ਕੇ ਗਾਲ੍ਹਾਂ ਕੱਢਣ ਲੱਗਾ।
ਇਸ ਵੇਲੇ ਮਨਬੀਰ ਸਿੰਘ ਕਥਿਤ ਸ਼ਰਾਬ ਦੇ ਨਸ਼ੇ ਵਿੱਚ ਸੀ। ਉਨ੍ਹਾਂ ਮਨਬੀਰ ਸਿੰਘ ਨੂੰ ਬਥੇਰਾ ਸਮਝਾਇਆ ਕਿ ਉਹ ਗਾਲ੍ਹਾਂ ਨਾ ਕੱਢੇ, ਪਰ ਉਹ ਨਾ ਟਲਿਆ। ਿੲਸ ’ਤੇ ਦੋਵਾਂ ਵਿਚਾਲੇ ਤਕਰਾਰ ਹੋ ਗਈ। ਮਨਬੀਰ ਸਿੰਘ ਨੇ ਤੈਸ਼ ਵਿੱਚ ਆ ਕੇ ਦਿਲਬਾਗ਼ ਸਿੰਘ ਨੂੰ ਆਪਣੀ ਲਾਇਸੈਂਸੀ ਦੋਨਾਲੀ ਨਾਲ ਗੋਲੀਆਂ ਮਾਰ ਦਿੱਤੀਆਂ। ਥਾਣਾ ਸੇਖਵਾਂ ਪੁਲੀਸ ਨੇ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਮੁਲਜ਼ਮ ਨੂੰ ਉਹਦੇ ਘਰੋਂ ਗ੍ਰਿਫ਼ਤਾਰ ਕਰ ਲਿਆ ਹੈ।