ਕਾਂਗਰਸੀ ਵਿਧਾਇਕ ਵੜਿੰਗ ਨੇ ਸਰਕਾਰ ’ਤੇ ਹੱਲਾ ਬੋਲਿਆ

ਟਰਾਂਸਪੋਰਟ ਵਿਭਾਗ ਵਿੱਚ ‘ਉਪਰਲੇ ਦਖ਼ਲ’ ਦੇ ਮੁੱਦੇ ’ਤੇ ਹੰਗਾਮਾ

ਚੰਡੀਗੜ੍ਹ– ਪੰਜਾਬ ਵਿਧਾਨ ਸਭਾ ਵਿੱਚ ਅੱਜ ਟਰਾਂਸਪੋਰਟ ਵਿਭਾਗ ਵਿੱਚ ਵਿਭਾਗ ਦੇ ਮੰਤਰੀ ਦੀ ਥਾਂ ਮੁੱਖ ਮੰਤਰੀ ਦਫ਼ਤਰ ਦਾ ਦਖ਼ਲ ਅਤੇ ਕਾਨੂੰਨ ਵਿਵਸਥਾ ਦੇ ਮੁੱਦੇ ’ਤੇ ਹੰਗਾਮੇ ਹੋਏ। ਟਰਾਂਸਪੋਰਟ ਵਿਭਾਗ ਦੇ ਮੁੱਦੇ ’ਤੇ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੀ ਹੀ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ। ਇਸੇ ਤਰ੍ਹਾਂ ਕਾਨੂੰਨ ਵਿਵਸਥਾ ਦੇ ਮੁੱਦੇ ’ਤੇ ਅਕਾਲੀ ਦਲ ਦੇ ਵਿਧਾਇਕਾਂ ਨੇ ਸੂਬੇ ਵਿੱਚ ਗੈਂਗਸਟਰਾਂ ਤੇ ਅਪਰਾਧੀਆਂ ਦਾ ਰਾਜ ਹੋਣ ਦੇ ਦੋਸ਼ ਲਾਉਂਦਿਆਂ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ।
ਹਾਕਮ ਅਤੇ ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਸਰਕਾਰ ਨੂੰ ਘੇਰਨ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਦਨ ਵਿੱਚ ਮੌਜੂਦ ਨਹੀਂ ਸਨ। ਕਾਂਗਰਸੀ ਵਿਧਾਇਕ ਵੱਲੋਂ ਟਰਾਂਸਪੋਰਟ ਵਿਭਾਗ ਸਬੰਧੀ ਚੁੱਕੇ ਸਵਾਲਾਂ ਦਾ ਸਮਰਥਨ ਕਰਦੇ ਹਾਕਮ ਧਿਰ ਅਤੇ ‘ਆਪ’ ਦੇ ਹੋਰ ਮੈਂਬਰ ਵੀ ਦੇਖੇ ਗਏ। ਇੱਥੋਂ ਤੱਕ ਕਿ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਵੀ ਵਿਧਾਇਕ ਦੇ ਕਥਨ ਦੀ ਪੁਸ਼ਟੀ ਕਰ ਦਿੱਤੀ। ਇਸੇ ਤਰ੍ਹਾਂ ਜੇਲ੍ਹ ਮੰਤਰੀ ਦੇ ਕਥਨ ਦੀ ਵੀ ਕਈਆਂ ਵਿਧਾਇਕਾਂ ਨੇ ਆਪਣੀਆਂ ਸੀਟਾਂ ’ਤੇ ਬੈਠ ਕੇ ਹਮਾਇਤ ਕੀਤੀ। ਸਦਨ ਵਿੱਚ ਭਾਰੀ ਸ਼ੋਰ ਸ਼ਰਾਬਾ ਹੋਇਆ। ਅਕਾਲੀ ਦਲ ਦੇ ਵਿਧਾਇਕਾਂ ਨੇ ਸਰਕਾਰ ਅਤੇ ਜੇਲ੍ਹ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਸਦਨ ਵਿੱਚੋਂ ਵਾਕਆਊਟ ਕੀਤਾ। ‘ਆਪ’ ਦੇ ਬਾਗ਼ੀ ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਮੌੜ ਮੰਡੀ ਵਿੱਚ ਹੋਏ ਬੰਬ ਧਮਾਕੇ ਦੇ ਮਾਮਲੇ ਵਿੱਚ ਕਾਂਗਰਸੀ ਨੇਤਾਵਾਂ ਨੂੰ ਵੀ ਤਫ਼ਤੀਸ਼ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ। ਰਾਜਾ ਵੜਿੰਗ ਨੇ ਕਿਹਾ ਕਿ ਸੂਬੇ ਵਿੱਚ ਖੇਤਰੀ ਟਰਾਂਸਪੋਰਟ ਅਫ਼ਸਰਾਂ ਦੀਆਂ ਤਾਇਨਾਤੀਆਂ ਅਤੇ ਭ੍ਰਿਸ਼ਟ ਅਫ਼ਸਰਾਂ ਖ਼ਿਲਾਫ਼ ਕਾਰਵਾਈ ਕਰਨ ਦੇ ਮਾਮਲੇ ਵਿੱਚ ਟਰਾਂਸਪੋਰਟ ਮੰਤਰੀ ਲਾਚਾਰ ਦਿਖਾਈ ਦੇ ਰਹੇ ਹਨ। ਕਾਂਗਰਸੀ ਵਿਧਾਇਕ ਨੇ ਕਿਹਾ ਕਿ ਮੁਕਤਸਰ ਦਾ ਆਰਟੀਏ ਹਰਦੀਪ ਸਿੰਘ, ਜਿਸ ਖ਼ਿਲਾਫ਼ ਗਬਨ ਦਾ ਮਾਮਲਾ ਦਰਜ ਹੈ, ਖ਼ਿਲਾਫ਼ ਸਰਕਾਰ ਕੋਈ ਕਾਰਵਾਈ ਨਹੀਂ ਕਰ ਰਹੀ। ਵਿਧਾਇਕ ਨੇ ਕਿਹਾ ਕਿ ਸਾਬਕਾ ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ ਅਤੇ ਮੌਜੂਦਾ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਵੱਲੋਂ ਦੋ ਟੁੱਕ ਕਿਹਾ ਗਿਆ ਹੈ ਕਿ ਇਨ੍ਹਾਂ ਅਧਿਕਾਰੀਆਂ ਦੀਆਂ ਤਾਇਨਾਤੀਆਂ ‘ਉਪਰੋਂ’ ਹੁੰਦੀਆਂ ਹਨ। ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਮੰਤਰੀ ਬੇਵੱਸ ਹਨ ਤੇ ਮੰਤਰੀਆਂ ਕੋਲ ਅਫ਼ਸਰਾਂ ਨੂੰ ਤਬਦੀਲ ਕਰਨ ਜਾਂ ਕਾਰਵਾਈ ਕਰਨ ਦਾ ਅਖਤਿਆਰ ਨਹੀਂ ਹੈ ਤਾਂ ਟਰਾਂਸਪੋਰਟ ਵਿਭਾਗ ਵਿੱਚ ਤਾਇਨਾਤ ਅਫ਼ਸਰਾਂ ਦਾ ‘ਜੁਗਾੜ’ ਕਿੱਥੇ ਫਿੱਟ ਹੈ। ਇਹ ਗੱਲ ਵੀ ਸਪੱਸ਼ਟ ਹੋਣੀ ਚਾਹੀਦੀ ਹੈ। ਕਾਂਗਰਸੀ ਵਿਧਾਇਕ ਨੇ ਦੋਸ਼ ਲਾਇਆ ਕਿ ਪੀਆਰਟੀਸੀ ਦੇ ਰੂਟ ਪਰਮਿਟ ਨਵਿਆਏ ਨਹੀਂ ਜਾ ਰਹੇ। ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਵਿਧਾਇਕ ਦੇ ਦੋਸ਼ਾਂ ਦਾ ਜਵਾਬ ਦਿਦਿਆਂ ਕਿਹਾ ਕਿ ਸੂਬੇ ਵਿੱਚ 11 ਖੇਤਰੀ ਟਰਾਂਸਪੋਰਟ ਅਫ਼ਸਰ ਲਾਏ ਜਾਂਦੇ ਹਨ। ਇਨ੍ਹਾਂ ਵਿੱਚੋਂ 5 ਵਿਭਾਗ ਨਾਲ ਸਬੰਧਤ ਹਨ ਤੇ 6 ਪੀਸੀਐੱਸ ਹੁੰਦੇ ਹਨ। ਮੰਤਰੀ ਨੇ ਨੇ ਕਿਹਾ ਕਿ ਪੀਸੀਐੱਸ ਅਫ਼ਸਰਾਂ ਦੀਆਂ ਤਾਇਨਾਤੀਆਂ ਮੁੱਖ ਮੰਤਰੀ ਵੱਲੋਂ ਹੀ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਅਫ਼ਸਰਾਂ ਨੂੰ ਮੁੱਖ ਮੰਤਰੀ ਹੀ ਤਬਦੀਲ ਕਰਨ ਦਾ ਅਖਤਿਆਰ ਰੱਖਦੇ ਹਨ। ਵਿਧਾਇਕ ਨੇ ਇਹ ਵੀ ਕਿਹਾ ਕਿ ਟਰਾਂਸਪੋਰਟ ਨੀਤੀ ਕਿਉਂ ਨਹੀਂ ਲਾਗੂ ਕੀਤੀ ਜਾ ਰਹੀ ਇਸ ਸਬੰਧੀ ਵੀ ਸਥਿਤੀ ਸਪੱਸ਼ਟ ਹੋਣੀ ਚਾਹੀਦੀ ਹੈ।
ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਵੀ ਕਾਂਗਰਸੀ ਵਿਧਾਇਕ ਦਾ ਸਾਥ ਦਿੰਦਿਆਂ ਸੂਬੇ ਵਿੱਚ ਅਕਾਲੀ ਸਰਕਾਰ ਦੇ ਸਮੇਂ ਤੋਂ ਚਲਦਾ ਆ ਰਿਹਾ ਟਰਾਂਸਪੋਰਟ ਮਾਫ਼ੀਆ ਕਾਇਮ ਰਹਿਣ ਦੀ ਗੱਲ ਕਹੀ। ਹਰਪਾਲ ਚੀਮਾ ਨੇ ਪਾਤੜਾਂ ਦੀ ਪਿਕਾਡਲੀ ਖੰਡ ਮਿੱਲ ਦੇ ਪ੍ਰਦੂਸ਼ਨ, ਕੰਵਰ ਸੰਧੂ ਨੇ ਹਾਈ ਕੋਰਟ ਵੱਲੋਂ ਸੁਖਨਾ ਝੀਲ ਦੇ ਖੇਤਰ ਵਿੱਚੋਂ ਉਸਾਰੀਆਂ ਢਾਹੁਣ ਸਬੰਧੀ ਹਾਈ ਕੋਰਟ ਦੇ ਹੁਕਮਾਂ, ਸ਼ਰਨਜੀਤ ਢਿੱਲੋਂ ਨੇ ਪ੍ਰਾਈਵੇਟ ਸਕੂਲਾਂ ਵਿੱਚ ਪੰਜਾਬੀ ਲਾਗੂ ਕਰਨ, ਅਰੁਣ ਨਾਰੰਗ ਨੇ ਐਸੋਸੀਏਟ ਸਕੂਲਾਂ ਨੂੰ ਬੰਦ ਨਾ ਕਰਨ, ਹਰਰਿੰਦਰ ਪਾਲ ਸਿੰਘ ਚੰਦੂਮਾਜਰਾ ਨੇ ਪਾਣੀਆਂ ਦੇ ਮੁੱਦੇ ’ਤੇ ਬਹਿਸ ਕਰਾਉਣ ਦੇ ਮੁੱਦੇ ਸਿਫ਼ਰ ਕਾਲ ਦੌਰਾਨ ਚੁੱਕੇ।

Previous articleਸੀਏਏ: ਸੰਯੁਕਤ ਰਾਸ਼ਟਰ ਵੱਲੋਂ ਵੀ ਵਿਰੋਧ
Next articleਲੋਕ ਸਭਾ ’ਚ ਦਿੱਲੀ ਹਿੰਸਾ ਮੁੱਦੇ ’ਤੇ ਦੂਜੇ ਦਿਨ ਵੀ ਹੰਗਾਮਾ