ਕਾਂਗਰਸੀ ਉਮੀਦਵਾਰ ਰਵਨੀਤ ਬਿੱਟੂ ਵੱਲੋਂ ਰੋਡ ਸ਼ੋਅ ਰਾਹੀਂ ਸ਼ਕਤੀ ਪ੍ਰਦਰਸ਼ਨ

ਪੰਜਾਬ ’ਚ ਲੋਕ ਸਭਾ ਚੋਣਾਂ ਨੂੰ ਭਾਵੇਂ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਬਾਕੀ ਹੈ ਪਰ ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਦੂਜੀ ਵਾਰ ਚੋਣਾਂ ਜਿੱਤਣ ਦੀ ਉਮੀਦ ਨਾਲ ਅੱਜ ਰੋਡ ਸ਼ੋਅ ਕਰਕੇ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ। ਇਸ ਰੋਡ ਸ਼ੋਅ ਦੌਰਾਨ ਜਿੱਥੇ ਕਾਂਗਰਸੀ ਵਿਧਾਇਕਾਂ ਨੇ ਇਕਜੁੱਟਤਾ ਦਿਖਾਈ ਉੱਥੇ ਕਾਂਗਰਸ ਹਮਾਇਤੀ ਵੀ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਸਨ। ਇੱਥੋਂ ਦੀ ਵਰਧਮਾਨ ਮਿੱਲ ਸਾਹਮਣੇ ਪੁੱਡਾ ਗਰਾਊਂਡ ’ਚ ਇਕੱਠੇ ਹੋਣ ਲਈ ਰੱਖੀ ਰੈਲੀ ’ਚ ਪਹੁੰਚਣ ਤੋਂ ਪਹਿਲਾਂ ਰਵਨੀਤ ਸਿੰਘ ਬਿੱਟੂ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਚੰਡੀਗੜ੍ਹ ਤੋਂ ਆਉਂਦਿਆਂ ਸੈਕਟਰ-42 ਵਿੱਚ ਆਪਣੇ ਦਾਦਾ ਬੇਅੰਤ ਸਿੰਘ ਦੀ ਯਾਦਗਾਰ ’ਤੇ ਫੁੱਲ ਚੜ੍ਹਾ ਕੇ ਆਸ਼ੀਰਵਾਦ ਲਿਆ। ਲੁਧਿਆਣਾ ’ਚ ਬਿੱਟੂ ਦੇ ਸਵਾਗਤ ਲਈ ਕੈਬਨਿਟ ਮੰਤਰੀ ਭਾਰਤ ਭੁਸ਼ਣ ਆਸ਼ੂ, ਰਾਕੇਸ਼ ਪਾਂਡੇ, ਸੁਰਿੰਦਰ ਡਾਬਰ, ਸੰਜੇ ਤਲਵਾੜ ਅਤੇ ਕੁਲਦੀਪ ਵੈਦ ਆਦਿ ਵਿਧਾਇਕਾਂ, ਕਾਂਗਰਸ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ, ਜ਼ਿਲਾ ਦਿਹਾਤੀ ਪ੍ਰਧਾਨ ਸੋਨੀ ਗਾਲਿਬ ਨੇ ਬਿੱਟੂ ਨਾਲ ਆਪਣੀਆਂ ਤਸਵੀਰਾਂ ਅਤੇ ਨਾਵਾਂ ਵਾਲੇ ਵੱਡੇ ਵੱਡੇ ਬੈਨਰ ਲਾਏ ਹੋਏ ਸਨ। ਇਹ ਰੋਡ ਸ਼ੋਅ ਪੁੱਡਾ ਗਰਾਊਂਡ ਤੋਂ ਸ਼ੁਰੂ ਹੋ ਕੇ ਸ਼ਹਿਰ ਦੀਆਂ ਵੱਖ ਵੱਖ ਸੜਕਾਂ ਤੋਂ ਹੁੰਦਾ ਹੋਇਆ ਘੰਟਾ ਘਰ ਕਾਂਗਰਸ ਭਵਨ ਜਾ ਕੇ ਖਤਮ ਹੋਇਆ। ਖੁੱਲ੍ਹੀ ਜੀਪ ’ਚ ਸਵਾਰ ਬਿੱਟੂ, ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਕੋਟਲੀ, ਸੰਜੇ ਤਲਵਾਰ, ਕੁਲਦੀਪ ਵੈਦ, ਮੇਅਰ ਬਲਕਾਰ ਸਿੰਘ ਸੰਧੂ ਸਮੇਤ ਹੋਰ ਆਗੂਆਂ ਅਤੇ ਸਮਰਥਕਾਂ ਦੇ ਵੱਡੇ ਕਾਫਲੇ ਨੇ ਜਿੱਥੇ ਵਿਰੋਧੀਆਂ ਲਈ ਚਿੰਤਾ ਵਧਾ ਦਿੱਤੀ ਹੈ ਉੱਥੇ ਕਾਂਗਰਸੀ ਆਗੂਆਂ ਦੀ ਇਕਜੁਟਤਾ ਨਾਲ ਸਮਰਥਕਾਂ ਵਿੱਚ ਵੀ ਭਾਰੀ ਜੋਸ਼ ਦੇਖਣ ਨੂੰ ਮਿਲਿਆ। ਇਸ ਰੋਡ ਸ਼ੋਅ ਦੌਰਾਨ ਰਵਨੀਤ ਬਿੱਟੂ ਨੇ ਕਿਹਾ ਕਿ ਉਹ ਜ਼ਿਲ੍ਹੇ ਦੇ ਲੋਕਾਂ ਵੱਲੋਂ ਪਿਛਲੀਆਂ ਲੋਕ ਸਭਾ ਚੋਣਾਂ ’ਚ ਮਿਲੇ ਭਰਵੇਂ ਹੁੰਗਾਰੇ ਨੂੰ ਅਜੇ ਤੱਕ ਭੁੱਲੇ ਨਹੀਂ ਹਨ। ਉਨ੍ਹਾਂ ਵਿਰੋਧ ਦੇ ਬਾਵਜੂਦ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਸ੍ਰੀ ਬਿੱਟੂ ਨੇ ਆਸ ਪ੍ਰਗਟਾਈ ਕਿ ਲੋਕ ਇਸ ਵਾਰ ਵੀ ਉਨਾਂ ਵਿੱਚ ਆਪਣਾ ਵਿਸ਼ਵਾਸ਼ ਪ੍ਰਗਟਾਉਂਦਿਆਂ ਜੇਤੂ ਬਣਾਉਣਗੇ। ਰੋਡ ਸ਼ੋਅ ਦੌਰਾਨ ਰਸਤੇ ਵਿੱਚ ਵੀ ਵਿਧਾਇਕ ਸੁਰਿੰਦਰ ਡਾਬਰ ਵੱਲੋਂ ਲਾਈ ਸਟੇਜ ਤੋਂ ਬਿੱਟੂ ਦੇ ਨੋਟਾਂ ਦੇ ਹਾਰ ਪਾਏ ਗਏ, ਚੇਤਨ ਬਾਵੇਜਾ ਨਾਂ ਦੇ ਕਾਂਗਰਸੀ ਵੱਲੋਂ ਵੱਡੀ ਗਿਣਤੀ ’ਚ 10-10 ਦੇ ਨੋਟ ਲੁਟਾਏ ਗਏ ਜਦਕਿ ਇੱਕ ਹੋਰ ਕਾਂਗਰਸੀ ਸਮਰਥਕ ਪ੍ਰਦੀਪ ਸੰਧੂ ਨੇ ਸਟੇਜ ’ਤੇ ਡੀਜੇ ਲਾ ਕੇ, ਆਈਵੀਐਲ ਮੈਚ ਦਿਖਾ ਕੇ ਕਾਫਲੇ ਦਾ ਸਵਾਗਤ ਕੀਤਾ। ਇੱਥੇ ਦੱਸਣਯੋਗ ਹੈ ਕਿ ਪਿਛਲੀਆਂ ਲੋਕ ਸਭਾ ਚੋਣਾਂ ’ਚ ਕਾਂਗਰਸ ਵੱਲੋਂ ਬਿੱਟੂ 300459 ਵੋਟਾਂ ਲੈ ਕੇ ਜੇਤੂ ਰਿਹਾ ਸੀ ਜਦਕਿ ਆਮ ਆਦਮੀ ਪਾਰਟੀ ਦਾ ਉਮੀਦਵਾਰ ਹਰਵਿੰਦਰ ਸਿੰਘ ਫੁਲਕਾ 280750 ਵੋਟਾਂ ਨਾਲ ਦੂਜੇ ਅਤੇ ਮਨਪ੍ਰੀਤ ਸਿੰਘ ਇਆਲੀ 256590 ਵੋਟਾਂ ਨਾਲ ਤੀਜੇ ਸਥਾਨ ’ਤੇ ਰਿਹਾ ਸੀ।

Previous articleਨਗਰ ਨਿਗਮ ਕਮਿਸ਼ਨਰ ਵੱਲੋਂ ਕਈ ਥਾਈਂ ਛਾਪੇ
Next articleਅਲਜ਼ਾਰੀ ਜੋਸੇਫ ਦੇ ਸਿਰ ’ਤੇ ਮੁੰਬਈ ਨੇ ਸਨਰਾਈਜ਼ਰਜ਼ ਨੂੰ ਹਰਾਇਆ