ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਸੱਤ ਪਾਲ ਡੋਡ ਅਤੇ ਜੈਤੋ ਦੇ ਐੱਸਐੱਚਓ ਸੰਜੀਵ ਕੁਮਾਰ ਵਿਚਾਲੇ ‘ਤਕਰਾਰ’ ਹੋਣ ਤੋਂ ਬਾਅਦ ਕਾਂਗਰਸੀ ਵਰਕਰਾਂ ਨੇ ਰੋਸ ਵਜੋਂ ਥਾਣੇ ਅੱਗੇ ਧਰਨਾ ਲਾ ਦਿੱਤਾ। ਧਰਨਾਕਾਰੀਆਂ ਵਲੋਂ ਐੱਸਐੱਚਓ ਖ਼ਿਲਾਫ਼ ਕਾਨੂੰਨੀ ਕਾਰਵਾਈ ਅਤੇ ਉਸ ਦੀ ਬਰਖ਼ਾਸਤਗੀ ਦੀ ਮੰਗ ਕੀਤੀ ਜਾ ਰਹੀ ਸੀ। ਇਸੇ ਦੌਰਾਨ ਐੱਸਐੱਚਓ ਸੰਜੀਵ ਕੁਮਾਰ ਨੂੰ ਲਾਈਨਹਾਜ਼ਰ ਕਰਕੇ ਉਨ੍ਹਾਂ ਦੀ ਜਗ੍ਹਾ ਮੁਖਤਿਆਰ ਸਿੰਘ ਨੂੰ ਜੈਤੋ ਥਾਣੇ ਦਾ ਮੁਖੀ ਲਾਇਆ ਗਿਆ ਹੈ।
ਕਾਂਗਰਸੀ ਆਗੂ ਸੱਤ ਪਾਲ ਡੋਡ ਅਨੁਸਾਰ ਉਹ ਰਾਮਲੀਲ੍ਹਾ ਗਰਾਊਂਡ ਨੇੜੇ ਮੰਦਰ ’ਚ ਨਤਮਸਤਕ ਹੋ ਕੇ ਬਾਹਰ ਆ ਰਹੇ ਸਨ ਤਾਂ ਐੱਸਐੱਚਓ ਵੱਲੋਂ ਸੜਕ ਕਿਨਾਰੇ ਖੜ੍ਹੀਆਂ ਰੇਹੜੀਆਂ ਹਟਾਈਆਂ ਜਾ ਰਹੀਆਂ ਸਨ। ਸ੍ਰੀ ਡੋਡ ਮੁਤਾਬਿਕ ਪੁਲੀਸ ਅਧਿਕਾਰੀ ਵੱਲੋਂ ਰੇਹੜੀ ਵਾਲਿਆਂ ਪ੍ਰਤੀ ‘ਸਖ਼ਤ ਭਾਸ਼ਾ’ ਵਰਤੀ ਜਾ ਰਹੀ ਸੀ। ਉਨ੍ਹਾਂ ਨੇ ਐੱਸਐੱਚਓ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਐੱਸਐੱਚਓ ਉਨ੍ਹਾਂ ਨਾਲ ‘ਬਦ-ਕਲਾਮੀ’ ਨਾਲ ਪੇਸ਼ ਆਏ। ਇਸ ’ਤੇ ਦੋਵਾਂ ਵਿਚਾਲੇ ਵਿਚ ਬਹਿਸ ਹੋ ਗਈ। ਤਣਾ-ਤਣੀ ਵਧਣ ’ਤੇ ਥਾਣਾ ਮੁਖੀ ਆਪਣੀ ਗੱਡੀ ਲੈ ਕੇ ਉਥੋਂ ਚਲਾ ਗਿਆ। ਮੌਕੇ ’ਤੇ ਕਾਂਗਰਸੀ ਵਰਕਰ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਉਨ੍ਹਾਂ ਥਾਣੇ ਅੱਗੇ ਪਹੁੰਚ ਕੇ ਧਰਨਾ ਲਾ ਦਿੱਤਾ। ਧਰਨੇ ਵਿਚ ਸ਼ਹਿਰ ਦੇ ਕੌਂਸਲਰ ਵਿਕਾਸ ਡੋਡ, ਕਾਂਗਰਸੀ ਆਗੂ ਪ੍ਰਦੀਪ ਗਰਗ, ਸੁਨੀਲ ਗਰਗ, ਲੱਕੀ ਡੋਡ, ਡਾ. ਗੁਰਜੀਤ ਸਿੰਘ, ਵਿਨੋਦ ਡੋਡ, ਰਣਬੀਰ ਪੰਵਾਰ, ‘ਜੈਤੋ ਪੰਚਾਇਤ’ ਦੇ ਸਰਪੰਚ ਰਾਕੇਸ਼ ਕੁਮਾਰ ਘੋਚਾ, ਨਾਇਬ ਸਿੰਘ ਭਗਤੂਆਣਾ, ਸਤੀਸ਼ ਬਰਗਾੜੀ, ‘ਆਪ’ ਆਗੂ ਰੌਸ਼ਨ ਲਾਲ ਸ਼ਰਮਾ, ਸੁਸ਼ੀਲ ਸ਼ਰਮਾ ਆਦਿ ਸ਼ਾਮਲ ਸਨ।
ਧਰਨੇ ਦੌਰਾਨ ਪਹੁੰਚੇ ਡੀਐੱਸਪੀ (ਡੀ) ਜਸਤਿੰਦਰ ਧਾਲੀਵਾਲ ਨਾਲ ਪ੍ਰਦਰਸ਼ਨਕਾਰੀਆਂ ਦੀ ਗੱਲਬਾਤ ਹੋਈ ਤਾਂ ਉਨ੍ਹਾਂ ਥਾਣਾ ਮੁਖੀ ਦੇ ਲੋਕਾਂ ਪ੍ਰਤੀ ਵਤੀਰੇ ਬਾਰੇ ਗੰਭੀਰ ਦੋਸ਼ ਲਾਏ। ਸ੍ਰੀ ਧਾਲੀਵਾਲ ਵੱਲੋਂ ਥਾਣਾ ਮੁਖੀ ਖ਼ਿਲਾਫ਼ ਕਾਰਵਾਈ ਕਰਨ ਦਾ ਭਰੋਸਾ ਦਿੱਤੇ ਜਾਣ ’ਤੇ ਧਰਨਾਕਾਰੀਆਂ ਨੇ ਧਰਨਾ ਚੁੱਕ ਦਿੱਤਾ।
INDIA ਕਾਂਗਰਸੀ ਆਗੂ ਨਾਲ ਤਕਰਾਰ ਮਗਰੋਂ ਐੱਸਐੱਚਓ ਲਾਈਨਹਾਜ਼ਰ