ਕਸ਼ਮੀਰ ਜਿੱਥੇ ਅੱਜ ਠੰਢ ਦੀ ਲਪੇਟ ਵਿਚ ਰਿਹਾ, ਉੱਥੇ ਹੀ ਸ੍ਰੀਨਗਰ ਵਿਚ ਬੀਤੀ ਰਾਤ ਸਭ ਤੋਂ ਠੰਢੀ ਰਹੀ। ਇਸੇ ਤਰ੍ਹਾਂ ਹਿਮਾਚਲ ਵਿਚ ਵੀ ਅੱਜ ਪਾਰਾ ਕਾਫ਼ੀ ਹੇਠਾਂ ਰਿਹਾ। ਇਸ ਦੌਰਾਨ ਜਨ-ਜੀਵਨ ਪ੍ਰਭਾਵਿਤ ਹੋਇਆ ਤੇ ਮਨਾਲੀ ਵਿਚ ਰਸਤੇ ਬੰਦ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਮੌਸਮ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਕਸ਼ਮੀਰ ਤੇ ਲੱਦਾਖ ਵਿਚ ਮੰਗਲਵਾਰ ਨੂੰ ਘੱਟੋ ਘੱਟ ਤਾਪਮਾਨ ਸਿਫ਼ਰ ਤੋਂ ਕਈ ਡਿਗਰੀ ਹੇਠਾਂ ਚਲਿਆ ਗਿਆ। ਉਨ੍ਹਾਂ ਦੱਸਿਆ ਕਿ ਸ੍ਰੀਨਗਰ ਵਿਚ ਬੀਤੀ ਰਾਤ ਮੌਸਮ ਦੀ ਹੁਣ ਤੱਕ ਦੀ ਸਭ ਤੋਂ ਠੰਢੀ ਰਾਤ ਰਹੀ ਤੇ ਘੱਟੋ ਘੱਟ ਤਾਪਮਾਨ ਸਿਫਰ ਤੋਂ ਚਾਰ ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ। ਇਸ ਕਾਰਨ ਸ਼ਹਿਰ ਵਿਚ ਕਈ ਥਾਈਂ ਪਾਣੀ ਵਾਲੀਆਂ ਪਾਈਪਾਂ ਜੰਮ ਗਈਆਂ। ਉੱਤਰੀ ਕਸ਼ਮੀਰ ਦੇ ਗੁਲਮਰਗ ਦੇ ਸਕੀ ਰਿਜ਼ਾਰਟ ਵਿਚ ਬੀਤੀ ਰਾਤ ਤਾਪਮਾਨ ਸਿਫਰ ਤੋਂ 10.2 ਡਿਗਰੀ ਹੇਠਾਂ ਦਰਜ ਕੀਤਾ ਗਿਆ। ਇਸ ਤੋਂ ਪਹਿਲੀ ਰਾਤ ਇੱਥੇ ਘੱਟੋ ਘੱਟ ਤਾਪਮਾਨ ਸਿਫਰ ਤੋਂ 8.5 ਡਿਗਰੀ ਹੇਠਾਂ ਸੀ। ਅਧਿਕਾਰੀ ਨੇ ਦੱਸਿਆ ਕਿ ਪਹਿਲਗਾਮ ਰਿਜ਼ਾਰਟ ਵਿਚ ਬੀਤੀ ਰਾਤ ਦਾ ਤਾਪਮਾਨ ਸਿਫਰ ਤੋਂ 10.4 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ, ਜੋ ਸੋਮਵਾਰ ਨੂੰ ਸਿਫਰ ਤੋਂ 10.8 ਡਿਗਰੀ ਸੈਲਸੀਅਸ ਥੱਲੇ ਸੀ। ਕਾਜੀਗੁੰਡ ਵਿਚ ਤਾਪਮਾਨ ਸਿਫਰ ਤੋਂ ਹੇਠਾਂ 7.8 ਡਿਗਰੀ ਸੈਲਸੀਅਸ ਰਿਹਾ। ਸੋਮਵਾਰ ਦੀ ਤੁਲਨਾ ਵਿਚ ਅੱਜ ਤਾਪਮਾਨ ਘੱਟੋ ਘੱਟ 10 ਡਿਗਰੀ ਘੱਟ ਰਿਹਾ। ਮੌਸਮ ਵਿਭਾਗ ਅਨੁਸਾਰ ਅਗਲੇ ਹਫ਼ਤੇ ਮੌਸਮ ਖੁਸ਼ਕ ਰਹਿਣ ਦਾ ਅਨੁਮਾਨ ਹੈ। ਇਸੇ ਵੇਲੇ ਕਸ਼ਮੀਰ ਚਿੱਲਾ ਕਲਾਂ ਦੀ ਲਪੇਟ ਵਿਚ ਹੈ। ਇਸ 40 ਦਿਨਾਂ ਦੇ ਸਮੇਂ ਦੌਰਾਨ ਸਭ ਤੋਂ ਵੱਧ ਠੰਢ ਹੁੰਦੀ ਹੈ ਤੇ ਬਰਫ਼ ਪੈਣ ਦੀ ਸੰਭਾਵਨਾ ਸਭ ਤੋਂ ਵੱਧ ਹੁੰਦੀ ਹੈ। ਜੰਮੂ: ਇੱਥੋਂ ਦੇ ਰਾਮਬਨ ਜ਼ਿਲ੍ਹੇ ਵਿਚ ਅੱਜ ਜ਼ਮੀਨ ਧਸਣ ਕਾਰਨ ਜੰਮੂ-ਸ੍ਰੀਨਗਰ ਕੌਮੀ ਮਾਰਗ ਆਵਾਜਾਈ ਲਈ ਮੁੜ ਬੰਦ ਕਰ ਦਿੱਤਾ ਗਿਆ ਹੈ। ਅੱਜ ਜ਼ਮੀਨ ਧਸਣ ਦੀ ਘਟਨਾ ਮਗਰੋਂ 2000 ਤੋਂ ਵੱਧ ਵਾਹਨ ਇਸ ਮਾਰਗ ’ਤੇ ਫਸ ਗਏ। ਇਸ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।