ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸੋਮਵਾਰ ਨੂੰ ਕਿਹਾ ਹੈ ਕਿ ਜਿਹੜਾ ਵਿਅਕਤੀ ਕਸ਼ਮੀਰ ਮਸਲੇ ਦਾ ਹੱਲ ਕੱਢੇਗਾ, ਉਹ ਨੋਬੇਲ ਸ਼ਾਂਤੀ ਪੁਰਸਕਾਰ ਦੇ ਕਾਬਿਲ ਹੋਵੇਗਾ। ਭਾਰਤ ਨਾਲ ਕੁੜੱਤਣ ਘਟਾਉਣ ਦੀਆਂ ਕੋਸ਼ਿਸ਼ਾਂ ਦਾ ਹਵਾਲਾ ਦੇ ਕੇ ਇਮਰਾਨ ਖ਼ਾਨ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਤ ਕਰਨ ਸਬੰਧੀ ਸੰਸਦ ’ਚ ਮਤਾ ਪੇਸ਼ ਕੀਤਾ ਗਿਆ ਹੈ। ਇਮਰਾਨ ਖ਼ਾਨ ਨੇ ਟਵੀਟ ਕਰਕੇ ਕਿਹਾ,‘‘ਮੈਂ ਨੋਬੇਲ ਸ਼ਾਂਤੀ ਪੁਰਸਕਾਰ ਦੇ ਕਾਬਿਲ ਨਹੀਂ ਹਾਂ। ਜਿਹੜਾ ਵਿਅਕਤੀ ਕਸ਼ਮੀਰੀ ਲੋਕਾਂ ਦੀ ਇੱਛਾ ਮੁਤਾਬਕ ਵਿਵਾਦ ਦਾ ਹੱਲ ਕੱਢੇਗਾ ਅਤੇ ਮਹਾਂਦੀਪ ’ਚ ਸ਼ਾਂਤੀ ਤੇ ਮਨੁੱਖੀ ਵਿਕਾਸ ਦਾ ਰਾਹ ਪੱਧਰਾ ਕਰੇਗਾ, ਉਸ ਨੂੰ ਨੋਬੇਲ ਪੁਰਸਕਾਰ ਮਿਲਣਾ ਚਾਹੀਦਾ ਹੈ।’’ ਉਨ੍ਹਾਂ ਦੀ ਪਾਰਟੀ ਤਹਿਰੀਕ-ਏ-ਇਨਸਾਫ਼ ਨੇ ਪ੍ਰਧਾਨ ਮੰਤਰੀ ਦੇ ਬਿਆਨ ਨੂੰ ਹਿੰਦੀ ’ਚ ਟਵੀਟ ਕੀਤਾ ਹੈ। ਹਿੰਦੀ ’ਚ ਲਿਖੇ ਟਵੀਟ ’ਚ ਕਿਹਾ ਗਿਆ,‘‘ਮੈਂ ਨੋਬੇਲ ਸ਼ਾਂਤੀ ਪੁਰਸਕਾਰ ਕੇ ਯੋਗਿਆ ਨਹੀਂ ਹੂੰ। ਇਸ ਕਾ ਯੋਗਿਆ ਵਿਅਕਤੀ ਵਹ ਹੋਗਾ ਜੋ ਕਸ਼ਮੀਰੀ ਲੋਗੋਂ ਕੀ ਇੱਛਾ ਕੇ ਅਨੁਸਾਰ ਕਸ਼ਮੀਰ ਵਿਵਾਦ ਕਾ ਸਮਾਧਾਨ ਕਰਤਾ ਹੈ ਔਰ ਉਪਮਹਾਦੀਪ ਮੇਂ ਸ਼ਾਂਤੀ ਔਰ ਮਾਨਵ ਵਿਕਾਸ ਕਾ ਮਾਰਗ ਪ੍ਰਸ਼ਸਤ ਕਰਤਾ ਹੈ।’’ ਜ਼ਿਕਰਯੋਗ ਹੈ ਕਿ 2 ਮਾਰਚ ਨੂੰ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਸਕੱਤਰੇਤ ’ਚ ਮਤਾ ਦਿੰਦਿਆਂ ਕਿਹਾ ਗਿਆ ਸੀ ਕਿ ਇਮਰਾਨ ਖ਼ਾਨ ਵੱਲੋਂ ਭਾਰਤੀ ਹਵਾਈ ਫ਼ੌਜ ਦੇ ਪਾਇਲਟ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ਰਿਹਾਅ ਕਰਨ ਦੇ ਫ਼ੈਸਲੇ ਨਾਲ ਪਾਕਿਸਤਾਨ ਅਤੇ ਭਾਰਤ ਵਿਚਕਾਰ ਤਲਖ਼ੀ ਘਟੀ ਹੈ। ਮਤੇ ਮੁਤਾਬਕ ਉਨ੍ਹਾਂ ਮੌਜੂਦਾ ਤਣਾਅ ਦੇ ਦੌਰ ’ਚ ਜ਼ਿੰਮੇਵਾਰੀ ਨਾਲ ਕਦਮ ਉਠਾਏ ਜਿਸ ਕਰਕੇ ਉਹ ਨੋਬੇਲ ਸ਼ਾਂਤੀ ਪੁਰਸਕਾਰ ਦੇ ਦਾਅਵੇਦਾਰ ਹਨ।