ਬਰਤਾਨੀਆ ’ਚ ਵਿਰੋਧੀ ਧਿਰ ਲੇਬਰ ਪਾਰਟੀ ਦੇ ਆਗੂ ਜੈਰੇਮੀ ਕੋਰਬਿਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਪਾਸ ਵਿਵਾਦਤ ਕਸ਼ਮੀਰ ਮਤੇ ਦੀ ਭਾਸ਼ਾ ਦੇ ਕੁਝ ਹਿੱਸਿਆਂ ਨੂੰ ਗਲਤ ਢੰਗ ਨਾਲ ਭਾਰਤ ਵਿਰੁੱਧ ਪੇਸ਼ ਕੀਤੇ ਜਾਣ ਦੀ ਗੁੰਜਾਇਸ਼ ਹੈ ਪਰ ਉਹ ਜੰਮੂ ਕਮਸ਼ੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨ ਵਿਰੁੱਧ ਇਸ ਹੰਗਾਮੀ ਮਤੇ ਦੇ ਹੱਕ ’ਚ ਖੜ੍ਹੇ ਹਨ।
ਬਰਤਾਨੀਆ ਦੀ ਵਿਰੋਧੀ ਧਿਰ ਦੇ ਆਗੂ ਭਾਰਤ ਪ੍ਰਤੀ ਦੋਸਤਾਨਾ ਰਵੱਈਆ ਰੱਖਣ ਵਾਲੇ ਇੱਕ ਗਰੁੱਪ ‘ਲੇਬਰ ਫਰੈਂਡਜ਼ ਆਫ ਇੰਡੀਆ’ (ਐੱਲਐੱਫਆਈਐੱਨ) ਦੇ ਪੱਤਰ ਦਾ ਜਵਾਬ ਦੇ ਰਹੇ ਸੀ। ਪਾਰਟੀ ਦੇ ਕਈ ਮੈਂਬਰਾਂ ਨੇ ਪਿਛਲੇ ਮਹੀਨੇ ਸਾਲਾਨਾ ਸੰਮੇਲਨ ’ਚ ਪਾਸ ਕੀਤੇ ਉਸ ਮਤੇ ’ਤੇ ਚਿੰਤਾ ਪ੍ਰਗਟ ਕੀਤੀ ਹੈ ਜਿਸ ’ਚ ਭਾਰਤ ਸਰਕਾਰ ਵੱਲੋਂ ਧਾਰਾ 370 ਹਟਾਏ ਜਾਣ ਦੇ ਮਾਮਲੇ ’ਚ ਕਸ਼ਮੀਰ ’ਚ ਕੌਮਾਂਤਰੀ ਦਖਲ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਮਸਲੇ ’ਤੇ ਮਤਾ ਲੇਬਰ ਪਾਰਟੀ ਦੇ ਸੰਮੇਲਨ ਦੀ ਲੋਕਤੰਤਰਿਕ ਪ੍ਰਕਿਰਿਆ ਤਹਿਤ ਲਿਆਂਦਾ ਗਿਆ ਹੈ।
ਦੂਜੇ ਪਾਸੇ ਮਕਬੂਜ਼ਾ ਕਸ਼ਮੀਰ ਦੇ ਦੌਰੇ ਤੋਂ ਪਰਤੀ ਇੱਕ ਅਮਰੀਕੀ ਸੈਨੇਟਰ ਨੇ ਭਾਰਤ ਤੇ ਪਾਕਿਸਤਾਨ ਨੂੰ ਖੇਤਰ ’ਚੋਂ ਤਣਾਅ ਘਟਾਉਣ ਲਈ ਕਿਹਾ ਹੈ। ਨਿਊ ਇੰਗਲੈਂਡ ਦੀ ਸੈਨੇਟਰ ਮੈਗੀ ਹਸਨ ਜੋ ਕਿ ਅਫ਼ਗਾਨਿਸਤਾਨ ਤੇ ਪਾਕਿਸਤਾਨ ਦੀ ਯਾਤਰਾ ਤੋਂ ਬਾਅਦ ਭਾਰਤ ਲਈ ਰਵਾਨਾ ਹੋਈ ਹੈ, ਨੇ ਕਿਹਾ, ‘ਅਸੀਂ ਮਕਬੂਜ਼ਾ ਕਸ਼ਮੀਰ ਦਾ ਦੌਰਾ ਕੀਤਾ ਹੈ। ਕਸ਼ਮੀਰ ’ਚ ਵਧਦੇ ਤਣਾਅ ਵਿਚਾਲੇ ਇਹ ਜ਼ਰੂਰੀ ਹੈ ਕਿ ਅਸੀਂ ਦੋਵੇਂ ਪਾਸੇ ਤਣਾਅ ਘਟਾਉਣ ਦੇ ਢੰਗ ਲੱਭੀਏ।’
UK ਕਸ਼ਮੀਰ ਮਤੇ ਦੇ ਹੱਕ ਵਿਚ ਖੜ੍ਹੇ ਹਾਂ: ਜੈਰੇਮੀ