ਅਫ਼ਗ਼ਾਨਿਸਤਾਨ ਨੇ ਪਾਕਿਸਤਾਨ ਵੱਲੋਂ ਕਸ਼ਮੀਰ ਮਸਲੇ ਨੂੰ ਅਫ਼ਗ਼ਾਨ ਸ਼ਾਂਤੀ ਅਮਲ ਨਾਲ ਜੋੜਨ ਨੂੰ ‘ਲਾਪ੍ਰਵਾਹੀ ਤੇ ਗੈਰਜ਼ਿੰਮੇਵਾਰਾਨਾ’ ਯਤਨ ਕਰਾਰ ਦਿੱਤਾ ਹੈ। ਕਾਬੁਲ ਨੇ ਕਿਹਾ ਕਿ ਉਸ ਨੇ ਮੁਲਕ ਵਿੱਚ ਹਿੰਸਾ ਨੂੰ ਲਮਕਾਉਣ ਦੇ ‘ਭੈੜੇ ਇਰਾਦੇ’ ਲਈ ਵੀ ਇਸਲਾਮਾਬਾਦ ਨੂੰ ਭੰਡਿਆ ਹੈ। ਦੱਸਣਾ ਬਣਦਾ ਹੈ ਕਿ ਅਮਰੀਕਾ ਵਿੱਚ ਇਸਲਾਮਾਬਾਦ ਦੇ ਸਫ਼ੀਰ ਅਸਦ ਮਜੀਦ ਖ਼ਾਨ ਨੇ ਪਿਛਲੇ ਹਫ਼ਤੇ ‘ਦਿ ਨਿਊ ਯਾਰਕ ਟਾਈਮਜ਼’ ਨੂੰ ਕਿਹਾ ਸੀ ਕਿ ਗੁਆਂਂਢੀ ਮੁਲਕ ਭਾਰਤ ਨਾਲ ਸਬੰਧਾਂ ’ਚ ਜਾਰੀ ਤਲਖੀ ਕਰਕੇ ਪਾਕਿਸਤਾਨ ਅਫ਼ਗ਼ਾਨ ਸਰਹੱਦ ’ਤੇ ਤਾਇਨਾਤ ਸਲਾਮਤੀ ਦਸਤਿਆਂ ਨੂੰ ਕਸ਼ਮੀਰ ਫਰੰਟ ’ਤੇ ਤਾਇਨਾਤ ਕਰ ਸਕਦਾ ਹੈ। ਪਾਕਿਸਤਾਨੀ ਸਫ਼ੀਰ ਦੇ ਇਸ ‘ਗੁੰਮਰਾਹਕੁਨ’ ਬਿਆਨ ਨੂੰ ਸਿਰੇ ਤੋਂ ਖਾਰਜ ਕਰਦਿਆਂ ਅਫ਼ਗਾਨਿਸਤਾਨ ਦੇ ਅਮਰੀਕਾ ਵਿੱਚ ਸਫ਼ੀਰ ਰੋਯਾ ਰਹਿਮਾਨੀ ਨੇ ਕਿਹਾ, ‘ਅਜਿਹਾ ਕੋਈ ਵੀ ਬਿਆਨ ਜੋ ਕਸ਼ਮੀਰ ਦੇ ਮੌਜੂਦਾ ਹਾਲਾਤ ਨੂੰ ਅਫ਼ਗ਼ਾਨ ਸ਼ਾਂਤੀ ਅਮਲ ਨਾਲ ਜੋੜਦਾ ਹੈ, ਉਹ ਲਾਪ੍ਰਵਾਹੀ ਵਾਲਾ, ਅਣਉੱਚਿਤ ਤੇ ਗੈਰਜ਼ਿੰਮੇਵਾਰਾਨਾ ਹੈ।’ ਰਹਿਮਾਨੀ ਨੇ ਕਿਹਾ, ‘ਅਫ਼ਗ਼ਾਨਿਸਤਾਨ ਅਜਿਹੇ ਕਿਸੇ ਵੀ ਬਿਆਨ ਦੀ ਨਿਖੇਧੀ ਕਰਦਾ ਹੈ।’ ਅਫ਼ਗ਼ਾਨ ਸਫ਼ੀਰ ਨੇ ਕਿਹਾ ਕਿ ਕਸ਼ਮੀਰ ਦੋਵਾਂ ਮੁਲਕਾਂ (ਭਾਰਤ ਤੇ ਪਾਕਿਸਤਾਨ) ਦਾ ‘ਦੁਵੱਲਾ ਮਸਲਾ’ ਹੈ ਤੇ ਪਾਕਿਸਤਾਨ ਅਜਿਹੇ ਬਿਆਨ ਦੇ ਕੇ ਅਫ਼ਗ਼ਾਨ ਸਰਜ਼ਮੀਨ ’ਤੇ ਹਿੰਸਾ ਦੀਆਂ ਕਾਰਵਾਈਆਂ ਨੂੰ ਲਮਕਾਉਣ ਦੇ ਇਰਾਦੇ ਨੂੰ ਭਲੀਭਾਂਤ ਜਾਣਦਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦਹਿਸ਼ਤੀ ਜੱਥੇਬੰਦੀ (ਤਾਲਿਬਾਨ) ਖ਼ਿਲਾਫ਼ ਫੈਸਲਾਕੁੰਨ ਕਾਰਵਾਈ ਤੋਂ ਬਚਣ ਲਈ ਕਸ਼ਮੀਰ ਜਿਹੇ ਬਹਾਨੇ ਘੜ ਰਿਹੈ।
World ‘ਕਸ਼ਮੀਰ ਨੂੰ ਅਫ਼ਗ਼ਾਨ ਸ਼ਾਂਤੀ ਅਮਲ ਨਾਲ ਜੋੜਨਾ ਗੈਰਜ਼ਿੰਮੇਵਰਾਨਾ ਯਤਨ’