ਕਸ਼ਮੀਰ ਵਾਦੀ ’ਚੋਂ ਧਾਰਾ 370 ਹਟਾਏ ਜਾਣ ਨੂੰ ਛੇ ਮਹੀਨੇ ਹੋ ਚੱਲੇ ਹਨ, ਪਰ ਹਾਲੇ ਵੀ ਦਰਜਨਾਂ ਮੀਡੀਆ ਕਰਮਚਾਰੀ ਸ੍ਰੀਨਗਰ ਤੋਂ ਖ਼ਬਰਾਂ ਭੇਜਣ ਲਈ ਇਕ ਕਮਰੇ ਤੇ 8 ਕੰਪਿਊਟਰਾਂ ਨਾਲ ਹੀ ਕੰਮ ਸਾਰ ਕੇ ਵਾਦੀ ਦੀ ਆਵਾਜ਼ ਬਾਹਰੀ ਸੰਸਾਰ ਤੱਕ ਪੁੱਜਦੀ ਕਰ ਰਹੇ ਹਨ। ਮੀਂਹ ਤੇ ਹੱਡ-ਚੀਰਵੀਂ ਠੰਢ ’ਚ ਵੀ ਪੱਤਰਕਾਰ ਪ੍ਰਸ਼ਾਸਨ ਵੱਲੋਂ ਮੌਲਾਨਾ ਅਜ਼ਾਦ ਰੋਡ ’ਤੇ ਪੋਲੋ ਗਰਾਊਂਡ ਨੇੜੇ ਸਥਾਪਿਤ ਮੀਡੀਆ ਰੂਮ ਦੇ ਬਾਹਰ ਰੋਜ਼ ਘੰਟਿਆਂ ਬੱਧੀ ਉਡੀਕ ਕਰਨ ਲਈ ਮਜਬੂਰ ਹੋ ਰਹੇ ਹਨ। ਹਾਲਾਂਕਿ ਕੁਝ ਸਥਾਨਕ ਮੀਡੀਆ ਸੰਗਠਨਾਂ ਦੀਆਂ ਇੰਟਰਨੈੱਟ ਲੀਜ਼ ਲਾਈਨਜ਼ ਬਹਾਲ ਵੀ ਹੋਈਆਂ ਹਨ ਤੇ ਭੀੜ ਕੁਝ ਘਟੀ ਹੈ, ਪਰ ਲੀਜ਼ ਲਾਈਨ ਮਹਿੰਗੀ ਹੋਣ ਕਾਰਨ ਹਰ ਕੋਈ ਇਸ ਦਾ ਲਾਹਾ ਨਹੀਂ ਲੈ ਸਕਦਾ। ਇਹ ਸਹੂਲਤ ਸਿਰਫ਼ ਦੋ-ਤਿੰਨ ਅਖ਼ਬਾਰਾਂ ਕੋਲ ਹੀ ਮੌਜੂਦ ਹੈ। ਸਰਕਾਰ ਨੇ 2ਜੀ ਇੰਟਰਨੈੱਟ ਚਲਾ ਦਿੱਤਾ ਸੀ ਪਰ ਇਸ ਦੀ ਰਫ਼ਤਾਰ ਕਾਫ਼ੀ ਸੁਸਤ ਹੈ। ਮੁਸ਼ਕਲ ਇਹ ਹੈ ਕਿ ਦੇਸ਼ ਭਰ ਦੇ ਵੱਡੀ ਗਿਣਤੀ ਅਖ਼ਬਾਰਾਂ ਦੀ ਕਸ਼ਮੀਰ ਵਿਚ ਨੁਮਾਇੰਦਗੀ ਹੈ, ਪਰ ਪ੍ਰਸ਼ਾਸਨ ਵੱਲੋਂ ਮੁਹੱਈਆ ਕਰਵਾਏ ਗਏ ਕੰਪਿਊਟਰ ਸਿਰਫ਼ ਅੱਠ ਹੀ ਹਨ। ਵਾਦੀ ਦਾ ਦੌਰਾ ਕਰ ਰਹੇ ਤੇ ਇੱਥੇ ਰਹਿ ਰਹੇ ਪ੍ਰਿੰਟ, ਟੈਲੀਵਿਜ਼ਨ ਤੇ ਡਿਜੀਟਲ ਪਲੇਟਫਾਰਮਜ਼ ਦੇ ਪੱਤਰਕਾਰਾਂ ਲਈ ਸਿਰਫ਼ ਮੌਲਾਨਾ ਆਜ਼ਾਦ ਰੋਡ ਸਥਿਤ ਮੀਡੀਆ ਰੂਮ ਹੀ ਇਕੋ-ਇਕ ਬਦਲ ਬਚਦਾ ਹੈ। ਨਾਂ ਨਾ ਛਾਪਣ ਦੀ ਸ਼ਰਤ ’ਤੇ ਇਕ ਸੀਨੀਅਰ ਪੱਤਰਕਾਰ ਨੇ ਕਿਹਾ ਕਿ 27 ਜਨਵਰੀ ਨੂੰ ਲੀਜ਼ ਲਾਈਨ ਚੱਲਣ ਤੋਂ ਬਾਅਦ ਵੀ ਸਮੱਸਿਆ ਬਰਕਰਾਰ ਹੈ। ਮੀਡੀਆ ਕਰਮੀ ਖੁੱਲ੍ਹ ਕੇ ਸਾਹਮਣੇ ਆ ਕੇ ਗੱਲ ਕਰਨ ਤੋਂ ਗੁਰੇਜ਼ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਅਜਿਹਾ ਕਰਨ ’ਤੇ ਮੀਡੀਆ ਕੇਂਦਰ ’ਚ ਆਉਣ ’ਤੇ ਪਾਬੰਦੀ ਲੱਗ ਜਾਵੇਗੀ, ਬਾਹਰੀ ਸੰਸਾਰ ਨਾਲ ਇਕੋ-ਇਕ ਸੰਪਰਕ ਤੋਂ ਵੀ ਵਾਂਝੇ ਹੋ ਜਾਵਾਂਗੇ। ਦੱਸਣਯੋਗ ਹੈ ਕਿ ਕੇਂਦਰ ਸਰਕਾਰ ਨੇ ਪਿਛਲੇ ਵਰ੍ਹੇ ਪੰਜ ਅਗਸਤ ਨੂੰ ਜੰਮੂ ਕਸ਼ਮੀਰ ਸੂਬੇ ਨੂੰ ਵਿਸ਼ੇਸ਼ ਦਰਜਾ ਦਿੰਦੀ ਧਾਰਾ 370 ਹਟਾ ਲਈ ਸੀ ਤੇ ਰਾਜ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਉਸੇ ਦਿਨ ਮੋਬਾਈਲ ਅਤੇ ਇੰਟਰਨੈੱਟ ਸੇਵਾਵਾਂ ਠੱਪ ਕਰ ਦਿੱਤੀਆਂ ਗਈਆਂ ਸਨ। ਛੇ ਮਹੀਨੇ ਬੀਤ ਗਏ ਹਨ, ਪਰ ਸੰਚਾਰ ਸੇਵਾਵਾਂ ਹਾਲੇ ਵੀ ਕਰੀਬ-ਕਰੀਬ ਪੂਰੀ ਤਰ੍ਹਾਂ ਠੱਪ ਹਨ। ਮੀਡੀਆ ਕੇਂਦਰ ’ਤੇ ਹੀ ਪ੍ਰਸ਼ਾਸਨ ਪੱਤਰਕਾਰਾਂ ਨੂੰ ਪ੍ਰੈੱਸ ਨੋਟ ਵੀ ਰਿਲੀਜ਼ ਕਰ ਰਿਹਾ ਹੈ। ਇਨ੍ਹਾਂ ’ਚ ਸਕੂਲ ਖੁੱਲ੍ਹਣ, ਹਸਪਤਾਲਾਂ ਤੇ ਟਰੈਫ਼ਿਕ ਜਾਮ ਬਾਰੇ ਜਾਣਕਾਰੀ ਹੁੰਦੀ ਹੈ। ਇਕ ਹੋਰ ਸੀਨੀਅਰ ਪੱਤਰਕਾਰ ਨੇ ਕਿਹਾ ਕਿ ‘ਸੱਚ ਯਕੀਨੀ ਤੌਰ ’ਤੇ ਨਿਸ਼ਾਨਾ ਬਣ ਗਿਆ ਹੈ ਅਤੇ ਡਰ ਦੇ ਅਜਿਹੇ ਮਾਹੌਲ ’ਚ ਜਨਜੀਵਨ ਆਮ ਵਾਂਗ ਹੋਣ ਦੇ ਸਰਕਾਰੀ ਦਾਅਵਿਆਂ ਨੂੰ ਚੁਣੌਤੀ ਨਹੀਂ ਦਿੱਤੀ ਜਾ ਸਕਦੀ।’ ਕੁਝ ਪੱਤਰਕਾਰਾਂ ਨੇ ਲੰਮੀ ਉਡੀਕ ਤੋਂ ਬਚਣ ਦਾ ਹੱਲ ਲੱਭ ਲਿਆ ਹੈ। ਉਹ ਮੀਡੀਆ ਕੇਂਦਰ ਦੇ ਲੋਕਲ ਏਰੀਆ ਨੈੱਟਵਰਕ ਕੁਨੈਕਸ਼ਨ (ਲੈਨ) ਦੀ ਵਰਤੋਂ ਕਰ ਕੇ ਆਪਣੇ ਲੈਪਟੌਪ ’ਤੇ ਹੌਟਸਪੌਟ ਬਣਾ ਕੇ ਵਾਈ-ਫਾਈ ਰਾਹੀਂ ਇੰਟਰਨੈੱਟ ਐਕਸੈੱਸ ਕਰ ਰਹੇ ਹਨ। ਇਸ ਢੰਗ ਨਾਲ ਇਕ ਸਮੇਂ ’ਤੇ ਚਾਰ-ਪੰਜ ਪੱਤਰਕਾਰ ਸੂਚਨਾ ਭੇਜ ਸਕਦੇ ਹਨ। ਕਈ ਮਹੀਨਿਆਂ ਦੀ ਪਾਬੰਦੀ ਦੌਰਾਨ ਸੁਰੱਖਿਆ ਬਲਾਂ ਵੱਲੋਂ ਪੱਤਰਕਾਰਾਂ ਦੀ ਖਿੱਚ-ਧੂਹ ਦੇ ਕਈ ਮਾਮਲੇ ਸਾਹਮਣੇ ਆਏ ਹਨ, ਪਰ ਬਹੁਤਿਆਂ ਨੇ ਕਿਹਾ ਕਿ ਇਸ ਬਾਰੇ ਗੱਲ ਨਾ ਕਰਨੀ ਹੀ ਚੰਗੀ ਹੈ। ਪੱਤਰਕਾਰਾਂ ਨਾਲ ਹੋਈਆਂ ਵਧੀਕੀਆਂ ਬਾਰੇ ਕਸ਼ਮੀਰ ਪ੍ਰੈੱਸ ਕਲੱਬ ਨੇ ਇਕ ਕਮੇਟੀ ਵੀ ਬਣਾਈ ਸੀ, ਪਰ ਕੋਈ ਸ਼ਿਕਾਇਤ ਦਰਜ ਕਰਵਾਉਣ ਲਈ ਸਾਹਮਣੇ ਨਹੀਂ ਆਇਆ। ਜ਼ਿਕਰਯੋਗ ਹੈ ਕਿ ਇੰਟਰਨੈੱਟ ਬਹਾਲੀ ਨਾਲ ਜੁੜੀਆਂ ਕਈ ਅਰਜ਼ੀਆਂ ਜ਼ਿਲ੍ਹਾ ਮੈਜਿਸਟਰੇਟ ਕੋਲ ਦਾਇਰ ਕੀਤੀਆਂ ਗਈਆਂ ਹਨ।
HOME ਕਸ਼ਮੀਰ: ਦਰਜਨਾਂ ਪੱਤਰਕਾਰ ਅੱਠ ਕੰਪਿਊਟਰਾਂ ਨਾਲ ਕੰਮ ਸਾਰਨ ਲਈ ਮਜਬੂਰ