ਕਸ਼ਮੀਰ ’ਤੇ ਗੱਲਬਾਤ ਕਰਨ ਭਾਰਤ-ਪਾਕਿ: ਗੁਟੇਰੇਜ਼

ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਭਾਰਤ ਤੇ ਪਾਕਿਸਤਾਨ ਨੂੰ ਅਪੀਲ ਕੀਤੀ ਹੈ ਕਿ ਦੋਵੇਂ ਮੁਲਕ ਕਸ਼ਮੀਰ ਮੁੱਦੇ ਨੂੰ ਸੰਵਾਦ ਰਾਹੀਂ ਹੱਲ ਕਰਨ। ਯੂੁਐੱਨ ਮੁਖੀ ਦੇ ਤਰਜਮਾਨ ਸਟੀਫਨ ਦੁਜਾਰਿਕ ਨੇ ਕਿਹਾ ਕਿ ਗੁਟੇਰੇਜ਼ ਦੋਵਾਂ ਮੁਲਕਾਂ ਦਰਮਿਆਨ ਵਧਦੀ ਤਲਖ਼ੀ ਤੋਂ ਫ਼ਿਕਰਮੰਦ ਹਨ। ਉਨ੍ਹਾਂ ਕਿਹਾ ਕਿ ਯੂਐੱਨ ਮੁਖੀ ਦੋਵਾਂ ਮੁਲਕਾਂ ਦੇ ਆਗੂਆਂ ਦੇ ਸੰਪਰਕ ਵਿੱਚ ਹਨ। ਚੇਤੇ ਰਹੇ ਕਿ ਗੁਟੇਰੇਜ਼ ਨੇ ਫਰਾਂਸ ਦੇ ਸਾਹਿਲੀ ਸ਼ਹਿਰ ਬਿਆਰਿਜ਼ ਵਿੱਚ ਜੀ-7 ਸਿਖਰ ਵਾਰਤਾ ਤੋਂ ਇਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨਾਲ ਵੱਖੋ-ਵੱਖਰੀਆਂ ਮੁਲਾਕਾਤਾਂ ਦੌਰਾਨ ਕਸ਼ਮੀਰ ਮੁੱਦੇ ’ਤੇ ਗੱਲਬਾਤ ਕੀਤੀ ਸੀ। ਗੁਟੇਰੇਜ਼ ਲੰਘੇ ਦਿਨ ਯੂਐੱਨ ਵਿੱਚ ਪਾਕਿਸਤਾਨ ਦੇ ਸਥਾਈ ਨੁਮਾਇੰਦੇ ਮਲੀਹਾ ਲੋਧੀ ਦੀ ਗੁਜ਼ਾਰਿਸ਼ ’ਤੇ ਉਨ੍ਹਾਂ ਨੂੰ ਮਿਲੇ ਤੇ ਕਸ਼ਮੀਰ ਬਾਰੇ ਚਰਚਾ ਕੀਤੀ। ਦੁਜਾਰਿਕ ਨੇ ਕਿਹਾ, ‘ਉਨ੍ਹਾਂ (ਗੁਟੇਰੇਜ਼) ਜਨਤਕ ਤੇ ਨਿੱਜੀ ਤੌਰ ’ਤੇ ਸਾਰਿਆਂ ਨੂੰ ਇਕੋ ਜਿਹਾ ਸੁਨੇਹਾ ਦਿੱਤਾ ਹੈ ਕਿ ਉਹ ਭਾਰਤ ਤੇ ਪਾਕਿਸਤਾਨ ਦਰਮਿਆਨ ਕਸ਼ਮੀਰ ਦੇ ਹਾਲਾਤ ਨੂੰ ਲੈ ਕੇ ਵਧਦੀ ਤਲਖ਼ੀ ਤੋਂ ਫ਼ਿਕਰਮੰਦ ਹਨ। ਉਨ੍ਹਾਂ ਦੋਵਾਂ ਧਿਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁੱਦੇ ਨੂੰ ਸੰਵਾਦ ਜ਼ਰੀਏ ਸੁਲਝਾਉਣ।’ ਅਗਲੇ ਦਿਨਾਂ ਵਿੱਚ ਯੂਐੱਨ ਆਮ ਸਭਾ ਦੇ ਇਜਲਾਸ ਮੌਕੇ, ਜਿਸ ਵਿੱਚ ਮੋਦੀ ਤੇ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਇਮਰਾਨ ਖ਼ਾਨ ਵੀ ਮੌਜੂਦ ਰਹਿਣਗੇ, ਗੁਟੇਰੇਜ਼ ਵੱਲੋਂ ਕਸ਼ਮੀਰ ਮੁੱਦੇ ’ਤੇ ਦੋਵਾਂ ਧਿਰਾਂ ’ਚ ਵਿਚੋਲਗੀ ਕਰਨ ਦੀਆਂ ਸੰਭਾਵਨਾਵਾਂ ਬਾਰੇ ਪੁੱਛੇ ਜਾਣ ’ਤੇ ਦੁਜਾਰਿਕ ਨੇ ਕਿਹਾ, ‘ਤੁਸੀਂ ਸਾਰੇ ਹਾਲਾਤ ਤੋਂ ਜਾਣੂ ਹੋ….ਸਿਧਾਂਤਾਂ ਦੇ ਅਧਾਰ ’ਤੇ ਸਾਲਸ ਸਬੰਧੀ ਸਾਡੀ ਪੁਜ਼ੀਸ਼ਨ ਹਮੇਸ਼ਾ ਤੋਂ ਇਕੋ ਜਿਹੀ ਰਹੀ ਹੈ।’

Previous articleNo-deal Brexit plan containing chaos predictions released
Next articleਬੈਂਸ ਵਿਵਾਦ: ਪੀਸੀਐੱਸ ਅਧਿਕਾਰੀਆਂ ਵੱਲੋਂ ਕਲਮਛੋੜ ਹੜਤਾਲ