ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਦੀ ਅਗਵਾਈ ਹੇਠਲੇ ਪੰਜ ਮੈਂਬਰੀ ਵਫ਼ਦ ਨੇ ਆਪਣੇ ਚਾਰ ਦਿਨੀਂ ਕਸ਼ਮੀਰ ਦੌਰੇ ਨੂੰ ਖ਼ਤਮ ਕਰਦਿਆਂ ਇਸ ਨੂੰ ਸਫ਼ਲ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਧਾਰਾ 370 ਹਟਾਏ ਜਾਣ ਮਗਰੋਂ ਵਾਦੀ ਦੇ ਹਾਲਾਤ ਆਮ ਵਰਗੇ ਨਹੀਂ ਹਨ। ‘ਕਨਸਰਨਡ ਸਿਟੀਜ਼ਨਸ ਗਰੁੱਪ’ ਵਜੋਂ ਜਾਣੇ ਜਾਂਦੇ ਵਫ਼ਦ ਨੇ ਪੁਲੀਸ ਵੱਲੋਂ ਉਨ੍ਹਾਂ ਨੂੰ ਵਾਦੀ ਦੇ ਵੱਖ ਵੱਖ ਹਿੱਸਿਆਂ ’ਚ ਜਾਣ ਤੋਂ ਰੋਕੇ ਜਾਣ ਨੂੰ ਸਰਕਾਰ ਵੱਲੋਂ ਜ਼ਮੀਨੀ ਹਕੀਕਤ ਨੂੰ ਛਿਪਾਉਣ ਦੀ ਕੋਸ਼ਿਸ਼ ਕਰਾਰ ਦਿੱਤਾ। ਉਨ੍ਹਾਂ ਖ਼ਬਰਦਾਰ ਕੀਤਾ ਕਿ ਜੇਕਰ ਕੇਂਦਰ ਨੇ ਕਸ਼ਮੀਰ ਬਾਰੇ ਆਪਣੇ ਵਤੀਰੇ ’ਚ ਕੋਈ ਬਦਲਾਅ ਨਾ ਲਿਆਂਦਾ ਤਾਂ ਉਥੇ ਹਾਲਾਤ ਹੋਰ ਵਿਗੜ ਸਕਦੇ ਹਨ।
ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਯਸ਼ਵੰਤ ਸਿਨਹਾ ਨੇ ਕਿਹਾ ਕਿ ਵੱਖ ਵੱਖ ਗੁੱਟਾਂ ਅਤੇ ਵਿਅਕਤੀਆਂ ਨਾਲ ਗੱਲਬਾਤ ਮਗਰੋਂ ਉਹ ਇਸ ਸਿੱਟੇ ’ਤੇ ਪਹੁੰਚੇ ਹਨ ਕਿ ਵਾਦੀ ’ਚ ਹਾਲਾਤ ਆਮ ਵਰਗੇ ਨਹੀਂ ਹਨ। ਉਨ੍ਹਾਂ ਕਿਹਾ ਕਿ ਵਾਦੀ ’ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਖ਼ਤਮ ਕਰਨ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ’ਚ ਵੰਡੇ ਜਾਣ ਨਾਲ ‘ਵੱਡੀ ਮਨੋਵਿਗਿਆਨਕ ਸਮੱਸਿਆ’ ਪੈਦਾ ਹੋ ਗਈ ਹੈ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਖ਼ਿੱਤੇ ਦੇ ਲੋਕਾਂ ਨੂੰ ਕੇਂਦਰ ਵੱਲੋਂ ਅਜਿਹਾ ਵੱਡਾ ਕਦਮ ਉਠਾਏ ਜਾਣ ਦੀ ਆਸ ਨਹੀਂ ਸੀ ਜਿਸ ਕਾਰਨ ਲੋਕ ਹੈਰਾਨ ਰਹਿ ਗਏ ਅਤੇ ਹੁਣ ਇਸ ਨੇ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ।
ਸੰਸਦ ਮੈਂਬਰ ਫਾਰੂਕ ਅਬਦੁੱਲਾ ਸਮੇਤ ਹੋਰ ਸਿਆਸੀ ਆਗੂਆਂ ਨੂੰ ਬੰਦੀ ਬਣਾ ਕੇ ਰੱਖੇ ਜਾਣ ਬਾਰੇ ਸ੍ਰੀ ਸਿਨਹਾ ਨੇ ਕੇਂਦਰ ’ਤੇ ਦੋਸ਼ ਲਾਇਆ ਕਿ ਉਹ ਵਾਦੀ ਦੇ ਤਾਣੇ-ਬਾਣੇ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਅਤੇ ਖਲਾਅ ਪੈਦਾ ਹੋ ਰਿਹਾ ਹੈ ਕਿਉਂਕਿ ਲੋਕਾਂ ਦੇ ਦੁੱਖ ਵੇਲੇ ਕੋਈ ਨਾਲ ਨਹੀਂ ਜੁੜ ਰਿਹਾ। ਉਨ੍ਹਾਂ ਸ੍ਰੀ ਅਬਦੁੱਲਾ ਨਾਲ ਫੋਨ ’ਤੇ ਗੱਲਬਾਤ ਕੀਤੀ ਅਤੇ ਕਿਹਾ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੂੰ ਬੰਦੀ ਬਣਾਉਣਾ ਮੰਦਭਾਗਾ ਅਤੇ ਦਰਦਨਾਕ ਹੈ। ਉਨ੍ਹਾਂ ਕਿਹਾ ਕਿ ਜਦੋਂ ਦਹਿਸ਼ਤਗਰਦੀ ਸਿਖਰਾਂ ’ਤੇ ਸੀ ਤਾਂ ਉਹ ਕਸ਼ਮੀਰ ’ਚ ਟੈਕਸੀ ਅੰਦਰ ਘੁੰਮਦੇ ਰਹੇ ਸਨ ਅਤੇ ਲੋਕਾਂ ਨਾਲ ਵੀ ਮੁਲਾਕਾਤ ਕੀਤੀ ਸੀ ਪਰ ਹੁਣ ਜੇਕਰ ਸਰਕਾਰ ਮੁਤਾਬਕ ਹਾਲਾਤ ਸਾਜ਼ਗਾਰ ਹਨ ਤਾਂ ਵਫ਼ਦ ਨੂੰ ਸ਼ਰੇਆਮ ਲੋਕਾਂ ਨੂੰ ਮਿਲਣ ਅਤੇ ਬਾਹਰ ਜਾਣ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਸਰਕਾਰ ਆਖਦੀ ਹੈ ਕਿ ਕਸ਼ਮੀਰ ’ਚ ਦਹਿਸ਼ਤਗਰਦੀ ਲਈ ਧਾਰਾ 370 ਜ਼ਿੰਮੇਵਾਰ ਸੀ ਪਰ ਹੁਣ ਇਹ ਧਾਰਾ ਹਟਾਏ ਨੂੰ ਚਾਰ ਮਹੀਨੇ ਹੋਣ ਜਾ ਰਹੇ ਹਨ ਤਾਂ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਉਥੇ ਅਜੇ ਵੀ ਅਤਿਵਾਦ ਹੈ। ਵਾਦੀ ਦੇ ਦੌਰੇ ਨੂੰ ਸਫ਼ਲ ਦੱਸਦਿਆਂ ਉਨ੍ਹਾਂ ਕਿਹਾ ਕਿ ਉਹ ਭਾਵੇਂ ਪੁਲਵਾਮਾ ਜਾਂ ਸ਼ੋਪੀਆਂ ’ਚ ਨਹੀਂ ਜਾ ਸਕੇ ਪਰ ਸਮਾਜ ਦੇ ਵੱਖ ਵੱਖ ਵਰਗਾਂ ਨੇ ਉਨ੍ਹਾਂ ਨਾਲ ਮੁਲਾਕਾਤ ਕਰਕੇ ਵਾਦੀ ਦੇ ਹਾਲਾਤ ਤੋਂ ਜਾਣੂ ਕਰਵਾਇਆ ਹੈ।
INDIA ਕਸ਼ਮੀਰ ’ਚ ਹਾਲਾਤ ਆਮ ਵਰਗੇ ਨਹੀਂ: ਸਿਨਹਾ