ਸ੍ਰੀਨਗਰ : ਉੱਤਰੀ ਕਸ਼ਮੀਰ ‘ਚ ਕੰਟਰੋਲ ਲਾਈਨ (ਐੱਲਓਸੀ) ਨਾਲ ਲੱਗਦੇ ਕਰਨਾਹ ਸੈਕਟਰ ‘ਚ ਇਕ ਫ਼ੌਜੀ ਜਵਾਨ ਡਿਊਟੀ ਦੌਰਾਨ ਪਹਾੜੀ ਤੋਂ ਡਿੱਗ ਕੇ ਸ਼ਹੀਦ ਹੋ ਗਿਆ।
ਕੁਪਵਾੜਾ ‘ਚ ਐੱਲਓਸੀ ਨਾਲ ਲੱਗਦੇ ਕਰਨਾਹ ਸੈਕਟਰ ‘ਚ ਐਤਵਾਰ ਦੇਰ ਸ਼ਾਮ ਫ਼ੌਜੀ ਜਵਾਨਾਂ ਦੀ ਟੁਕੜੀ ਸਰਹੱਦੀ ਇਲਾਕੇ ਵਿਚ ਰੋਜ਼ਾਨਾ ਵਾਂਗ ਗ਼ਸ਼ਤ ਕਰ ਰਹੀ ਸੀ। ਪਹਾੜੀ ‘ਤੇ ਅੱਗੇ ਵਧਦਿਆਂ ਅਚਾਨਕ ਇਕ ਜਵਾਨ ਦਾ ਪੈਰ ਤਿਲਕ ਗਿਆ ਤੇ ਉਹ ਹੇਠਾਂ ਖੱਡ ਵਿਚ ਜਾ ਡਿੱਗਾ।
ਗ਼ਸ਼ਤੀ ਟੀਮ ‘ਚ ਸ਼ਾਮਲ ਹੋਰ ਜਵਾਨਾਂ ਨੇ ਤੁਰੰਤ ਰਾਹਤ ਕਾਰਜ ਸ਼ੁਰੂ ਕਰਦਿਆਂ ਉਸ ਨੂੰ ਖੱਡ ਵਿਚੋਂ ਕੱਢ ਕੇ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਸ਼ਹੀਦ ਕਰਾਰ ਦੇ ਦਿੱਤਾ।
ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਜਿਸ ਇਲਾਕੇ ਵਿਚ ਇਹ ਹਾਦਸਾ ਵਾਪਰਿਆ ਉਹ ਐੱਲਓਸੀ ਦੇ ਅਗਲੇ ਸਿਰੇ ‘ਤੇ ਹੈ। ਉੱਥੇ ਬਰਫ਼ ਦੀ ਮੋਟੀ ਚਾਦਰ ਵਿਛੀ ਹੋਈ ਹੈ। ਸ਼ਹੀਦ ਦੀ ਪਛਾਣ ਪੀਰਾ ਰਾਮ ਵਜੋਂ ਹੋਈ ਹੈ ਜੋ ਰਾਜਸਥਾਨ ਦੇ ਖੀਮਾਪੁਰ ਚੌਹਾਟਨ (ਬਾੜਮੇਰ) ਦਾ ਰਹਿਣ ਵਾਲਾ ਸੀ।