ਹਜੂਮੀ ਕਤਲਾਂ ਦੀ ਨਿਖੇਧੀ ਕੀਤੀ; ਸਮਲਿੰਗੀਆਂ ਨਾਲ ਆਮ ਲੋਕਾਂ ਵਾਂਗ ਵਿਹਾਰ ਕਰਨ ਦੀ ਪੈਰਵੀ
ਆਰਐੱਸਐੱਸ ਮੁਖੀ ਮੋਹਨ ਭਾਗਵਤ ਨੇ ਅੱਜ ਕਿਹਾ ਕਿ ਜੰਮੂ ਤੇ ਕਸ਼ਮੀਰ ’ਚੋਂ ਧਾਰਾ 370 ਮਨਸੂਖ਼ ਕੀਤੇ ਜਾਣ ਮਗਰੋਂ ਕਸ਼ਮੀਰੀਆਂ ਨੂੰ ਜ਼ਮੀਨਾਂ ਤੇ ਰੁਜ਼ਗਾਰ ਖੁੱਸਣ ਦਾ ਜਿਹੜਾ ਡਰ ਸਤਾ ਰਿਹਾ ਹੈ, ਸਭ ਤੋਂ ਪਹਿਲਾਂ ਉਸ ਨੂੰ ਦੂਰ ਕਰਨ ਦੀ ਲੋੜ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਖਿੱਤੇ ਨੂੰ ਮਿਲਿਆ ਵਿਸ਼ੇਸ਼ ਦਰਜਾ ਖ਼ਤਮ ਕਰਨ ਦਾ ਫ਼ੈਸਲਾ ਕਸ਼ਮੀਰੀ ਆਵਾਮ ਨੂੰ ਮੁਲਕ ਦੇ ਹੋਰਨਾਂ ਬਾਸ਼ਿੰਦਿਆਂ ਨਾਲ ਜੋੜਨ ਵਿੱਚ ਮਦਦਗਾਰ ਹੋਵੇਗਾ। ਆਰਐੱਸਐੱਸ ਮੁਖੀ ਨੇ ਇਥੇ ਵਿਦੇਸ਼ੀ ਮੀਡੀਆ ਦੀ ਨੁਮਾਇੰਦਗੀ ਕਰਦੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਦਾਅਵਾ ਕੀਤਾ ਕਿ ਕਸ਼ਮੀਰੀਆਂ ਨੂੰ ਪਹਿਲਾਂ ਮੁਲਕ ਨਾਲੋਂ ‘ਅੱਡਰੇ’ ਕੀਤਾ ਹੋਇਆ ਸੀ, ਪਰ ਧਾਰਾ 370 ਮਨਸੂਖ਼ ਕਰਨ ਦਾ ਫ਼ੈਸਲਾ ਉਨ੍ਹਾਂ ਅਤੇ ਦੇਸ਼ ਦੇ ਹੋਰਨਾਂ ਲੋਕਾਂ ਦਰਮਿਆਨ ਮੌਜੂਦ ਰੋਕਾਂ ਨੂੰ ਖ਼ਤਮ ਕਰਨ ਦਾ ਕੰਮ ਕਰੇਗਾ।
ਸੰਘ ਮੁਖੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਕਸ਼ਮੀਰੀਆਂ ਦਾ ਡਰ ਦੂਰ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਉਹ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਨਾ ਕਰਨ। ਉਨ੍ਹਾਂ ਅਸਾਮ ਵਿੱਚ ਕੌਮੀ ਨਾਗਰਿਕ ਰਜਿਸਟਰ (ਐੱਨਆਰਸੀ) ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਰਾਹੀਂ ਅਸਲ ਨਾਗਰਿਕਾਂ ਨੂੰ ਪਛਾਣ ਦਿੱਤੀ ਜਾ ਰਹੀ ਹੈ, ਨਾ ਕਿ ਉਨ੍ਹਾਂ ਨੂੰ ਦੇਸ਼ ਵਿੱਚੋਂ ਕੱਢਿਆ ਜਾ ਰਿਹਾ ਹੈ। ਸੂਤਰਾਂ ਨੇ ਸੰਘ ਮੁਖੀ ਦੇ ਹਵਾਲੇ ਨਾਲ ਕਿਹਾ ਕਿ ‘ਭਾਰਤ ਨੂੰ ਛੱਡ ਕੇ ਹਿੰਦੂਆਂ ਲਈ ਪੂਰੇ ਵਿਸ਼ਵ ਵਿੱਚ ਕੋਈ ਥਾਂ ਨਹੀਂ ਹੈ।’ ਸਮਲਿੰਗੀਆਂ ਬਾਰੇ ਪੁੱਛਣ ’ਤੇ ਉਨ੍ਹਾਂ ਆਖਿਆ ਕਿ ਸਮੇਂ ਨਾਲ ਸਭ ਕੁਝ ਬਦਲਦਾ ਰਹਿੰਦਾ ਹੈ। ਇਹ ਵੀ ਸਮਾਜ ਦਾ ਹਿੱਸਾ ਹਨ ਅਤੇ ਇਨ੍ਹਾਂ ਨਾਲ ਆਮ ਲੋਕਾਂ ਵਾਂਗ ਹੀ ਵਿਹਾਰ ਕਰਨਾ ਚਾਹੀਦਾ ਹੈ। ਹਜੂਮੀ ਕਤਲਾਂ ਦੇ ਮੁੱਦੇ ’ਤੇ ਸੰਘ ਮੁਖੀ ਨੇ ਕਿਹਾ ਕਿ ਆਰਐੱਸਐੱਸ ਨੇ ਹਿੰਸਕ ਘਟਨਾਵਾਂ ਦੀ ਹਮੇਸ਼ਾ ਨਿਖੇਧੀ ਕੀਤੀ ਹੈ ਅਤੇ ਇਸ ਦੇ ਕਾਰਕੁਨ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਚਾਰਾਜੋਈ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਜੇਕਰ ਇਨ੍ਹਾਂ ਮਾਮਲਿਆਂ ਵਿੱਚ ਕੋਈ ਸਵੈਮਸੇਵਕ ਜ਼ਿੰਮੇਵਾਰ ਹੈ ਤਾਂ ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਆਰਐੱਸਐੱਸ ਕਦੇ ਵੀ ਸਿਆਸੀ ਤੌਰ ’ਤੇ ਨਹੀਂ ਵਿਚਰੇਗੀ ਸਗੋਂ ਇਕਜੁੱਟਤਾ ਦਾ ਸੁਨੇਹਾ ਦਿੰਦੀ ਰਹੇਗੀ। ਅਰਥਚਾਰੇ ਵਿੱਚ ਮੰਦੀ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਭਾਗਵਤ ਨੇ ਕਿਹਾ ਕਿ ਜਦੋਂ ਦੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ ਹਨ, ਉਦੋਂ ਤੋਂ ‘ਸਰਕਾਰੀ ਨੀਤੀਆਂ ’ਚ ਕਦੇ ਵੀ ਖਲਾਅ’ ਨਹੀਂ ਆਇਆ।’