(ਸਮਾਜ ਵੀਕਲੀ)
ਇਸ ਅਣਜਾਣੀ ਜਹੀ ਦੁਨੀਆਂ ਵਿੱਚ
ਮਿਲ ਜਾਂਦੇ ਕਈ,ਵਿੱਚ ਰਾਹ ਜਾਂਦੇ
ਉਨ੍ਹਾਂ ਲੋਕਾਂ ‘ਚੋਂ ਥੋਡੀ ਜ਼ਿੰਦਗੀ ਵਿਚ
ਕੁਝ ਅਚਨਚੇਤ ਹੀ ਆ ਜਾਂਦੇ
ਕੁਝ ਮਨ ਨੂੰ ਚੰਗੇ ਲੱਗਦੇ ਨਹੀਂ
ਕੁਝ ਪਹਿਲੀ ਤੱਕਣੀ ਭਾਅ ਜਾਂਦੇ
ਕੁਝ ਮਿੱਠੀਆਂ ਗੱਲਾਂ ਕਰ ਕਰ ਕੇ
ਮਨ ਥੋਡੇ ਨੂੰ ਭਰਮਾ ਜਾਂਦੇ
ਕੁਝ ਬਿਨ ਮਤਲਬ ਥੋਡੇ ਹੋ ਜਾਂਦੇ
ਕੁਝ ਮਤਲਬ ਹੱਲ ਕਰਵਾ ਜਾਂਦੇ
ਕੁਝ ਸਬਕ ਸਿੱਖਣ ਲਈ ਆਉਂਦੇ ਨੇ
ਕੁਝ ਥੋਨੂੰ ਹੀ ਸਬਕ ਸਿਖਾ ਜਾਂਦੇ
ਕੁਝ ਖੇਡ ਥੋਡੇ ਜਜ਼ਬਾਤਾਂ ਨਾਲ
ਦਿਲ ਥੋਡੇ ਨੂੰ ਲਾ ਢਾਅ ਜਾਂਦੇ
ਕੁਝ ਬੁਝਿਆ ਮਨ ਖੁਸ਼ ਕਰ ਜਾਂਦੇ
ਕੁਝ ਮਨ ਨੂੰ ਠੇਸ ਪੁਚਾ ਜਾਂਦੇ
ਕੁਝ ਆਉਂਦੇ ਦਰਦ ਵੰਡਾਵਣ ਲਈ
ਕੁਝ ਹੋਰ ਵੀ ਦਰਦ ਵਧਾ ਜਾਂਦੇ
ਕੁਝ ਕਰਦੇ ਨੇ ਸਤਿਕਾਰ ਬੜਾ
ਕੁਝ ਖੁਦ ਔਕਾਤ ਦਿਖਾ ਜਾਂਦੇ
ਕੁਝ ਔਖ ਵੇਲੇ ਮੂੰਹ ਮੋੜ ਜਾਂਦੇ
ਕੁਝ ਆਪਣਾ ਫ਼ਰਜ਼ ਨਿਭਾ ਜਾਂਦੇ
ਕੁਝ ਦੂਰ ਹੋ ਕੇ ਵੀ, ਨੇੜੇ ਦਾ
ਥੋਨੂੰ ਅਹਿਸਾਸ ਕਰਾ ਜਾਂਦੇ
ਕੁਝ ਚੇਹਰਾ ਵੇਖ ਕੇ ਸਮਝ ਜਾਂਦੇ
ਕੁਝ ਅੱਖੀਆਂ ਨਾ’ ਸਮਝਾ ਜਾਂਦੇ
ਕੁਝ ਨਫ਼ਰਤ ਵੰਡ ਕੇ ਤੁਰ ਜਾਂਦੇ
ਕੁਝ ਦਿਲ ਤੋਂ ਪਿਆਰ ਜਤਾ ਜਾਂਦੇ
ਕੁਝ ਕਰਦੇ ਗੱਲ ਇਨਸਾਨੀਅਤ ਦੀ
ਕੁਝ ਧਰਮ ਦਾ ਪਾਠ ਪੜ੍ਹਾ ਜਾਂਦੇ
ਕੁਝ ਯਾਦ ਰਹਿੰਦੇ ਨੇ ਜ਼ਿੰਦਗੀ ਭਰ
ਕੁਝ ਦਿਲ ‘ਚੋਂ ਯਾਦ ਭੁਲਾ ਜਾਂਦੇ
ਕੁਝ ਕਰ ਜਾਂਦੇ ਵਿਵਹਾਰ ਚੰਗਾ
ਕੁਝ ਘਟੀਆਪਣ ਦਿਖਲਾ ਜਾਂਦੇ
ਬੁਰੇ ਸਭਨਾਂ ‘ਚੋਂ ‘ਖੁਸ਼ੀ’ ਬੇ-ਸ਼ੁਕਰੇ
ਕੱਢ ਮਤਲਬ ਰੰਗ ਵਟਾ ਜਾਂਦੇ
ਖੁਸ਼ੀ ਮੁਹੰਮਦ ਚੱਠਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly