ਕਵਿਤਾ

(ਸਮਾਜ ਵੀਕਲੀ)

ਬੂਟੇ ਲਾਏ ਜੋ ਮੁਹੱਬਤਾਂ ਦੇ ਸੋਹਣਿਆ
ਵੇ ਦੇਖੀਂ ਕਿਤੇ ਸੁੱਕ ਜਾਣ ਨਾ
ਤੇਰੇ ਆਉਂਣ ਦੀ ਉਡੀਕ ਵਿੱਚ ਸੱਜਣਾ
ਵੇ ਸਾਂਹ ਹੀ ਕਿਤੇ ਮੁੱਕ ਜਾਣ ਨਾਂਂ।

ਦਿਨ ਲੰਘਦਾ ਏ ਚੰਨਾ ਰੋ ਰੋ ਕੇ
ਵੇ ਖਿਆਲਾਂ ਵਿੱਚ ਰਾਤ ਲੰਘਦੀ
ਰੂਹ ਤਰਸੇ ਵੇ ਨਿੱਤ ਤੇਰੇ ਪਿਆਰ ਨੂੰ
ਨਜਰ ਤੇਰੀ ਦੀਦ ਮੰਗਦੀ।
ਮੇਰੇ ਪਿਆਰ ਦੀਆਂ ਤੰਦਾਂ ਜਿਉਂਣ ਜੋਗਿਆ
ਵਿਛੋੜੇ ਕਿਤੇ ਟੁੱਕ ਜਾਣ ਨਾ।
ਤੇਰੇ ਆਉਂਣ ਦੀ ਉਡੀਕ ਵਿੱਚ ਸੱਜਣਾ
ਵੇ ਸਾਂਹ ਹੀ ਕਿਤੇ ਮੁੱਕ ਜਾਣ ਨਾ।

ਤੈਨੂੰ ਰੱਖਿਆ ਏ ਸਾਂਹਾਂ ਚ ਵਸਾਕੇ
ਵੇ ਤੇਰਾ ਮੈਂ ਫਿਕਰ ਕਰਦੀ
ਜਦੋਂ ਸਹੇਲੀਆਂ ਚ ਚੱਲੇ ਗੱਲ ਪਿਆਰ ਦੀ
ਵੇ ਤੇਰਾ ਮੈਂ ਜਿਕਰ ਕਰਦੀ।
ਪੀਘਾਂ ਪਿਆਰ ਦੀਆਂ ਚੜੀਆਂ ਨੇ ਅੰਬਰੀਂ
ਵੇ ਦੇਖੀਂ ਕਿਤੇ ਟੁੱਟ ਜਾਣ ਨਾ
ਤੇਰੇ ਆਉਂਣ ਦੀ ਉਡੀਕ ਵਿੱਚ ਸੱਜਣਾ
ਵੇ ਸਾਂਹ ਹੀ ਕਿਤੇ ਮੁੱਕ ਜਾਣ ਨਾ।

ਰਾਹਾਂ ਤੇਰੀਆਂ ਮੈਂ ਨਿੱਤ ਰਹਾਂ ਤੱਕਦੀ
ਵੇ ਅਜੇ ਨਾਂ ਉਡੀਕਾਂ ਮੁੱਕੀਆਂ
ਸਾਡੇ ਯਾਦਾਂ ਵਾਲੇ ਕਾਫਲੇ ਨੂੰ ਸੱਜਣਾ
ਵੇ ਹੋਣਗੀਆਂ ਕਦੋਂ ਛੁੱਟੀਆਂ।
ਛੇਤੀ ਆਜਾ ਮੇਰੇ ਦਿਲਾਂ ਦਿਆ ਮਹਿਰਮਾਂ
ਅੱਖਾਂ ਦੇ ਹੰਝੂੰ ਸੁੱਕ ਜਾਣ ਨਾ
ਤੇਰੇ ਆਉਂਣ ਦੀ ਉਡੀਕ ਵਿੱਚ ਸੱਜਣਾ
ਵੇ ਸਾਂਹ ਹੀ ਕਿਤੇ ਮੁੱਕ ਜਾਣ ਨਾ।

ਦੇਕੇ ਚਾਰ ਕੂ ਲਾਂਵਾਂ ਮੇਰੇ ਹਾਣੀਆਂ
ਵੇ ਜੋੜ ਮੇਰਾ ਜੋੜ ਦੇਣਗੇ
ਜੱਟੀ ਹੀਰ ਵਾਂਗੂੰ ਖੇੜਿਆਂ ਦੇ ਪਿੰਡ
ਕਿਸੇ ਸੈਦੇ ਨਾਲ ਤੋਰ ਦੇਣਗੇ।
ਕਹੇ ਨਿਰਮਲ ਬਚਾ ਲੈ ਤੇਰੀ ਕੂੰਜ ਨੂੰ
ਵੇ ਖਾਬ ਕਿਤੇ ਲੁੱਟ ਜਾਣ ਨਾ
ਤੇਰੇ ਆਉਂਣ ਦੀ ਉਡੀਕ ਵਿੱਚ ਸੱਜਣਾ
ਵੇ ਸਾਂਹ ਹੀ ਕਿਤੇ ਮੁੱਕ ਜਾਣ ਨਾ।

ਨਿਰਮਲਾ ਗਰਗ

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਹਿੱਕਚੂ ਮਾਲਾ”
Next articleਨਾ ਲੜੀਏ ਕਦੇ