ਕਵਿਤਾ

(ਸਮਾਜ ਵੀਕਲੀ)

ਮੈਂ ਗ਼ਲਤੀ ਮੰਨ ਲਈ ਸਾਰੀ ਤਾਂ ਜਾ ਕੇ ਫ਼ੈਸਲਾ ਹੋਇਆ
ਬੜੀ ਹੀ ਦੇਰ ਮਗਰੋਂ ਨਾਲ਼ ਉਸ ਦੇ ਰਾਬਤਾ ਹੋਇਆ।

ਚਲਾਕੀ ਰੱਖ ਕੇ ਪਾਸੇ ਤੂੰ ਮੈਨੂੰ ਮਿਲ਼ਣ ਆਇਆ ਕਰ
ਬੜਾ ਔਖਾ ਨਿਭਾਉਣਾ ਉਸ ਲਈ ਇਹ ਜਾਬਤਾ ਹੋਇਆ।

ਸਿਲਾਈ ਸਿੱਖ ਲੈਂਦੇ ਸਭ…ਸਿਰੇ ਦਾ ਉਹ ਬਣੇ ਦਰਜ਼ੀ
ਸਦਾ ਸੰਜਮ ਜੋ ਰੱਖੇ ਕੋਲ਼ ਛਾਤੀ ਨਾਪਦਾ ਹੋਇਆ।

ਬੜਾ ਸੰਭਾਲ ਕੇ ਖ਼ੁਦ ਨੂੰ ਇਹ ਸਾਰੇ ਲੋਕ ਨੇ ਤੁਰਦੇ
ਘਰਾਂ ਦਾ ਅੱਜ ਕੱਲ੍ਹ ਆਂਗਨ ਬੜਾ ਹੀ ਤਿਲਕਣਾ ਹੋਇਆ।

ਦਗਾ ਦਿੱਤਾ ਸਫ਼ਾਈ ਨਾਲ਼ ਭੋਰਾ ਭਾਫ਼ ਨਾ ਨਿਕਲੀ
ਵਫ਼ਾ ਵੀ ਮੈਂ ਕਰੀ ਤੇ ਅੰਤ ਮੈਂ ਸਿੱਧ ਬੇਵਫ਼ਾ ਹੋਇਆ।

ਤੇਰਾ ਇਹ ਇਸ਼ਕ ਨੈਣਾਂ ਵਿੱਚ ਨੀਂਦਰ ਪੈਣ ਦਿੰਦਾ ਨਾ
ਮੈਂ ਸੁਪਨੇ ਦੇਖਦਾਂ ਤੇਰੇ ਦਿਨੇ ਹੀ ਜਾਗਦਾ ਹੋਇਆ।

ਨਹੀਂ ਇਹ ਜਾਣਦਾ ਜੋ ਗੱਲ ਹੁਣ ਉਹ ਆਪ ਹੈ ਕਿੱਥੇ
ਬੜਾ ਬੇਚੈਨ ਰਹਿੰਦਾ ਹੈ ਕਿ ਮੈਂ ਕਿਉਂ ਲਾਪਤਾ ਹੋਇਆ।

‘ਗੁਰਮ’ ਫੌਲਾਦ ਬਣ ਚੁੱਕਾ ਸਮੇਂ ਦੀ ਮਾਰ ਸਹਿ ਸਹਿ ਕੇ
ਤੁਸੀਂ ਲਹਿਜ਼ਾ ਬਦਲ ਲੈਣਾ ਜੇ ਉਸ ਨੂੰ ਤੋੜਨਾ ਹੋਇਆ।

ਜਗਜੀਤ ਗੁਰਮ

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਕਵਿਤਾ