(ਸਮਾਜ ਵੀਕਲੀ)
ਇਕ ਬੁਲਬੁਲ ਬੋਲੀ ਬਾਗ਼ ਚੋਂ
ਮਾਲੀ ਨੂੰ ਕਹੇ ਧਿਆਨ ਕਰ
ਪੈਰਾਂ ਹੇਠ ਕਲੀਆਂ ਮਸਲ ਕੇ
ਨਾ ਕਲੀਆਂ ਦਾ ਅਪਮਾਨ ਕਰ
ਅੱਖਾਂ ਦੀ ਲਾਲੀ ਦੱਸਦੀ
ਤੇਰੇ ਚ ਹਉਮੈ ਬੋਲਦੀ
ਝਾਤੀ ਦਿਲ ਅੰਦਰ ਮਾਰ ਕੇ
ਕਦੇ ਰੱਬ ਦਾ ਗੁਣਗਾਨ ਕਰ
ਜ੍ਹਿਨਾਂ ਦੇ ਪਰ ਤੂੰ ਕੱਟ ਤੇ
ਉਹਨਾਂ ਭਲਾ ਕੀ ਉੱਡਣਾ
ਗੁਲਾਮੀ ਦੀ ਚੋਗ ਖਿਲਾਰ ਕੇ
ਨਾ ਚੋਗੇ ਦਾ ਅਹਿਸਾਨ ਕਰ
ਜਿਹਨਾਂ ਦੇ ਪੁੱਤਰ ਅਰਥੀਆਂ ਤੇ
ਲਾ ਨਸ਼ਿਆ ਨੂੰ ਚੜ ਗਏ
ਉਹਨਾਂ ਦੇ ਸਾਹਵੇਂ ਹਾਕਮਾਂ
ਨਸ਼ਾ ਮੁਕਤ ਦੇ ਨ ਸਨਮਾਨ ਕਰ
ਤੂੰ ਦੇਸ਼ ਪਿਆਰਾ ਲੁੱਟ ਕੇ
ਹੁਣ ਸੱਚਾ ਨੇਤਾ ਬਣ ਗਿਆ
ਅਰਬਾਂ ਦੀ ਲੁੱਟ ਜੇ ਕਰ ਰਿਹਾ
ਨਾ ਸੈਂਕੜੇ ਦਾ ਦਾਨ ਕਰ
ਹੁਣ ਤਾਕਤ ਤੇਰੇ ਹੱਥ ਜੇ
ਓਹ ਵਰਤ ਸੱਚ ਲਈ ਹਾਕਮਾਂ
ਬਣ ਜ਼ੋਰਾਵਰ ਨ ਜ਼ਾਲਮਾਂ
ਪਾਪਾਂ ਦੇ ਨਾ ਐਲਾਨ ਕਰ
ਸ਼ਹੀਦਾਂ ਦੇ ਸੁੱਚੇ ਥਾਨ ਤੇ
ਕਿਉ ਫੁੱਲ ਚੜਾਵਣ ਆ ਗਿਆ
ਇਹ ਪਾਪੀ ਹੱਥਾਂ ਨਾਲ ਤੂੰ
ਗੰਦੇ ਨਾ ਐਵੇਂ ਥਾਨ ਕਰ
ਘਰ ਮਾਪੇ ਜੇਕਰ ਭੁੱਖ ਨਾਲ
ਤੇਰੇ ਸਤਾਏ ਵਿਲਕ ਰਹੇ
ਜਾ ਧਰਮ ਸਥਾਨ ਤੇ ਕਾਫਰਾ
ਦਿਖਾਵੇ ਦਾ ਨਾ ਦਾਨ ਕਰ
ਸ਼ੇਰਗਿੱਲ ਤੇਰੀ ਕਲਮ ਜੇ
ਹੁਣ ਸੱਚ ਲਿਖਣ ਤੋਂ ਡਰ ਰਹੀ
ਫਿਰ ਲਿਖਣਾ ਤੂੰ ਹੁਣ ਛੱਡ ਦੇ
ਨਾ ਕਲਮਾਂ ਦਾ ਅਪਮਾਨ ਕਰ
ਗੁਰਵਿੰਦਰ ਸਿੰਘ ਸ਼ੇਰਗਿੱਲ
ਲੁਧਿਆਣਾ
ਮੋਬਾਈਲ 9872878501