(ਸਮਾਜ ਵੀਕਲੀ)
ਜਦ ਤਸਵੀਰਾਂ ਸਾਹਵੇਂ ਹੋ ਹੋ ਬੋਲਦੀਆਂ।
ਬੰਦੇ ਦੇ ਅੰਦਰਲਾ ਅਕਸ ਫਰੋਲਦੀਆਂ।
ਗਰਮੀਂ, ਸਰਦੀ, ਅੰਦਰ,ਬਾਹਰ ਇੱਕੋ ਹੈ,
ਸਮਝਣ ਜਿਹੜੀਆਂ ਰੂਹਾਂ ਉਹ ਨਹੀਂ ਡੋਲਦੀਆਂ।
ਅੰਤਿਮ ਸਾਹ ਤੱਕ ਬਣਨ ਸਹਾਰਾ ਮਾਂ ਪਿਉ ਦਾ,
ਧੀਆਂ ਕਦੀ ਨਾ ਇੱਜ਼ਤ ਪੈਰੀਂ ਰੋਲਦੀਆਂ।
ਜਿੱਦਾਂ ਦੀ ਵੀ ਹਾਂ ਉਹ ਗਲ ਨਾਲ ਲਾ ਲੈਂਦੈ,
ਕੀ ਕੀ ਸਿਫ਼ਤਾਂ ਦੱਸਾਂ ਸਹੀਓ ਢੋਲ ਦੀਆਂ।
ਤਾਹੀਂ ਨੈਣਾਂ ਚੋਂ ਨਫ਼ਰਤ ਦੀ ਝਲਕ ਪਵੇ,
ਕਿੰਨਾ ਕਿੰਨਾ ਵਿਸ਼ ਇਹ ਰਹਿੰਦੀਆਂ ਘੋਲਦੀਆਂ।
ਕੰਨਾ ਦੇ ਵਿਚ ਹਾਕਮ ਫੈਹਾ ਧਰ ਲੈਂਦਾ,
ਗੱਲਾਂ ਜਦ ਵੀ ਚੱਲਣ ਉਹਦੀ ਪੋਲ ਦੀਆਂ।
ਠੱਗਾਠੋਰੀ ਐਨੀ ਜ਼ਿਆਦਾ ਵੱਧ ਗੲੀ ਐ,
ਕਲਮਾਂ ਵੀ ਨਾ ਹੁਣ ਤੇ ਪੂਰਾ ਤੋਲ ਦੀਆਂ।
ਤੇਰਾਂ ਤੇਰਾਂ ਤੋਲਣ ਵਾਲੇ ਬਾਬੇ ਨੂੰ,
ਅਜਕਲ ਵੀ ਨੇ ਨਜ਼ਰਾਂ ਚਾਹਿਲ ਟੋਲਦੀਆਂ।
ਰਾਜਿੰਦਰ ਸਿੰਘ ਚਾਹਿਲ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly