(ਸਮਾਜ ਵੀਕਲੀ)
ਕਿਤੇ ਮੇਰੇ ਖਿਆਲ ਦੇ ਮੇਚ ਦੀਆਂ ਕਣੀਆਂ,
ਤੇਰੇ ਵੀ ਅੰਦਰ ਪੈਣ ਤਾਂ ਦੱਸੀਂ!
ਮੈ ਅਹੱਲਿਆ ਨਹੀਂ ਬਣਨਾ..
ਮੈਂ ਤਾਂ ਲੰਘ ਜਾਣਾ ਏ..
ਬ੍ਰਹਮ ਸ਼ਸ਼ਤਰ ਦੀ ਨੋਕ ਵਿੱਚੋਂ!
ਤੇ ਤੇਰੀ ਨਜ਼ਰਅੰਦਾਜੀ ਦਾ ਤੀਰ
ਤੈਨੂੰ ਹੀ ਜਾ ਲੱਗਣਾ ਐ!
ਉਰਵਸ਼ੀ ਦੀ ਝਾਂਜਰ ਦੀ ਛਣਕ
ਇੰਦਰ ਦਾ ਸਿੰਘਾਸਨ ਹਿਲਾ ਸਕਦੀ ਐ..
ਬੁੱਧ ਦਾ ਬੋਧੀਪੁਣਾ
ਨਹੀਂ ਛੇੜ ਸਕਦੀ!
ਉਹ ਜੰਗਲ਼ੀ ਭਿਖੂ
ਮੋਕਸ਼ ਤੋਂ ਬਿਨਾਂ
ਦੱਸ ਕੀ ਦੇ ਸਕਦਾ ਏ?
ਤੇਰੇ ਹੱਥ ਚ ਕਟੋਰਾ..
ਬੇਸ਼ਕ ਬਾਲਨਾਥ ਦਾ ਹੋਵੇ
ਚੂਰੀ ਤੂੰ ਮੇਰੀ ਹੀ ਖਾਵੇਂਗਾ!
ਇਸ਼ਕ ਦੇ ਜੋਗੀ ਦੀ ਗਜ਼ਾ
ਟਿਲਾ ਨਹੀਂ ਖੇੜੇ ਹੁੰਦੇ ਨੇ..
ਤਿਲਕੇ ਪੈਰ ਦਾ
ਤੇ ਉੱਜੜੇ ਆਸ਼ਕ ਦਾ
ਕੋਈ ਤਾਂ ਟਿਕਾਣਾ ਹੁੰਦਾ ਹੀ ਹੈ!
ਸੁੰਨੀਆਂ ਧਰਤੀਆਂ
ਸੁੰਨੀਆਂ ਹੀ ਠੀਕ ਨੇ!
ਸਾਡੇ ਭਿਖੂਆਂ ਦੇ
ਅਬਾਦੀਆਂ ਵਿਚ
ਜੀਅ ਨਹੀਂ ਲਗਦੇ..
ਜੰਗਲ਼ਾਂ ਦੇ ਚੰਨ
ਮਹਿਲਾਂ ਦੇ ਦਰਬਾਨਾ ਤੋਂ
ਡਰਦੇ ਹੀ ਰਹੇ ਨੇ..
ਬੀਆਬਾਨਾਂ ਨੂੰ ਭਾਗ
ਇਹਨਾਂ ਜੀਆਂ ਕਰਕੇ ਹੀ ਨੇ..
ਲੱਗੇ ਹੀ ਰਹਿਣ!
ਸਾਨੂੰ ਤਾਂ ਮਿਲੇ ਨੇ
ਭਟਕਣਾ ਦੇ ਵਰ..
ਅਸੀਂ ਕਿਤੇ ਨਹੀਂ ਠਹਿਰਨਾ!
ਤੇਰੇ ਉਲ਼ਝੇ ਹੋਏ ਰਾਹ ਦਾ
ਕੋਈ ਵੀ ਜੇ ਮੋੜ
ਮੇਰੇ ਵੱਲ ਨੂੰ ਮੁੜੇ ਤਾਂ ਦੱਸੀਂ!
ਅਸੀਂ ਚੱਲੇ ਹੋਏ ਤੀਰ
ਅਸੀਂ ਰੁਲ਼ੇ ਹੋਏ ਗੀਤ
ਅਸੀਂ ਲੰਘੇ ਹੋਏ ਨੀਰ
ਦੱਸ ਕਿੱਥੇ ਸਾਡਾ ਮੇਚ?
ਦੱਸ ਕਿੱਥੇ ਸਾਡੇ ਮੇਲ?
ਰਿੱਤੂ ਵਾਸੂਦੇਵ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly