(ਸਮਾਜ ਵੀਕਲੀ)
‘ਮਲੇਰੀਆ’ ਫੈਲਾਉਂਦੀ ਏ ਧਾਰਮਿਕ ਕੱਟੜਤਾ
ਮਨੁੱਖਤਾ ਨੂੰ ਮਰਵਾਉਂਦੀ ਏ ਧਾਰਮਿਕ ਕੱਟੜਤਾ!
ਇੱਕੋ ਘੜੇ ‘ਚੋਂ ਜਦ ਕੋਈ ਬੱਚਾ ਪਾਣੀ ਪੀ ਲੈਂਦਾ,
ਉਸ ਨੂੰ ਮਾਰ ਮੁਕਾਉਂਦੀ ਏ ਧਾਰਮਿਕ ਕੱਟੜਤਾ।
ਗੁਰ-ਉਪਦੇਸ਼ ਭੁਲਾਉਂਦੀ ਏ ਧਾਰਮਿਕ ਕੱਟੜਤਾ,
ਫੋਕੀ ਧੌਂਸ ਜਮਾਉਂਦੀ ਏ ਧਾਰਮਿਕ ਕੱਟੜਤਾ।
ਬਾਈਕਾਟ ਦੇ ਫ਼ਤਵੇ ਜਾਰੀ ਕਰਨ ਸਪੀਕਰਾਂ ਤੋਂ,
ਮਾਤੜਾਂ ਤਾਈਂ ਦਬਾਉਂਦੀ ਏ ਧਾਰਮਿਕ ਕੱਟੜਤਾ।
ਖ਼ੁਦ ਨੂੰ ‘ਉੱਚ’ ਕਹਾਉਂਦੀ ਏ ਧਾਰਮਿਕ ਕੱਟੜਤਾ,
ਛੂਆ-ਛੂਤ ਵਧਾਉਂਦੀ ਏ ਧਾਰਮਿਕ ਕੱਟੜਤਾ!
ਮਾਨਸ ਸਾਰੇ ਇੱਕ ਬਰਾਬਰ ਸਾਜੇ ਕੁਦਰਤ ਨੇ,
ਇਹ ਗੱਲ ਮਨੋਂ ਭੁਲਾਉਂਦੀ ਏ ਧਾਰਮਿਕ ਕੱਟੜਤਾ
“ਬੇਦੀ” ਪਾਪ ਕਮਾਉਂਦੀ ਏ ਧਾਰਮਿਕ ਕੱਟੜਤਾ
ਅਕਸਰ ਰੱਤ ਵਹਾਉਂਦੀ ਏ ਧਾਰਮਿਕ ਕੱਟੜਤਾ।
ਮੀਰਪੁਰੀ ਤੂੰ ਸੱਚ ਲਿਖਣ ਤੋਂ ਪਹਿਲਾਂ ਸੋਚ ਲਈਂ,
ਸੱਚ ਨੂੰ ਸਜ਼ਾ ਸੁਣਾਉਂਦੀ ਏ ਧਾਰਮਿਕ ਕੱਟੜਤਾ!
ਬੇਦੀ ਮੀਰ ਪੂਰੀ