(ਸਮਾਜ ਵੀਕਲੀ)
ਮੁਕਤ ਮਨ ਨਾਲ
ਜਾਂਦਾ ਹੈ ਬੰਦਾ
ਨਿੱਜ ਘਰ
ਫ਼ਿਕਰਾਂ ਦੀ ਪੰਡ
ਜੋ ਉਹ
ਹਰਦਮ
ਚੁੱਕੀ ਫਿਰਦਾ ਹੈ
ਨਾਲ ਨਹੀਂ ਜਾਂਦੀ
ਦੁਸ਼ਮਣੀਆਂ ਯਾਰੀਆਂ
ਸ਼ੁਹਰਤਾਂ ਬਦਨਾਮੀਆਂ
ਇੱਥੇ ਹੀ ਰਹਿ ਜਾਂਦੀਆਂ ਨੇ
ਵਹਿਮ
ਜੋ ਉਹ ਪਾਲੀ ਰਖਦਾ ਹੈ
ਤਾਉਮਰ
ਮੁੱਕ ਜਾਂਦੇ ਨੇ
ਕੌਣ ਯਾਦ ਰੱਖਦਾ ਹੈ
ਬੀਤ ਚੁੱਕੇ ਬੰਦੇ ਨੂੰ
ਭੁਲਦਾ ਭੁਲਦਾ
ਉਹ ਵੀ ਭੁੱਲ ਜਾਂਦਾ ਹੈ
ਖੇਡ ਖ਼ਤਮ ਨਹੀਂ ਹੁੰਦੀ
ਬੰਦਾ ਈ ਆਊਟ ਹੋ ਜਾਂਦਾ ਹੈ
ਐਵੇਂ ਕਹਿਣ ਦੀਆਂ ਗੱਲਾਂ ਨੇ
ਕਿ ਖਾਲੀ ਥਾਂ ਨਹੀਂ ਭਰਦੀ
ਤੁਰੰਤ ਭਰਦੀ ਹੈ
ਅਤੇ ਬਹੁਤ ਵਾਰ
ਬਿਹਤਰ ਭਰਦੀ ਹੈ
ਜਗਮੋਹਨ ਸਿੰਘ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly