(ਸਮਾਜ ਵੀਕਲੀ)
ਓ!ਰੱਬਾ ਵਿਛੜੇ ਮਿਲਾ ਦੇ ਇੱਕ ਵਾਰੀ
ਤੇ ਫੇਰ ਭਾਵੇ ਜਿੰਦ ਕੱਢ ਲਈ
ਹਾਏ!ਪਾਵਾ ਵਾਸਤੇ ਮੈਂ ਤੈਨੂੰ ਦੁਖਿਆਰੀ
ਕਿ ਫੇਰ ਭਾਵੇ ਜਿੰਦ ਕੱਢ ਲਈ
ਓ! ਰੱਬਾ ਵਿੱਛੜੇ————————–!
ਮਿਲਿਆਂ ਯਾਰਾਂ ਨੂੰ ਕਈ ਮੁੱਦਤਾਂ ਹੀ ਬੀਤੀਆਂ
ਬੈਠ ਕੇ ਨਾ ਗੱਲਾਂ ਮੁੜ ਪਿਆਰ ਦੀਆਂ ਕੀਤੀਆਂ
ਧੁਖੇ ਸੀਨੇ ਵਿੱਚ ਯਾਦਾਂ ਦੀ ਚਿੰਗਾਰੀ
ਕਿ ਫੇਰ ਭਾਵੇ ਜਿੰਦ ਕੱਢ ਲਈ
ਓ!ਰੱਬਾ ਵਿੱਛੜੇ————————–!
ਹੌਂਕੇ ਲੈ-ਲੈ ਰੋਂਦੀ ਕੋਈ ਜਿੰਦ ਨੂੰ ਵਰਾਵੇ ਨਾ
ਤੱਕੜੀ ਦੇ ਦਿਲ ਦਾ ਕੋਈ ਦਰਦ ਵੰਡਾਵੇ ਨਾ
ਬੈਠੀ ਖੋਹਲ ਕੇ ਮੈਂ ਯਾਦਾਂ ਦੀ ਪਟਾਰੀ
ਕਿ ਫੇਰ ਭਾਵੇ ਜਿੰਦ ਕੱਢ ਲਈ
ਓ!ਰੱਬਾ ਵਿੱਛੜੇ ——————————–!
ਖੁਸ਼ੀਆਂ ਤੇ ਚਾਅ ਮੇਰੇ ਦਿਲ ਵਿੱਚ ਰਹਿ ਗਏ
ਦਿਲੀ ਅਰਮਾਨ ਸਾਰੇ ਹੰਝੂਆਂ ‘ਚ ਵਹਿ ਗਏ
ਲਾਵਾ ਗਮਾਂ ਦੇ ਸਮੁੰਦਰਾਂ ‘ਚ ਤਾਰੀ
ਕਿ ਫੇਰ ਭਾਵੇ ਜਿੰਦ ਕੱਢ ਲਈ
ਓ!ਰੱਬਾ ਵਿੱਛੜੇ ——————————-!
ਤਲ਼ੀਆਂ ਤੇ ਲਾਵਾ ਦੱਸ ਕਿੰਝ ਮਹਿੰਦੀ ਰੱਤੜੀ
ਹਿਜਰਾਂ ਦੀ ਜੂਨ ਭੋਗੇ ਜਿੰਦ ਮੈਂਡੀ ਤੱਤੜੀ
ਪਈਆਂ ਦਿਲ ਨੂੰ ਮੁਸੀਬਤਾਂ ਨੇ ਭਾਰੀ
ਕਿ ਫੇਰ ਭਾਵੇ ਜਿੰਦ ਕੱਢ ਲਈ
ਓ!ਰੱਬਾ ਵਿੱਛੜੇ ——————————-!
ਝੋਲ਼ੀ ਅੱਡ ਰਹਿਮਤਾਂ ਦੀ ਖੈਰ ਤੈਥੋਂ ਮੰਗਦੀ
ਹੋਊਗੀ ਨਸੀਬ ਕਦੋਂ ਘੜੀ ਉਹਦੇ ਸੰਗ ਦੀ
ਜਾਂਦੀ ਬਿਰਹੋਂ ਦੀ ਪੀੜ ਨਾਲ ਸਹਾਰੀ
ਕਿ ਫੇਰ ਭਾਵੇ ਜਿੰਦ ਕੱਢ ਲਈ
ਓ! ਰੱਬਾ ਵਿੱਛੜੇ ——————————!
ਖੌਰੇ ਕਦੋਂ ‘ਮਾਨੂੰਪੁਰੀ’ ਨਾਲ ਹੋਣੇ ਮੇਲ਼ ਵੇ
ਇਸ਼ਕ ਨਿਮਾਣਾ ਤੇ ਮੁਕੱਦਰਾਂ ਦਾ ਖੇਲ਼ ਵੇ
‘ਬਿੱਟੂ’ ਉਮਰ ਹੀ ਬੀਤਜੇ ਨਾ ਸਾਰੀ
ਕਿ ਫੇਰ ਭਾਵੇ ਜਿੰਦ ਕੱਢ ਲਈ
ਓ! ਰੱਬਾ ਵਿੱਛੜੇ —————————-!
ਬਿੱਟੂ ਮਾਨੂੰਪੁਰੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly