(ਸਮਾਜ ਵੀਕਲੀ)
ਹਰ ਇਨਸਾਨ ਵਿਚ ਕਲਾਕਾਰ ਪ੍ਰਵਿਰਤੀ ਹੁੰਦੀ ਹੈ। ਉਸ ਪ੍ਰਵਿਰਤੀ ਅਨੁਸਾਰ ਹੀ ਉਹ ਆਪਣਾ ਜੀਵਨ ਬਸਰ ਕਰਦਾ ਹੈ। ਆਮ ਤੌਰ ਤੇ ਇੱਕ ਵਿਅਕਤੀ ਵਿਚ ਇੱਕ ਹੀ ਵਿਸ਼ੇਸ਼ ਗੁਣ ਹੁੰਦਾ ਹੈ, ਜਿਹੜਾ ਉਸਦੇ ਵਿਅਕਤਵ ਨੂੰ ਨਿਖ਼ਾਰਦਾ ਹੁੰਦਾ ਹੈ ਪ੍ਰੰਤੂ ਰਮਨਦੀਪ ਕੌਰ ਮਾਨ ਬਹੁਪੱਖੀ ਕਲਾਕਾਰ ਹੈ ।ਉਹ ਇੱਕ ਵਧੀਆ ਕਵਿੱਤਰੀ ਹੋਣ ਦੇ ਨਾਲ ਨਾਲ ਰੇਡੀਓ ਸਟੇਸ਼ਨ ਉਪਰ ਵੀ ਕਈ ਪ੍ਰੋਗਰਾਮ ਪੇਸ਼ ਕਰ ਚੁੱਕੀ ਹੈ।
ਰੇਡੀਓ ਸਟੇਸ਼ਨ ਉਪਰ ਪ੍ਰੋਗਰਾਮ ਪੇਸ਼ ਕਰਨ ਵੇਲੇ ਉਸ ਦੀ ਸ਼ਬਦਾਬਲੀ ਵਿਚ ਇਤਨੀ ਮਿਠਾਸ ਸ਼ਾਮਲ ਹੁੰਦੀ ਹੈ, ਇਉਂ ਲੱਗ ਰਿਹਾ ਹੁੰਦਾ ਹੈ ਕਿ ਵਾਤਾਵਰਣ ਵਿਚ ਸੁਗੰਧੀ ਭਰ ਗਈ ਹੈ, ਜਿਸ ਨਾਲ ਮਾਹੌਲ ਸਿਰਜਕ ਅਤੇ ਸੁਹਾਵਣਾ ਬਣ ਜਾਂਦਾ ਹੈ ।
ਕਵਿਤਰੀ ਹੋਣ ਕਰਕੇ ਉਸਦੀ ਸ਼ਬਦਾਵਲੀ ਸਾਹਿਤਕ ਰੰਗ ਵਿਚ ਰੰਗੀ ਹੁੰਦੀ ਹੈ, ਜੋ ਸਰੋਤਿਆਂ ਦੇ ਦਿਲਾਂ ਨੂੰ ਟੁੰਬਦੀ ਹੋਈ ਭਾਵਨਾਵਾਂ ਦੇ ਵਹਿਣ ਵਿਚ ਪਹੁੰਚਣ ਲਈ ਮਜ਼ਬੂਰ ਕਰ ਦਿੰਦੀ ਹੈ। ਰਾਜਨਦੀਪ ਕੌਰ ਮਾਨ ਅਜੇ ਤੱਕ ਬੇਸ਼ੱਕ ਮੌਲਿਕ ਪੁਸਤਕ ਦਾ ਉਪਰਾਲਾ ਤਾਂ ਭਾਂਵੇਂ ਨਹੀਂ ਕਰ ਸਕੀ, ਪਰ ਫਿਰ ਵੀ ਉਸ ਦਾ ਨਾਓਂ ਪੰਜਾਬੀ ਸਾਹਿਤ ਦੀ ਸਿਰਜਣਾ ਕਰਨ ਵਾਲੀਆਂ ਮਿਆਰੀ ਕਲਮਾਂ ਵਿਚ ਸ਼ੁਮਾਰ ਹੈ।
ਜਿਲਾ ਫਰੀਦਕੋਟ ਦੇ ਪਿੰਡ ਮਚਾਕੀ ਮੱਲ ਸਿੰਘ ਵਿਖੇ ਸ੍ਰੀਮਤੀ ਗੁਰਮੇਲ ਕੌਰ (ਮਾਤਾ) ਦੀ ਪਾਕਿ ਕੁੱਖੋਂ ਸ੍ਰ ਗੁਰਦੌਰ ਸਿੰਘ ਸੇਖੋਂ (ਪਿਤਾ) ਦੇ ਗ੍ਰਹਿ ਨੂੰ ਰੁਸ਼ਨਾਉਣ ਵਾਲੀ ਰਾਜਨਦੀਪ ਦੱਸਦੀ ਹੈ ਕਿ ਉਸ ਦੇ ਪਾਪਾ ਨੇ ਰੂਸ ਤੋਂ ਟਰੈਕਟਰ ਮੰਗਵਾਇਆ ਸੀ ਤਾਂ ਰੂਸ ਦੀਆਂ ਸਾਹਿਤਕ ਕਿਤਾਬਾਂ ਜੋ ਕਿ ਪੰਜਾਬੀ ਰੂਪਾਂਤਰਿਤ ਸਨ, ਵੀ ਓਹਨਾ ਨੇ ਤੋਹਫੇ ਵਜੋਂ ਨਾਲ ਭੇਜੀਆਂ ਸਨ, ਜਿਨਾਂ ਨੂੰ ਕਿ ਛੋਟੇ ਹੁੰਦਿਆਂ ਉਸਨੇ ਵੀ ਪੜਿਆ। ਫਿਰ ਸ਼ਿਵ ਕੁਮਾਰ ਬਟਾਲਵੀ ਜੀ ਦੀਆਂ ਕਵਿਤਾਵਾਂ ਉਸਨੂੰ ਪੜਨ ਨੂੰ ਮਿਲੀਆ, ਜਿਹੜੀਆਂ ਕਿ ਉਸਦੇ ਮਨ ਤੇ ਹੀ ਉਕਰ ਗਈਆਂ।
ਸਕੂਲ ਸਮੇਂ ਦੀ ਲਿਖੀ ਕਵਿਤਾ, ‘ਰੱਬਾ ਮੈਂ ਜੁਗਨੂੰ ਹੋ ਜਾਵਾਂ’ ਜੋ ਪੰਜਾਬ ਸਕੂਲ ਸਿੱਖਿਆ ਬੋਰਡ, ਮੁਹਾਲੀ ਦੇ ਮੈਗਜੀਨ, ‘ਪ੍ਰਾਇਮਰੀ ਸਿੱਖਿਆ’ ਵਿੱਚ ਪ੍ਰਕਾਸ਼ਿਤ ਹੋਈ, ਤੋਂ ਬਾਅਦ ਉਸ ਦਾ ਲਿਖਿਆ ਕਾਲਜ ਵਿਚ ਹਰ ਸਾਲ ਕੁਝ ਨਾ ਕੁਝ ਛਪਦਾ ਹੀ ਰਿਹਾ। ਬਿ੍ਰਜਿੰਦਰਾ ਕਾਲਜ ਫਰੀਦਕੋਟ ਵਿਚ ਪੜਾਈ ਦੌਰਾਨ ਕਾਲਜ ਵੱਲੋਂ ਉਸਨੂੰ, ‘‘ਅੱਛਾ ਸੰਪਾਦਿਕ” ਦਾ ਸਨਮਾਨ ਸਰਟੀਫਿਕੇਟ ਵੀ ਮਿਲਿਆ। ਫਰੀਦਕੋਟ ਵਿੱਚ ਸਾਹਿਤਕ ਮਾਸਿਕ ਮੈਗਜੀਨ, ‘ਸੁਜਾਤਾ’ ਵਿੱਚ ਵੀ ਉਸ ਦੀਆਂ ਕਵਿਤਾਵਾਂ ਛਪੀਆਂ।
ਫਿਰ ਵਿਆਹ ਤੋਂ ਬਾਅਦ ਕੁਝ ਸਾਲ ਜਿੰਮੇਵਾਰੀਆਂ ਦੇ ਕਾਰਣ ਉਹ ਕੁਝ ਲਿਖ ਨਾ ਸਕੀ। ਪਰ, ਹੁਣ ਫਿਰ ਜਦ ਤੋਂ ਉਸਨੇ ਸਰਗਰਮ ਹੋ ਕੇ ਲਿਖਣਾ ਸ਼ੁਰੂ ਕੀਤਾ ਹੈ ਤਾਂ ਦੇਸ਼-ਵਿਦੇਸ਼ ਦੇ ਲਗਭਗ ਹਰ ਪੰਜਾਬੀ ਅਖਬਾਰ ਵਿਚ ਛਪਣ ਦਾ ਸੁਪਨਾ ਪੂਰਾ ਕੀਤਾ ਹੈ, ਉਸ ਨੇ। ਜਿਨਾਂ ਵਿਚ ਪੰਜਾਬੀ ਟਿ੍ਰਬਿਊਨ, ਨਵਾਂ ਜਮਾਨਾ, ਅੱਜ ਦੀ ਅਵਾਜ਼, ਸਪੋਕਸਮੈਨ, ਵਿਰਾਸਤ, ਜਾਗਰਣ, ਸਾਂਝ, ਪਹਿਰੇਦਾਰ, ਦਾ ਟਾਈਮਜ਼ ਆਫ ਪੰਜਾਬ, ਲੋਕ ਭਲਾਈ ਦਾ ਸੁਨੇਹਾ, ਦੁਆਬਾ ਐਕਸਪ੍ਰੈਸ, ਸੂਰਜ, ਕੌਮੀ ਪੱਤਿ੍ਰਕਾ, ਸੂਰਜ ਮੇਲ, ਦੇਸ ਪ੍ਰਦੇਸ, ਮਹਾ ਪੰਜਾਬ, ਸੱਚ ਦੀ ਪਟਾਰੀ, ਪੰਜਾਬ ਟਾਈਮਜ, ਪੰਜਾਬ ਨੈੱਟਵਰਕ, ਸਾਡੇ ਲੋਕ (ਯੂ. ਐਸ. ਏ.), ਕਾਵਿ ਸਾਂਝਾਂ, ਸੰਗਰਾਮੀ ਲਹਿਰ, ਵੰਗਾਰ, ਕਾਫਲਾ, ਪੰਜਾਬ ਹੈਰੀਟੇਜ ਕੈਨੇਡਾ, ਦਾ ਪੰਜਾਬ ਟਾਈਮਜ (ਯੂ. ਕੇ.), ਪੰਜਾਬੀ ਪੱਤਿ੍ਰਕਾ, ਪੰਜਾਬ ਮੇਲ (ਯੂ. ਐਸ. ਏ.), ਪੰਜਾਬੀ ਇੰਨ ਹਾਲੈਂਡ, ਪੰਜਾਬੀ ਸਕਰੀਨ, ਹਰਫ਼ਨਾਮਾ, ਪੰਜਾਬ ਗਾਰਡੀਅਨ, ਦਾ ਇੰਡੋ ਅਮੈਰਕਿਨ ਟਾਈਮਜ (ਯੂ. ਐਸ. ਏ.), ਦਾ ਹਮਦਰਦ, ਅਜੀਤ ਵੀਕਲੀ, ਪੰਜਾਬੀ ਇੰਨ ਨਿਊਜ਼ੀਲੈਂਡ, ਸਕਾਈ ਹਾਕ ਟਾਈਮਜ, ਲਿਸ਼ਕਾਰਾ ਟਾਈਮਜ, ਵਰਲਡ ਪੰਜਾਬੀ ਟਾਈਮਜ ਵੈਨਕੂਵਰ, ਦਾ ਕੈਨੇਡੀਅਨ ਪੰਜਾਬ ਟਾਈਮਜ, ਦਾ ਰਾਵੀ, ਜੁਝਾਰ ਟਾਈਮਜ, ਸੁਖਨ ਸਾਂਝ ਹਰਿਆਣਾ ਤੇ ਮੁਕਦਸ ਮਰਕਜ (ਪਾਕਿਸਤਾਨ) ਆਦਿ ਸਮੇਤ ਅਖਬਾਰਾਂ ਤੇ ਮੈਗਜ਼ੀਨਾਂ ਦੀ ਇਕ ਲੰਬੀ ਲਿਸਟ ਹੈ।
ਮਾਨ ਨੇ ਹਰ ਵਿਸ਼ੇ ਉਪਰ ਸਰਾਹੁਣ ਯੋਗ ਕਲਮ- ਅਜਮਾਈ ਕੀਤੀ ਹੈ, ਜਿਨਾਂ ਵਿਚ ਉਸ ਦੀ ਕਿਸਾਨ ਅੰਦੋਲਨ ਦੇ ਹੱਕ ਵਿਚ ਲਿਖੀ ਕਵੀਸ਼ਰੀ ਨੇ ਤਾਂ ਹੋਰ ਵੀ ਧੁੰਮਾਂ ਪਾ ਕੇ ਰੱਖ ਦਿੱਤੀਆਂ ਹਨ। ਲਿਖਣ ਤੋਂ ਇਲਾਵਾ ਇਸ ਮੁਟਿਆਰ ਨੂੰ ਗਿੱਧੇ -ਭੰਗੜੇ ਦਾ ਵੀ ਬਹੁਤ ਸ਼ੌਂਕ ਹੈ। ਇੱਥੇ ਹੀ ਬਸ ਨਹੀ, ਪੰਜਾਬੀ ਸੱਭਿਆਚਾਰ ਦੀ ਸੇਵਾ ਲਈ ਰੇਡੀਓ ਸਟੇਸ਼ਨ ਤੋਂ ਵੀ ਉਹ ਪੰਜਾਬੀ ਸੱਭਿਆਚਾਰ ਬਾਰੇ ਪ੍ਰੋਗਰਾਮ ਅਕਸਰ ਪੇਸ਼ ਕਰਦੀ ਹੀ ਰਹਿੰਦੀ ਹੈ। ਪੰਜਾਬੀ ਬੋਲੀ ਦੀ ਵੱਧ ਤੋਂ ਵੱਧ ਸੇਵਾ ਕਰਨ ਦਾ ਜਨੂੰਨ ਪਾਲ ਰਹੀ ਮਾਨ ਦੀਆਂ ਜਿੱਥੇ ਕਈ ਸਾਂਝੀਆਂ ਪ੍ਰਕਾਸ਼ਨਾਵਾਂ ਵਿਚ ਰਚਨਾਵਾਂ ਛਪਣ ਵਾਲੀਆਂ ਹਨ, ਉਥੇ ਉਹ ਆਪਣਾ ਖੁਦ ਦਾ ਮੌਲਿਕ ਸੰਗ੍ਰਹਿ ਛਪਵਾਉਣ ਦੀ ਵੀ ਹੁਣ ਤਿਆਰੀ ਵਿਚ ਹੈ। ਪ੍ਰਿਤਿਲਿਪੀ ਐਪ ਤੇ ਵੀ ਉਸਦੀਆਂ ਰਚਨਾਵਾਂ ਨੇ ਖੂਬ ਵਾਹ ਵਾਹ ਖੱਟੀ ਹੈ। ਉਸਦੀਆਂ ਕੁੱਝ ਰਚਨਾਵਾਂ ……
ਸੁੱਚਾ ਅਹਿਸਾਸ
ਸੁੱਚਾ ਅਹਿਸਾਸ ਮੁਹੱਬਤ ਦਾ,
ਮੇਰੀ ਰੂਹ ਨੂੰ ਛੋਹ ਕੇ ਗੁਜ਼ਰ ਗਿਆ।
ਰੇਸ਼ਮ ਜਿਹਾ ਸੋਹਲ ਬਦਨ ਮੇਰਾ,
ਪੱਤੀਆਂ ਦੇ ਵਾਂਗੂ ਬਿਖਰ ਗਿਆ।
ਇਹ ਚੰਨ ਦੀਆਂ ਚਾਨਣੀਆਂ ਰਿਸ਼ਮਾਂ,
ਕਿਤੇ ਮਹਿਕ ਇਤਰ ਦੀ ਘੁਲ ਜਾਂਦੀ।
ਤੇਰੇ ਬਾਰੇ ਜਦ ਵੀ ਸੋਚ ਲਵਾਂ,
ਰੂਹ ਮੇਰੀ ਮਹਿਕਣ ਲੱਗ ਜਾਂਦੀ।
ਤੂੰ ਮੇਰੇ ਕਰਕੇ ਨਾ ਆਇਆ,
ਇਹ ਦਰਦ ਜਿਹਾ ਦਿਲ ਨੂੰ ਡੱਸ ਦਾ।
ਜਦ ਵੀ ਕਿਧਰੇ ਅੱਖ ਲੱਗ ਜਾਂਦੀ,
ਮੁੱਖ ਸੋਹਣਾ ਸੁਪਨੇ ਵਿਚ ਹਸਦਾ।
ਰਾਜਨਦੀਪ ਕੌਰ ਮਾਨ
ਤੇਰੀ ਮਹਿਕ
ਇਹਨਾਂ ਵਗਦੀਆਂ ਸ਼ੋਖ ਹਵਾਵਾਂ ਵਿਚ,
ਤੇਰੀ ਮਹਿਕ ਜਿਹੀ ਵੀ ਆਉਂਦੀ ਏ।
ਝੱਟ ਬਾਹਾਂ ਖੂਬ ਖਿਲਾਰ ਮਿਲੇ,
ਲੱਗੇ ਸੀਨੇ ਦੇ ਨਾਲ ਲਾਉਂਦੀ ਏ।
ਜਦ ਵੀ ਛਤ ਉੱਤੇ ਚੜਦੀ ਹਾਂ,
ਕੋਈ ਸ਼ੋਖ ਜਿਹਾ ਬੁੱਲ੍ਹਾ ਆਵੇ।
ਮੈਨੂੰ ਜਾਪੇ ਓਹ ਪੈਗਾਮ ਤੇਰਾ,
ਮੇਰੇ ਕੰਨਾਂ ਤੱਕ ਪਹੁੰਚਾ ਜਾਵੇ।
ਭਿੰਨੀ ਭਿੰਨੀ ਜਿਹੀ ਖੁਸ਼ਬੂ ਆਵੇ,
ਮਨ ਮੰਦਿਰ ਨੂੰ ਮਹਿਕਾਉਂਦੀ ਏ।
ਅਕਸਰ ਜਦ ਪੌਣ ਰੁਮਕਦੀ ਏ,
ਤੇਰੀ ਮਹਿਕ ਜਿਹੀ ਵੀ ਆਉਂਦੀ ਏ।
ਰਮਨਦੀਪ ਕੌਰ ਮਾਨ ਦੀ ਪ੍ਰਤਿਭਾ ਇਸਤਰੀਆਂ ਦੀਆਂ ਸਮੱਸਿਆਵਾਂ ਨੂੰ ਭਾਂਪ ਕੇ ਉਨ੍ਹਾਂ ਦੇ ਦਿਲਾਂ ਦੀ ਹੂਕ ਬਣਕੇ ਸ਼ਬਦਾਂ ਦਾ ਅਜਿਹਾ ਮੀਂਹ ਵਰਸਾਉਂਦੀ ਹੈ ਕਿ ਇਸਤਰੀਆਂ ਰੋਣਹਾਕੀਆਂ ਹੋ ਜਾਂਦੀਆਂ ਹਨ ਕਿ ਕੋਈ ਤਾਂ ਉਨ੍ਹਾਂ ਦੇ ਦਰਦ ਨੂੰ ਸਮਝਣ ਦੀ ਸਮਰੱਥਾ ਰੱਖਦਾ ਹੈ। ਉਹ ਇਸਤਰੀਆਂ ਦੀਆਂ ਭਾਵਨਾਵਾਂ ਅਤੇ ਦਰਦ ਨੂੰ ਆਪਣੀਆਂ ਕਵਿਤਾਵਾਂ ਰਾਹੀਂ ਲੋਕਾਈ ਦਾ ਦਰਦ ਬਣਾਉਣ ਵਿਚ ਸਫਲ ਹੋਣ ਕਰਕੇ ਸਮਾਜਿਕ ਸਰੋਕਾਰਾਂ ਦੀ ਕਵਿਤਰੀ ਬਣ ਗਈ ਹੈ।
ਸਮੁੱਚੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਜੇਕਰ ਇਨਸਾਨ ਦਾ ਇਰਾਦਾ ਦ੍ਰਿੜ੍ਹ, ਲਗਨ ਮਿਹਨਤ, ਦਿਆਨਤਦਾਰੀ ਅਤੇ ਆਪਣੇ ਨਿਸ਼ਾਨੇ ਪ੍ਰਤੀ ਵਚਨਬੱਧਤਾ ਹੋਵੇ ਤਾਂ ਸਫ਼ਲਤਾ ਪ੍ਰਾਪਤ ਕਰਨ ਦੇ ਰਾਹ ਵਿਚ ਕੋਈ ਰੋੜਾ ਅਟਕ ਨਹੀਂ ਸਕਦਾ ।ਰਾਜਨਦੀਪ ਕੌਰ ਮਾਨ ਦਾ ਪੈਂਡਾ ਮੁਸ਼ਕਲ ਉੱਬੜ ਖੁੱਬੜ ਅਤੇ ਕੰਡਿਆਲਾ ਸੀ ਪ੍ਰੰਤੂ ਉਸ ਦੀ ਪ੍ਰਤੀਬੱਧਤਾ ਨੇ ਸਫਲਤਾ ਪ੍ਰਾਪਤ ਕਰਨ ਵਿੱਚ ਯੋਗਦਾਨ ਪਾਇਆ ਹੈ ਆਸ ਕਰਦੇ ਹਾਂ ਕਿ ਕਲਮੀ ਖੇਤਰ ਵਿਚ ਤੇਜ਼ੀ ਨਾਲ ਉੱਭਰਦੀ ਇਹ ਕਵਿੱਤਰੀ ਸਾਹਿਤ ਖੇਤਰ ਵਿੱਚ ਹੋਰ ਬੁਲੰਦੀਆਂ ਤੇ ਪਹੁੰਚੇਗਾ ।
ਰਮੇਸ਼ਵਰ ਸਿੰਘ ਪਟਿਆਲਾ
ਮੋ. 9914880392