ਕਲਗੀਧਰ ਦਸਮੇਸ਼ ਪਿਤਾ ਨੂੰ ਇੱਕ ਪੁਕਾਰ

(ਸਮਾਜ ਵੀਕਲੀ)

ਨੀਲੇ ਦਿਆ ਸ਼ਾਹ ਅਸਵਾਰਾ ਵੇ
ਕਿਤੋਂ ਆ ਜਾ ਮੋੜ ਮੁਹਾਰਾਂ ਵੇ
ਆਹ ਵੇਖ ਆ ਕੇ ਕੀ ਹਾਲ ਹੋ ਗਿਆ
ਤੇਰੀ ਬਖਸ਼ੀ ਸਿੱਖੀ ਦਾ……
ਜੋ ਲਈ ਖੰਡੇ ਦੀ ਧਾਰ ਤੇ ਸੀ
ਉਸ ਸਿੱਖੀ ਖੰਡਿਓਂ ਤਿੱਖੀ ਦਾ……

ਜਿਨ੍ਹਾਂ ਲਈ ਸੱਭ ਕੁੱਝ ਵਾਰ ਦਿੱਤਾ
ਉਹਨਾਂ ਕੌਮ ਦਾ ਕੀ ਸੰਵਾਰ ਦਿੱਤਾ
ਅੱਜ ਲੜਦੇ ਗੋਲਕ ਗੱਲ੍ਹਿਆਂ ਲਈ
ਸੱਭ ਗੁਰੂ ਘਰਾਂ ਵਿੱਚ ਡਿੱਠੀ ਦਾ……
ਜੋ ਲਈ ਖੰਡੇ ਦੀ ਧਾਰ ਤੇ ਸੀ
ਉਸ ਸਿੱਖੀ ਖੰਡਿਓਂ ਤਿੱਖੀ ਦਾ …….

ਕੁੱਝ ਬਣ ਗਏ ਚੇਲੇ ਸਾਧਾਂ ਦੇ
ਕੁੱਝ ਕਰਦੇ ਪਾਠ ਸ਼ਰਾਧਾਂ ਦੇ
ਕੁੱਝ ਵਹਿ ਗਏ ਵਿੱਚ ਸ਼ਰਾਬਾਂ ਦੇ
ਨਾ ਸਮਝਣ ਕੀ ਮੁੱਲ ਸਿੱਖੀ ਦਾ …..
ਜੋ ਲਈ ਖੰਡੇ ਦੀ ਧਾਰ ਤੇ ਸੀ
ਉਸ ਸਿੱਖੀ ਖੰਡਿਓਂ ਤਿੱਖੀ ਦਾ …….

ਸਿੱਖ ਧੜੇਬਾਜੀਆਂ ਬਣ ਗਈਆਂ
ਇੱਕ ਦੂਜੀ ਮੂਹਰੇ ਠਣ ਗਈਆਂ
ਆਪੋ ਵਿੱਚ ਤਲਵਾਰਾਂ ਤਣ ਗਈਆਂ
ਇਹ ਹਿਤ ਨਹੀਂ ਹੈ ਸਿੱਖੀ ਦਾ …….
ਜੋ ਲਈ ਖੰਡੇ ਦੀ ਧਾਰ ਤੇ ਸੀ
ਉਸ ਸਿੱਖੀ ਖੰਡਿਓਂ ਤਿੱਖੀ ਦਾ …….

ਮੁੱਲ ਦੇ ਅਖੰਡਪਾਠ ਕਰਾਉਂਦੇ ਨੇ
ਹਰ ਰਸਮ ਦੀ ਕੀਮਤ ਲਾਉਂਦੇ ਨੇ
ਗੁਰੂ ਤੋਂ ਵੱਧ ਸ਼ਰਧਾ ਪੈਸੇ ਦੀ
ਰਿਹਾ ਰੁੱਤਬਾ ਕੀ ਗੁਰਸਿੱਖੀ ਦਾ ……
ਜੋ ਲਈ ਖੰਡੇ ਦੀ ਧਾਰ ਤੇ ਸੀ
ਉਸ ਸਿੱਖੀ ਖੰਡਿਓਂ ਤਿੱਖੀ ਦਾ ……

ਇਥੇ ਹਰ ਕੋਈ ਭੁੱਖਾ ਚੌਧਰ ਦਾ
ਕੋਈ ਫਿਕਰ ਨਹੀਂ ਗੁਰੂ ਦੇ ਘਰ ਦਾ
ਚੌਧਰ ਲਈ ਪੱਗਾਂ ਲਾਹੁੰਦੇ ਨੇ
ਬੇਅਦਬ ਨੇ ਕਰਦੇ ਸਿੱਖੀ ਦਾ ……
ਜੋ ਲਈ ਖੰਡੇ ਦੀ ਧਾਰ ਤੇ ਸੀ
ਉਸ ਸਿੱਖੀ ਖੰਡਿਓਂ ਤਿੱਖੀ ਦਾ ……

“ਖੁਸ਼ੀ” ‘ਰਹਿਤ’ ਵੀ ਸੁੱਚੀ ਨਹੀਂ ਦਿਸਦੀ
‘ਮਨ ਨੀਵਾਂ ਮੱਤ ਉੱਚੀ’ ਨਹੀਂ ਦਿਸਦੀ
ਮੁਡ਼ ਬਾਜ਼ਾਂ ਵਾਲਿਆ ਪਾ ਫੇਰਾ
ਕਰ ਪਾਰ ਉਤਾਰਾ ਸਿੱਖੀ ਦਾ……
ਜੋ ਲਈ ਖੰਡੇ ਦੀ ਧਾਰ ਤੇ ਸੀ
ਉਸ ਸਿੱਖੀ ਖੰਡਿਓਂ ਤਿੱਖੀ ਦਾ ……

ਇੱਕ ਵਾਰੀ ਦਰਸ ਦਿਖਾ ਜਾ ਤੂੰ
ਸੁੱਤੀ ਹੋਈ ਕੌਮ ਜਗਾ ਜਾ ਤੂੰ
ਬਾਜ਼ਾਂ ਤੋਂ ਬਣ ਗਈਆਂ ਚਿੜੀਆਂ ਨੂੰ
ਚਿੜੀਆਂ ਤੋਂ ਬਾਜ਼ ਬਣਾ ਜਾ ਤੂੰ
ਮਰ ਚੁੱਕੀਆਂ ਹੋਈਆਂ ਜ਼ਮੀਰਾਂ ‘ਚ
ਇੱਕ ਸਵਾਸ ਫੂਕ ਜਾ ਸਿੱਖੀ ਦਾ……
ਜੋ ਲਈ ਖੰਡੇ ਦੀ ਧਾਰ ਤੇ ਸੀ
ਉਸ ਸਿੱਖੀ ਖੰਡਿਓਂ ਤਿੱਖੀ ਦਾ ……

ਖੁਸ਼ੀ ਮੁਹੰਮਦ “ਚੱਠਾ”

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਕਵਿਤਾ