ਬਠਿੰਡਾ- ਅੱਜ ਜ਼ਿਲ੍ਹੇ ਅੰਦਰ ਕਰਫ਼ਿਊ ਬਾਦਸਤੂਰ ਦੀ ਲੀਹ ’ਤੇ ਰਿਹਾ। ਕਰਫ਼ਿਊ ਉਲੰਘਣਾ ਦੀਆਂ ਕੋਸ਼ਿਸ਼ਾਂ ਘਟੀਆਂ ਅਤੇ ਇਸ ਦੇ ਨਾਲ ਹੀ ਪੁਲੀਸ ਕੁਟਾਪਾ ਵੀ ਮੱਠਾ ਹੋਇਆ। ਲੋਕਾਂ ਨੇ ਘਰਾਂ ’ਚੋਂ ਨਿੱਕਲਣ ਦੀ ਕੁਤਾਹੀ ਘੱਟ ਹੀ ਕੀਤੀ। ਸ਼ਹਿਰ ਦੀਆਂ ਸੜਕਾਂ ’ਤੇ ਦੂਰ-ਦੂਰ ਤੱਕ ਸਿਵਾਏ ਪੁਲੀਸ ਦੇ ਕਿਧਰੇ ਵੀ ਚਿੜੀ ਨਹੀਂ ਫੜਕੀ। ਅੱਜ ਪ੍ਰਸ਼ਾਸਨ ਨੇ ਘਰਾਂ ’ਚ ਦੜੇ ਲੋਕਾਂ ਲਈ ਰਸੋਈ ’ਚ ਰੋਜ਼ ਵਰਤੋਂ ਦੀਆਂ ਵਸਤਾਂ ਸਪਲਾਈ ਕੀਤੀਆਂ।
ਪਹਿਲੇ ਦੋ ਦਿਨਾਂ ਦੀ ਤੁਲਨਾ ’ਚ ਲੋਕਾਂ ਨੇ ਅੱਜ ਕਰਫ਼ਿਊ ਤੋੜਨ ਦੀ ਕਾਰਵਾਈਆਂ ਘੱਟ ਕੀਤੀਆਂ। ਮਜਬੂਰੀ ਵਾਚਣ ’ਤੇ ਪੁਲੀਸ ਨੇ ਉਨ੍ਹਾਂ ਨਾਲ ਉਹੋ ਜਿਹਾ ਵਰਤਾਓ ਕੀਤਾ। ਤਫ਼ਰੀ ਮਾਰਨ ਵਾਲਿਆਂ ਨੂੰ ਪੁਲੀਸ ਨੇ ‘ਧਰ’ ਲਿਆ ਜਦ ਕਿ ਬਾਕੀ ਸਮਝਾ-ਬੁਝਾ ਕੇ ਘਰੀਂ ਤੋਰ ਦਿੱਤੇ। ਫ਼ਲ, ਸਬਜ਼ੀ, ਦੁੱਧ ਅਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਅੱਜ ਘਰਾਂ ਤੇ ਗਲੀਆਂ ’ਚ ਜਾ ਕੇ ਵੇਚੀਆਂ ਗਈਆਂ। ਖ਼ਰੀਦਦਾਰਾਂ ਨੇ ਇਕ ਦੂਜੇ ਤੋਂ ਡੇਢ ਤੋਂ ਦੋ ਗਜ਼ ਦੀ ਵਿੱਥ ਨਾਲ ਕਤਾਰ ਬਣਾ ਕੇ ਵਸਤਾਂ ਖ਼ਰੀਦੀਆਂ। ਪ੍ਰਸ਼ਾਸਨ ਦਾ ਦਾਅਵਾ ਹੈ ਕਿ ਵਸਤਾਂ ਦੀ ਸਪਲਾਈ ਯੋਗ ਕੀਮਤ ’ਤੇ ਹੋਈ ਜਦ ਕਿ ਲੋਕਾਂ ਨੇ ਗ਼ੈਰ-ਮਿਆਰੀ ਅਤੇ ਮਹਿੰਗੇ ਹੋਣ ਦੀ ਗੱਲ ਕਹੀ। ਆਬਾਦੀਆਂ ਨੇੜਲੇ ਆਰ.ਓ ’ਜ਼ ਤੋਂ ਲੋਕ ਪਾਣੀ ਦੀਆਂ ਕੇਨੀਆਂ ਭਰਵਾ ਕੇ ਘਰੀਂ ਲੈ ਗਏ। ਦਿਹਾੜੀਦਾਰ ਗਰੀਬ ਪਰਿਵਾਰਾਂ ਦੀ ਵੱਡੀ ਤ੍ਰਾਸਦੀ ਇਹ ਹੈ ਕਿ ਸਰਕਾਰ ਵੱਲੋਂ ਅਜੇ ਕੋਈ ਵਿੱਤੀ ਮਦਦ ਨਹੀਂ ਆਈ। ਖੀਸੇ ਖਾਲੀ ਹੋਣ ਕਾਰਣ ਮੁੱਲ ਉਹ ਕੁਝ ਖ਼ਰੀਦਣ ਦੇ ਸਮਰੱਥ ਨਹੀਂ। ਉਨ੍ਹਾਂ ਸਰਕਾਰ ਨੂੰ ਮਦਦ ਦੀ ਬੇਨਤੀ ਕੀਤੀ ਹੈ।
ਸਖ਼ਤੀ ਦੇ ਪ੍ਰਛਾਵੇਂ ਹੇਠ ਚੱਲਦੇ ਕਰਫ਼ਿਊ ਦੌਰਾਨ ਅੱਜ ਪੁਲੀਸ ਵੱਲੋਂ ਸ਼ਹਿਰ ਅੰਦਰ ਮਾਰਚ ਕੀਤਾ ਗਿਆ। ਐਸਐਸਪੀ ਡਾ. ਨਾਨਕ ਸਿੰਘ ਅਤੇ ਡਿਪਟੀ ਕਮਿਸ਼ਨਰ ਬੀ. ਸ੍ਰੀਨਿਵਾਸਨ ਵੀ ਮਾਰਚ ’ਚ ਸ਼ਾਮਲ ਹੋਏ। ਅਧਿਕਾਰੀਆਂ ਵੱਲੋਂ ਲੋਕਾਂ ਨੂੰ ਘਰਾਂ ’ਚ ਰਹਿਣ ਦੀ ਅਪੀਲ ਅਤੇ ਪ੍ਰਸ਼ਾਸਨ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਗਿਆ।
INDIA ਕਰਫ਼ਿਊ ਟਰੈਕ ’ਤੇ, ਜ਼ਿੰਦਗੀ ਲੀਹੋਂ ਲੱਥੀ